ਬੌਲੀਵੁਡ ‘ਚ ਭੈਣ-ਭਰਾਵਾਂ ਦਾ ਜਲਵਾ

ਭੈਣ ਭਰਾ ਦੇ ਰਿਸ਼ਤੇ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ। ਭਰਾ-ਭੈਣ ਇੱਕ ਦੂਜੇ ਲਈ ਵਧੀਆ ਦੋਸਤ ਤਾਂ ਹੁੰਦੇ ਹੀ ਹਨ, ਕਈ ਮਾਮਲਿਆਂ ਵਿੱਚ ਉਹ ਗੁਰੂ ਦੀ ਭੂਮਿਕਾ ਵਿੱਚ ਵੀ ਹੁੰਦੇ ਹਨ। ਜਦੋਂ ਗੱਲ ਬੌਲੀਵੁਡ ਦੀ ਹੁੰਦੀ ਹੈ ਤਾਂ ਵੀ ਬਿਲਕੁਲ ਅਜਿਹਾ ਹੀ ਹੁੰਦਾ ਹੈ। ਅਸਲ ਵਿੱਚ ਸਾਡਾ ਬੌਲੀਵੁਡ ਪ੍ਰਤੀ ਰੁਝਾਨ ਖ਼ਾਸਾ ਹੈ। ਉਨ੍ਹਾਂ ਦੇ ਪਰਿਵਾਰਕ ਰਿਸ਼ਤਿਆਂ ਵਿੱਚ ਵੀ ਅਸੀਂ ਕਾਫ਼ੀ ਦਿਲਚਸਪੀ ਲੈਂਦੇ ਹਾਂ। ਇਸ ਫ਼ਿਲਮੀ ਪਿਆਰ ਵਿੱਚ ਵਾਧਾ ਓਦੋਂ ਹੁੰਦਾ ਹੈ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਫ਼ਲਾਣਾ ਅਦਾਕਾਰ ਅਤੇ ਫ਼ਲਾਣੀ ਅਭਿਨੇਤਰੀ ਭਰਾ-ਭਰਾ, ਭਰਾ-ਭੈਣ ਅਤੇ ਭੈਣ-ਭੈਣ ਹਨ। ਅਜਿਹੇ ਵਿੱਚ ਉਹ ਕਲਾਕਾਰ ਸਾਡੇ ਮਨ ਵਿੱਚ ਵਿਸ਼ੇਸ਼ ਜਗ੍ਹਾ ਲੈ ਲੈਂਦੇ ਹਨ। ਦਰਸ਼ਕਾਂ ਦੀ ਅਜਿਹੀ ਹੀ ਮਾਨਸਿਕਤਾ ਹੈ।
ਇਸ ਪਿਆਰ ਵਿੱਚ ਅਸੀਂ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਉਤਸੁਕਤਾ ਨਾਲ ਦੇਖਦੇ ਹਾਂ। ਬੌਲੀਵੁਡ ਵਿੱਚ ਕਈ ਅਜਿਹੇ ਅਦਾਕਾਰ ਅਤੇ ਅਭਿਨੇਤਰੀਆਂ ਹਨ ਜਿਹੜੇ ਆਪਸ ਵਿੱਚ ਸਕੇ ਭਰਾ, ਭੈਣ ਜਾਂ ਰਿਸ਼ਤੇ ਵਿਚੋਂ ਆਪਸ ਵਿੱਚ ਭਰਾ ਜਾਂ ਭੈਣ ਲੱਗਦੇ ਹਨ। ਇਹ ਦਰਸ਼ਕਾਂ ਦੇ ਚਹੇਤੇ ਬਣੇ ਹਨ। ਚਾਹੇ ਉਹ ਅਪਾਰਸ਼ਕਤੀ ਖੁਰਾਣਾ-ਆਯੂਸ਼ਮਾਨ ਖੁਰਾਣਾ ਹੋਣ ਜਾਂ ਫ਼ਿਰ ਸ਼ਿਲਪਾ ਸ਼ੈਟੀ-ਸ਼ਮਿਤਾ ਸ਼ੈਟੀ, ਸੈਫ਼ ਅਲੀ ਖ਼ਾਨ-ਸੋਹਾ ਅਲੀ ਖ਼ਾਨ ਹੋਣ ਜਾਂ ਫ਼ਿਰ ਫ਼ਰਹਾਨ ਅਖ਼ਤਰ-ਜ਼ੋਯਾ ਅਖ਼ਤਰ ਹੋਣ। ਅਜਿਹੇ ਕਈ ਨਾਂ ਹਨ। ਹੁਣ ਤਕ ਇਨ੍ਹਾਂ ਹਰਮਨਪਿਆਰੇ ਬੌਲੀਵੁਡ ਭੈਣ, ਭਰਾਵਾਂ ਨੂੰ ਤੁਸੀਂ ਫ਼ਿਲਮੀ ਸਕਰੀਨ ‘ਤੇ ਦੇਖਿਆ ਹੈ, ਪਰ ਜਲਦੀ ਹੀ ਇਨ੍ਹਾਂ ਵਿਚੋਂ ਕੁੱਝ ਇਕੱਠੇ ਫ਼ਿਲਮਾਂ ਕਰਦੇ ਵੀ ਨਜ਼ਰ ਆਉਣਗੇ। ਦਰਸ਼ਕਾਂ ਲਈ ਇਹ ਕਾਫ਼ੀ ਰੁਮਾਂਚਕ ਹੋਵੇਗਾ, ਪਰ ਇਹ ਉਨ੍ਹਾਂ ਵਿੱਚ ਪੇਸ਼ੇਵਰ ਦੂਰੀਆਂ ਲੈ ਕੇ ਆਵੇਗਾ ਜਾਂ ਨਜ਼ਦੀਕੀਆਂ ਇਹ ਸਮਾਂ ਹੀ ਦੱਸੇਗਾ।
ਪ੍ਰਿਅੰਕਾ ਚੋਪੜਾ-ਪਰਿਣੀਤੀ ਚੋਪੜਾ ਨੂੰ ਦੇਸ਼ ਵਿਦੇਸ਼ ਵਿੱਚ ਹਰ ਕੋਈ ਜਾਣਦਾ ਹੈ। ਦੋਵੇਂ ਬੌਲੀਵੁਡ ਦੀਆਂ ਹਿੱਟ ਅਭਿਨੇਤਰੀਆਂ ਤਾਂ ਹਨ ਹੀ, ਨਾਲ ਹੀ ਚਚੇਰੀਆਂ ਭੈਣਾਂ ਹੁੰਦੇ ਹੋਏ ਦਵੇਂ ਇੱਕ ਦੂਜੇ ਪ੍ਰਤੀ ਵਿਸ਼ੇਸ਼ ਜੁੜਾਅ ਰੱਖਦੀਆਂ ਹਨ। ਉਹ ਦੋਵੇਂ ਇਕਠਿਆਂ ਕਾਫ਼ੀ ਸਮਾਂ ਬਿਤਾਉਂਦੀਆਂ ਹਨ। ਇਸ ਦੀ ਗਵਾਹੀ ਸੋਸ਼ਲ ਮੀਡੀਆ ਦਿੰਦਾ ਹੈ। ਦੋਹਾਂ ਨੂੰ ਪਹਿਲੀ ਵਾਰ ਇਕੱਠਾ ਫ਼ਿਲਮ ਫ਼੍ਰੋਜਨ 2 ਵਿੱਚ ਦੇਖਿਆ ਜਾਵੇਗਾ। ਇਹ ਇੱਕ ਐਨੀਮੇਟਿਡ ਫ਼ਿਲਮ ਹੈ।
ਆਲੀਆ ਭੱਟ-ਪੂਜਾ ਭੱਟ ਦੋਵੇਂ ਭੈਣਾਂ ਬੌਲੀਵੁਡ ਦੀਆਂ ਵਧੀਆ ਕਲਾਕਾਰ ਹਨ। 