ਬੰਗਲਾਦੇਸ਼ ‘ਚ ਆਮ ਚੋਣਾਂ ਲਈ ਵੋਟਿੰਗ ਜਾਰੀ, ਵਿਰੋਧੀ ਸਿਆਸੀ ਪਾਰਟੀਆਂ ਨੇ ਚੋਣਾਂ ਦਾ ਕੀਤਾ ਬਾਈਕਾਟ

ਢਾਕਾ – ਬੰਗਲਾਦੇਸ਼ ਵਿਚ ਆਮ ਚੋਣਾਂ ਲਈ ਐਤਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸੱਤਾ ਵਿੱਚ ਵਾਪਸੀ ਲਗਭਗ ਤੈਅ ਹੈ ਕਿਉਂਕਿ ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਨੇ ਚੋਣਾਂ ਦਾ ਬਾਈਕਾਟ ਕੀਤਾ ਹੈ।
ਵੋਟਿੰਗ ਸਥਾਨਕ ਸਮੇਂ ਅਨੁਸਾਰ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਦੇਸ਼ ਦੇ ਚੋਣ ਕਮਿਸ਼ਨ ਮੁਤਾਬਕ ਐਤਵਾਰ ਨੂੰ 42,000 ਤੋਂ ਵੱਧ ਪੋਲਿੰਗ ਸਟੇਸ਼ਨਾਂ ‘ਤੇ ਹੋਣ ਵਾਲੀ ਵੋਟਿੰਗ ‘ਚ ਕੁੱਲ 11.96 ਕਰੋੜ ਰਜਿਸਟਰਡ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। 300 ਹਲਕਿਆਂ ‘ਚੋਂ 299 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇੱਕ ਉਮੀਦਵਾਰ ਦੀ ਮੌਤ ਹੋਣ ਕਾਰਨ ਇੱਕ ਸੀਟ ਲਈ ਵੋਟਿੰਗ ਬਾਅਦ ਵਿੱਚ ਕਰਵਾਈ ਜਾਵੇਗੀ। 27 ਸਿਆਸੀ ਪਾਰਟੀਆਂ ਦੇ 1500 ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ ਅਤੇ ਇਨ੍ਹਾਂ ਤੋਂ ਇਲਾਵਾ 436 ਆਜ਼ਾਦ ਉਮੀਦਵਾਰ ਵੀ ਹਨ।
100 ਤੋਂ ਵੱਧ ਵਿਦੇਸ਼ੀ ਆਬਜ਼ਰਵਰ ਚੋਣਾਂ ਦੀ ਕਰਨਗੇ ਨਿਗਰਾਨੀ
ਭਾਰਤ ਦੇ ਤਿੰਨ ਆਬਜ਼ਰਵਰਾਂ ਸਮੇਤ 100 ਤੋਂ ਵੱਧ ਵਿਦੇਸ਼ੀ ਆਬਜ਼ਰਵਰ 12ਵੀਆਂ ਆਮ ਚੋਣਾਂ ਦੀ ਨਿਗਰਾਨੀ ਕਰਨਗੇ। ਇਹ ਚੋਣ ਸਖ਼ਤ ਸੁਰੱਖਿਆ ਵਿਚਕਾਰ ਕਰਵਾਈ ਜਾ ਰਹੀ ਹੈ। ਵੋਟਿੰਗ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਸੁਰੱਖਿਆ ਬਲਾਂ ਦੇ 75 ਲੱਖ ਤੋਂ ਵੱਧ ਮੈਂਬਰ ਤਾਇਨਾਤ ਕੀਤੇ ਗਏ ਹਨ। ਚੋਣ ਕਮਿਸ਼ਨ ਨੇ ਕਿਹਾ ਕਿ 8 ਜਨਵਰੀ ਦੀ ਸਵੇਰ ਤੋਂ ਨਤੀਜੇ ਆਉਣ ਦੀ ਉਮੀਦ ਹੈ।
ਪ੍ਰਧਾਨ ਮੰਤਰੀ ਹਸੀਨਾ ਨੇ ਪਾਈ ਵੋਟ
ਪ੍ਰਧਾਨ ਮੰਤਰੀ ਹਸੀਨਾ ਨੇ ਸਥਾਨਕ ਸਮੇਂ ਅਨੁਸਾਰ 8:03 ਵਜੇ ਢਾਕਾ ਸਿਟੀ ਕਾਲਜ ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਪਾਈ। ਇਸ ਦੌਰਾਨ ਉਨ੍ਹਾਂ ਦੀ ਬੇਟੀ ਸਾਇਮਾ ਵਾਜਿਦ ਵੀ ਉਨ੍ਹਾਂ ਦੇ ਨਾਲ ਸੀ। ਹਸੀਨਾ (76) 2009 ਤੋਂ ਸੱਤਾ ਵਿੱਚ ਹੈ ਅਤੇ ਉਸਦੀ ਪਾਰਟੀ ਅਵਾਮੀ ਲੀਗ ਨੇ ਦਸੰਬਰ 2018 ਵਿੱਚ ਪਿਛਲੀਆਂ ਚੋਣਾਂ ਵੀ ਜਿੱਤੀਆਂ ਸਨ। ਬੀਐਨਪੀ ਨੇ 2014 ਦੀਆਂ ਚੋਣਾਂ ਦਾ ਬਾਈਕਾਟ ਕੀਤਾ ਸੀ ਪਰ 2018 ਦੀਆਂ ਚੋਣਾਂ ਵਿੱਚ ਹਿੱਸਾ ਲਿਆ ਸੀ। ਪ੍ਰਧਾਨ ਮੰਤਰੀ ਹਸੀਨਾ ਦੀ ਸੱਤਾਧਾਰੀ ਅਵਾਮੀ ਲੀਗ ਨੂੰ ਲਗਾਤਾਰ ਚੌਥੀ ਵਾਰ ਜਿੱਤ ਦੀ ਉਮੀਦ ਹੈ ਕਿਉਂਕਿ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ (78) ਦੀ ਪਾਰਟੀ ਬੀਐਨਪੀ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਖਾਲਿਦਾ ਘਰ ‘ਚ ਨਜ਼ਰਬੰਦ ਹੈ।