ਬੱਚਿਆਂ ਲਈ ਅੰਮ੍ਰਿਤ ਹੈ ਮਾਂ ਦਾ ਦੁੱਧ

ਮਾਂ ਦਾ ਦੁੱਧ ਨਵ-ਜਨਮੇ ਬੱਚਿਆਂ ਲਈ ਸਭ ਤੋਂ ਉੱਤਮ ਤੇ ਸੰਪੂਰਨ ਅਹਾਰ ਹੋਣ ਦੇ ਨਾਲ-ਨਾਲ ਅੰਮ੍ਰਿਤ ਸਮਾਨ ਹੁੰਦਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਿਆਂ ਹੋਇਆਂ ਵੀ ਅਜੋਕੇ ਯੁੱਗ ਵਿੱਚ ਅਨੇਕਾਂ ਔਰਤਾਂ ਆਧੁਨਿਕ ਬਣਨ ਤੇ ਸੋਹਣਾ ਦਿਖਣ ਦੇ ਚੱਕਰ ਵਿੱਚ ਆਪਣੇ ਨਵ-ਜਨਮੇ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਦੀ ਬਜਾਏ ਫ਼ੀਡਰ ਨਾਲ ਦੁੱਧ ਪਿਆ ਕੇ ਨਾ ਸਿਰਫ਼ ਉਨ੍ਹਾਂ ਦੇ ਜੀਵਨ ਤੇ ਸਿਹਤ ਨਾਲ ਖਿਲਵਾੜ ਕਰਦੀਆਂ ਹਨ, ਸਗੋਂ ਮਮਤਾ ਦਾ ਵੀ ਅਪਮਾਨ ਕਰ ਰਹੀਆਂ ਹਨ। ਬੱਚਿਆਂ ਨੂੰ ਜਨਮ ਦੇਣ ਤੋਂ ਬਿਨਾਂ ਜਿਸ ਤਰ੍ਹਾਂ ਔਰਤ ਅਧੂਰੀ ਹੈ, ਉਸੇ ਤਰ੍ਹਾਂ ਸੰਤਾਨ ਨੂੰ ਆਪਣਾ ਦੁੱਧ ਪਿਲਾਉਣ ਤੋਂ ਬਿਨਾਂ ਮਾਂ ਵੀ ਅਧੂਰੀ ਹੁੰਦੀ ਹੈ। ਫ਼ੀਡਰ ਵਲ ਵੱਧਦਾ ਰੁਝਾਨ ਤੇ ਆਪਣਾ ਦੁੱਧ ਪਿਲਾਉਣ ਦੀ ਪ੍ਰਵਿਰਤੀ ਵਿੱਚ ਲਗਾਤਾਰ ਗਿਰਾਵਟ ਚਿੰਤਾ ਦਾ ਵਿਸ਼ਾ ਹੈ। ਬ੍ਰੈਸਟ ਫ਼ੀਡਿੰਗ ਕਰਵਾਉਣ ਸੰਬੰਧੀ ਔਰਤਾਂ ਵਿੱਚ ਜਾਗਰੂਕਤਾ ਲਿਆਉਣ ਲਈ ਹਰ ਸਾਲ 1 ਤੋਂ 7 ਅਗਸਤ ਤੱਕ ਪੂਰੇ ਵਿਸ਼ਵ ਵਿੱਚ ਬ੍ਰੈਸਟ ਫ਼ੀਡਿੰਗ ਹਫ਼ਤਾ ਮਨਾਇਆ ਜਾਂਦਾ ਹੈ ਤਾਂ ਜੋ ਔਰਤਾਂ ਨੂੰ ਦੱਸਿਆ ਜਾਵੇ ਕਿ ਮਾਂ ਦਾ ਦੁੱਧ ਬੱਚਿਆਂ ਨੂੰ ਕੁਪੋਸ਼ਣ ਤੇ ਡਾਇਰੀਆ ਜਿਹੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦਾ ਹੈ। ਨਾਲ ਹੀ ਇਸ ਨਾਲ ਬਾਲ ਮੌਤ ਦਰ ਵਿੱਚ ਕਮੀ ਆਉਂਦੀ ਹੈ। ਬ੍ਰੈਸਟ ਫ਼ੀਡਿੰਗ ਸੰਬੰਧੀ ਮਾਹਿਰ ਡਾਕਟਰਾਂ ਦਾ ਕੀ ਕਹਿਣਾ ਹੈ, ਆਓ ਜਾਣੀਏ-
ਡਾ. ਰਿਤੂ ਜੇ. ਨੰਦਾ ਗਾਇਨੀ ਐਂਡ ਫ਼ਰਟੀਲਿਟੀ ਸੈਂਟਰ ਦੀ ਪ੍ਰਮੁੱਖ ਇਸਤਰੀ ਰੋਗ ਤੇ ਬਾਂਝਪਨ ਦੇ ਇਲਾਜ ਦੀ ਮਾਹਿਰ ਡਾ. ਰਿਤੂ ਨੰਦਾ ਦਾ ਕਹਿਣਾ ਹੈ ਕਿ ਜਣੇਪੇ ਤੋਂ ਤੁਰੰਤ ਬਾਅਦ ਜੋ ਔਰਤਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣਾ ਸ਼ੁਰੂ ਕਰ ਦਿੰਦੀਆਂ ਹਨ, ਉਨ੍ਹਾਂ ਨੂੰ ਬੱਚੇਦਾਨੀ ਤੇ ਬ੍ਰੈਸਟ ਕੈਂਸਰ ਹੋਣ ਦਾ ਖਤਰਾ ਬਹੁਤ ਘੱਟ ਜਾਂਦਾ ਹੈ। ਜਣੇਪੇ ਤੋਂ ਬਾਅਦ 2-3 ਦਿਨ ਤੱਕ ਔਰਤਾਂ ਦੀਆਂ ਛਾਤੀਆਂ ਵਿੱਚੋਂ ਨਿਕਲਣ ਵਾਲਾ ਗਾੜਾ ਪੀਲਾ ਦੁੱਧ (ਕੋਲੋਸਟ੍ਰਮ) ਨਵ-ਜਨਮੇ ਬੱਚਿਆਂ ਲਈ ਬਹੁਤ ਹੀ ਲਾਭਦਾਇੱਕ ਹੁੰਦਾ ਹੈ।
