ਚੰਡੀਗੜ੍ਹ— ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਭਾਜਪਾ ਦੀ ਪਹਿਲੀ ਕਾਰਜਕਾਰਨੀ ਮੀਟਿੰਗ ਅੱਜ ਚੰਡੀਗੜ੍ਹ ਦਫਤਰ ਵਿਖੇ ਹੋਈ। ਇਸ ‘ਚ ਚੋਣਾਂ ਸਬੰਧੀ ਚਰਚਾ ਸ਼ੁਰੂ ਹੋਣ ਦੇ ਨਾਲ ਹੀ ਆਮ ਆਦਮੀ ਪਾਰਟੀ ਵਲੋਂ ਚੋਣ ਕਮਿਸ਼ਨ ਅਤੇ ਈ.ਵੀ.ਐਮ. ਮਸ਼ੀਨਾਂ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ‘ਤੇ ਹਮਲਾ ਬੋਲਿਆ। ਪੰਜਾਬ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਆਪ ਪਾਰਟੀ ਦੇ ਆਗੂ ਆਪਣੀ ਹਾਰ ਨੂੰ ਦੇਖਦੇ ਹੋਏ ਇਸ ਤਰ੍ਹਾਂ ਦੀ ਬਿਆਨਬਾਜ਼ੀ ਅਤੇ ਚੋਣ ਕਮਿਸ਼ਨ ‘ਤੇ ਸਵਾਲ ਚੁੱਕ ਰਹੇ ਹਨ।
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਾਰੀਆਂ ਰਾਜਨੀਤਕ ਪਾਰਟੀਆਂ ਆਪਣੀ ਕਾਰਜਪ੍ਰਣਾਲੀ ਅਤੇ ਚੋਣਾਂ ਦਰਮਿਆਨ ਰਹੀ ਆਪਣੀ ਕਾਰਜਸ਼ੈਲੀ ‘ਤੇ ਚਰਚਾ ‘ਚ ਜੁਟੇ ਹੋਏ ਹਨ। ਪੰਜਾਬ ਭਾਜਪਾ ਨੇ ਚੋਣਾਂ ਤੋਂ ਬਾਅਦ ਵੀਰਵਾਰ ਨੂੰ ਆਪਣੀ ਪਹਿਲੀ ਮੀਟਿੰਗ ਚੰਡੀਗੜ੍ਹ ‘ਚ ਬੁਲਾਈ, ਜਿਸ ‘ਚ ਮੁੱਖ ਤੌਰ ‘ਤੇ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਮੁੱਖ ਤੌਰ ‘ਤੇ ਸ਼ਾਮਲ ਹੋਏ।
ਦੂਜੇ ਪਾਸੇ ਪੰਜਾਬ ਚੋਣਾਂ ਤੋਂ ਬਾਅਦ ਈ. ਵੀ. ਐਮ. ਮਸ਼ੀਨਾਂ ਨੂੰ ਲੈ ਕੇ ਆਪ ਲਗਾਤਾਰ ਸੁਰੱਖਿਆ ਅਤੇ ਸਟ੍ਰਾਂਗ ਰੂਮ ਨੂੰ ਲੈ ਕੇ ਅਵਿਵਸਥਾ ਦੇ ਚਲਦੇ ਹਾਈ ਕੋਰਟ ਵੀ ਪਹੁੰਚ ਚੁੱਕੀ ਹੈ। ਉਥੇ ਹੀ ਦੋ ਪੱਖੀ ਪਾਰਟੀਆਂ ਇਸ ਮੁੱਦੇ ‘ਤੇ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਦੇ ਸਵਾਲਾਂ ‘ਚ ਘੇਰ ਰਹੇ ਹਨ। ਸਾਂਪਲਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਆਪ ਸਵਾਲ ਚੁੱਕ ਰਹੀ ਹੈ ਉਸ ‘ਚ ਉਨ੍ਹਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਜਿਸ ਦੇ ਚਲਦੇ ਹੁਣ ਚੋਣ ਕਮਿਸ਼ਨ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।















