ਅਹਿਮਦਨਗਰ- ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ‘ਚ ਮੰਗਲਵਾਰ ਦੇਰ ਰਾਤ ਰਾਜ ਟਰਾਂਸਪੋਰਟ ਦੀ ਇਕ ਬੱਸ ਨੇ ਇਕ ਟਰੈਕਟਰ ਅਤੇ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਾਦਸਾ ਦੇਰ ਰਾਤ ਕਰੀਬ ਢਾਈ ਵਜੇ ਪਾਰਨੇਰ ਤਹਿਸੀਲ ‘ਚ ਅਹਿਮਦਨਗਰ-ਕਲਿਆਣ ਰੋਡ ‘ਤੇ ਧਵਲੀਪੁਰੀ ਫਾਟਾ ਕੋਲ ਵਾਪਰਿਆ।
ਉਨ੍ਹਾਂ ਦੱਸਿਆ ਕਿ ਗੰਨਾ ਲਿਜਾ ਰਿਹਾ ਇਕ ਟਰੈਕਟਰ ਪਲਟ ਗਿਆ ਸੀ ਅਤੇ ਉਸ ਤੋਂ ਗੰਨੇ ਉਤਾਰਨ ਲਈ ਦੂਜਾ ਟਰੈਕਟਰ ਲਿਆਂਦਾ ਗਿਆ। ਪਾਰਨੇਰ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਕ ਕਾਰ ਦਾ ਡਰਾਈਵਰ ਵੀ ਵਾਹਨ ਰੋਕ ਕੇ ਸਾਮਾਨ ਉਤਾਰਨ ਦੇ ਕੰਮ ‘ਚ ਲੋਕਾਂ ਦੀ ਮਦਦ ਕਰ ਰਿਹਾ ਸੀ। ਅਧਿਕਾਰੀ ਨੇ ਕਿਹਾ,”ਇਸੇ ਦੌਰਾਨ ਜਿਵੇਂ ਹੀ ਟਰੈਕਟਰ ਸੜਕ ‘ਤੇ ਮੁੜਿਆ, ਉੱਥੇ ਉਲਟ ਦਿਸ਼ਾ ਤੋਂ ਆ ਰਹੀ ਰਾਜ ਟਰਾਂਸਪੋਰਟ ਦੀ ਇਕ ਬੱਸ ਨੇ ਟਰੈਕਟਰ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ ਕੁਝ ਮਜ਼ਦੂਰਾਂ ਸਮੇਤ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।” ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।