ਕਪੂਰ ਬੋਨ ਐਂਡ ਚਿਲਡਰਨ ਹਸਪਤਾਲ ਦੀ ਬਾਲ ਰੋਗ ਮਾਹਿਰ ਡਾ. ਪੂਜਾ ਕਪੂਰ ਦਾ ਕਹਿਣਾ ਹੈ ਕਿ ਜਨਮ ਤੋਂ 6 ਮਹੀਨਿਆਂ ਤੱਕ ਬੱਚਿਆਂ ਲਈ ਮਾਂ ਦਾ ਦੁੱਧ ਹੀ ਕਾਫ਼ੀ ਹੁੰਦਾ ਹੈ, ਇਸ ਲਈ ਉਸ ਵਕਫ਼ੇ ਤੱਕ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਮਾਂ ਦੇ ਦੁੱਧ ਵਿੱਚ ਪ੍ਰੋਟੀਨ ਦੇ ਐਂਟੀਬਾਇਓਟਿਕ ਹੁੰਦੇ ਹਨ, ਜੋ ਬੱਚਿਆਂ ਨੂੰ ਇਨਫ਼ੈਕਸ਼ਨ ਨਾਲ ਲੜਨ ਵਿੱਚ ਸਮਰੱਥ ਬਣਾਉਂਦੇ ਹਨ ਤੇ ਉਸ ਦੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ।
ਬਰੀਨਾ ਸਕਿਨ ਕੇਅਰ ਦੀ ਪ੍ਰਮੁੱਖ ਸਕਿਨ ਸਪੈਸ਼ਲਿਸਟ ਡਾ. ਬਰੀਨਾ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਦੁੱਧ ਪਿਲਾਉਣ ਨਾਲ ਔਰਤਾਂ ਦੀ਀ਿ ਫ਼ਗਰ ਵਿੱਚ ਕੋਈ ਫ਼ਰਕ ਨਹੀਂ ਪੈਂਦਾ, ਇਸ ਲਈ ਬੱਚਿਆਂ ਨੂੰ ਆਪਣਾ ਦੁੱਧ ਜ਼ਰੂਰ ਪਿਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬ੍ਰੈਸਟ ਫ਼ੀਡਿੰਗ ਕਰਵਾਉਂਦੇ ਸਮੇਂ ਕੁਝ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ। ਬ੍ਰੈਸਟ ਫ਼ੀਡਿੰਗ ਕਰਵਾਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਛਾਤੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ ਤਾਂ ਜੋ ਇਨਫ਼ੈਕਸ਼ਨ ਹੋਣ ਦਾ ਖਤਰਾ ਨਾ ਰਹੇ।
ਆਪਣਾ ਦੁੱਧ ਪਿਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਬੱਚਿਆਂ ਨੂੰ ਦੁੱਧ ਹਮੇਸ਼ਾ ਬੈਠ ਕੇ ਪਿਲਾਉਣਾ ਚਾਹੀਦਾ ਹੈ।
2. ਬੱਚਿਆਂ ਨੂੰ ਆਪਣਾ ਦੁੱਧ ਹਮੇਸ਼ਾ ਇੱਕਾਂਤ ਵਿੱਚ ਬੈਠ ਕੇ ਪਿਲਾਉਣਾ
ਚਾਹੀਦਾ ਹੈ।
3. ਦੁੱਧ ਪਿਲਾਉਂਦੇ ਸਮੇਂ ਮਨ ਵਿੱਚ ਧਾਰਮਿਕ ਤੇ ਚੰਗੇ ਖਿਆਲ ਲਿਆਉਣੇ ਚਾਹੀਦੇ ਹਨ।
4. ਬ੍ਰੈਸਟ ਫ਼ੀਡਿੰਗ ਵਾਰੀ-ਵਾਰ ਦੋਵਾਂ ਛਾਤੀਆਂ ਤੋਂ ਕਰਵਾਉਣੀ ਚਾਹੀਦੀ ਹੈ।
5. ਦੁੱਧ ਪਿਲਾਉਂਦੇ ਸਮੇਂ ਬੱਚੇ ਦਾ ਨੱਕ ਛਾਤੀ ਦੇ ਨਾਲ ਨਹੀਂ ਲੱਗਣਾ ਚਾਹੀਦਾ।
6. ਦੁੱਧ ਪਿਲਾਉਣ ਤੋਂ ਬਾਅਦ ਬੱਚੇ ਨੂੰ ਛਾਤੀ ਨਾਲ ਲਾ ਕੇ ਡਕਾਰ ਜ਼ਰੂਰ ਮਰਵਾਓ।
7. ਦੁੱਧ ਪਿਲਾਉਣ ਤੋਂ ਬਾਅਦ ਛਾਤੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।