ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮਾਂ ਬਾਰੇ ਆਈ ਵੱਡੀ ਅਪਡੇਟ, BBBM ਨੇ ਦੱਸੇ ਤਾਜ਼ਾ ਹਾਲਾਤ

ਚੰਡੀਗੜ੍ਹ : ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮਾਂ ’ਚ ਪਾਣੀ ਦਾ ਪੱਧਰ ਇਸ ਵੇਲੇ ਆਮ ਬਣਿਆ ਹੋਇਆ ਹੈ। ਪਹਾੜੀ ਇਲਾਕਿਆਂ ’ਚ ਪੈ ਰਹੇ ਮੀਂਹ ਕਾਰਨ ਇਨ੍ਹਾਂ ਡੈਮਾਂ ’ਚ ਪਾਣੀ ਦੀ ਆਮਦ ਲਗਾਤਾਰ ਜਾਰੀ ਹੈ ਪਰ ਸਬੰਧਿਤ ਪ੍ਰਬੰਧਕੀ ਏਜੰਸੀਆਂ ਪਾਣੀ ਦੇ ਪੱਧਰ ’ਤੇ ਲਗਾਤਾਰ ਨਿਗਰਾਨੀ ਰੱਖਦਿਆਂ ਮੁਸਤੈਦੀ ਨਾਲ ਪਾਣੀ ਦੀ ਨਿਕਾਸੀ ਕਰ ਰਹੀਆਂ ਹਨ। ਅਧਿਕਾਰੀਆਂ ਅਨੁਸਾਰ ਫ਼ਿਲਹਾਲ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਹੀਂ ਹੈ, ਹਾਲਾਂਕਿ ਮੌਸਮ ’ਚ ਹੋਣ ਵਾਲੇ ਬਦਲਾਵਾਂ ਨੂੰ ਦੇਖਦਿਆਂ 24 ਘੰਟੇ ਨਿਗਰਾਨੀ ਜਾਰੀ ਹੈ।
ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਮੁਤਾਬਕ ਭਾਖੜਾ ਡੈਮ ਦਾ ਜਲ ਪੱਧਰ 1606.59 ਫੁੱਟ ਦਰਜ ਕੀਤਾ ਗਿਆ ਹੈ, ਜਦੋਂ ਕਿ ਇਸ ਦਾ ਪੂਰਾ ਪੱਧਰ 1680 ਫੁੱਟ ਹੈ। ਡੈਮ ’ਚ ਪਾਣੀ ਦੀ ਆਮਦ ਲਗਭਗ 49,217 ਕਿਊਸਿਕ ਅਤੇ ਨਿਕਾਸੀ ਕਰੀਬ 24,011 ਕਿਊਸਿਕ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਪੌਂਗ ਡੈਮ ਦਾ ਜਲ ਪੱਧਰ 1344.40 ਤੋਂ 1344.44 ਫੁੱਟ ਦੇ ਵਿਚਕਾਰ ਦਰਜ ਕੀਤਾ ਗਿਆ, ਜਦਕਿ ਇਸ ਦਾ ਪੂਰਾ ਪੱਧਰ 1400 ਫੁੱਟ ਹੈ।
ਡੈਮ ’ਚ ਪਾਣੀ ਦੀ ਆਮਦ 28,206 ਤੋਂ 48,779 ਕਿਊਸਿਕ ਦੇ ਵਿਚਕਾਰ ਦਰਜ ਕੀਤੀ ਗਈ ਹੈ। ਉੱਥੇ ਹੀ ਰਣਜੀਤ ਸਾਗਰ ਡੈਮ ਦਾ ਜਲ ਪੱਧਰ ਲੱਗਭਗ 524.5 ਮੀਟਰ ਦਰਜ ਕੀਤਾ ਗਿਆ ਹੈ ਜਦਕਿ ਇਸ ਦੀ ਕੁੱਲ ਸਮਰੱਥਾ 530 ਮੀਟਰ ਤੱਕ ਹੈ। ਬੀ. ਬੀ. ਐੱਮ. ਬੀ. ਦੇ ਅਧਿਕਾਰੀਆਂ ਦਾ ਕਹਿਣਾ ਹੈ ਇਸ ਸਾਲ ਤਿੰਨੋਂ ਮੁੱਖ ਦਰਿਆਵਾਂ ਦੇ ਕਿਨਾਰਿਆਂ ’ਤੇ ਵਿਸ਼ੇਸ਼ ਅਲਾਰਮ ਸਿਸਟਮ ਵੀ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ’ਚ ਦਰਿਆ ਕੰਢੇ ਵਸਦੇ ਲੋਕਾਂ ਨੂੰ ਸਮੇਂ ਸਿਰ ਚੌਕਸ ਕੀਤਾ ਜਾ ਸਕੇ।