90 ਦੇ ਦਹਾਕੇ ਵਿੱਚ ਪੂਜਾ ਭੱਟ ਨੇ ਬੌਲੀਵੁਡ ਵਿੱਚ ਰਾਜ ਕੀਤਾ ਅਤੇ ਅੱਜ ਉਸ ਦੀ ਛੋਟੀ ਭੈਣ ਆਲੀਆ ਭੱਟ ਦਾ ਬੌਲੀਵੁਡ ਵਿੱਚ ਜਲਵਾ ਹੈ। ਦੋਵੇਂ ਹੀ ਸਥਾਪਿਤ ਅਭਿਨੇਤਰੀਆਂ ਹਨ। ਦੋਹਾਂ ਨੂੰ ਇਕੱਠਾ ਮਹੇਸ਼ ਭੱਟ ਦੀ ਫ਼ਿਲਮ ਸੜਕ 2 ਵਿੱਚ ਦੇਖਿਆ ਜਾਵੇਗਾ। ਦਰਸ਼ਕਾਂ ਨੂੰ ਇੱਕ ਸਕਰੀਨ ‘ਤੇ ਦੋਹੇਂ ਭੈਣਾਂ ਦੀ ਜੋੜੀ ਜ਼ਰੂਰ ਪਸੰਦ ਆਵੇਗੀ।
ਸ਼੍ਰਧਾ ਕਪੂਰ-ਸਿਧਾਂਤ ਕਪੂਰ ਨੂੰ ਤੁਸੀਂ ਕਈ ਵਾਰ ਦੇਖਿਆ ਹੈ ਪਰ ਅਲੱਗ ਅਲੱਗ। ਦੋਵੇਂ ਸਕੇ ਭੈਣ ਭਰਾ ਹਨ ਅਤੇ ਦੋਹੇਂ ਚਕਾਚੌਂਧ ਤੋਂ ਦੂਰ ਰਹਿੰਦੇ ਹਨ। ਇਨ੍ਹਾਂ ਦੋਨਾਂ ਦਾ ਰਿਸ਼ਤਾ ਬਹੁਤ ਗਹਿਰਾ ਹੈ। ਦੋਹਾਂ ਨੂੰ ਇਕੱਠੇ ਹਸੀਨਾ ਪਾਰਕਰ ਫ਼ਿਲਮ ਵਿੱਚ ਦੇਖਿਆ ਗਿਆ ਸੀ। ਆਦਿਤਿਆ ਰਾਏ ਕਪੂਰ-ਕੁਨਾਲ ਰਾਏ ਕਪੂਰ ਦੀ ਭਰਾ-ਭਰਾ ਦੀ ਜੋੜੀ ਕਾਫ਼ੀ ਚਰਚਿਤ ਹੈ। ਦੋਹਾਂ ਦੇ ਕਰੀਅਰ ਦੀ ਯਾਦਗਾਰ ਅਤੇ ਬਿਹਤਰੀਨ ਫ਼ਿਲਮ ਹੈ ਯੇਹ ਜਵਾਨੀ ਹੈ ਦੀਵਾਨੀ। ਕੁਨਾਲ ਦੇ ਖਾਤੇ ਵਿੱਚ ਹੈ ਫ਼ਿਲਮ ਲਾਇੰਸ ਔਫ਼ ਪੰਜਾਬ, ਡੈਹਲੀ ਬੈਲੀ ਅਤੇ ਐਕਸ਼ਨ ਜੈਕਸਨ। ਉੱਥੇ ਆਦਿਤਿਆ ਨੇ ਆਪਣਾ ਦਰਸ਼ਕ ਵਰਗ ਦਾ ਦਾਇਰਾ ਫ਼ਿਲਮ ਆਸ਼ਿਕੀ 2, ਫ਼ਿਤੂਰ, ਓਕੇ ਜਾਨੂ ਅਤੇ ਕਲੰਕ ਨਾਲ ਵਧਾਇਆ ਹੈ।
ਹੁਮਾ ਕੁਰੈਸ਼ੀ-ਸਾਕਿਬ ਸਲੀਮ ਬੌਲੀਵੁਡ ਵਿੱਚ ਨਵੀਂ ਭਰਾ-ਭੈਣ ਦੀ ਜੋੜੀ ਹੈ। ਦੋਵੇਂ ਗ਼ੈਰ ਫ਼ਿਲਮੀ ਪਿਛੋਕੜ ਤੋਂ ਹਨ ਯਾਨੀ ਦੋਹਾਂ ਨੇ ਥੋੜ੍ਹੀ ਜ਼ਿਆਦਾ ਮਿਹਨਤ ਕੀਤੀ ਹੈ। ਉਂਝ ਉਨ੍ਹਾਂ ਦੀ ਦਮਦਾਰ ਅਦਾਕਾਰੀ ਸਭ ਕੁੱਝ ਦੱਸਦੀ ਹੈ। ਦੋਹਾਂ ਨੇ ਪ੍ਰਵਾਲ ਰਮਨ ਦੀ ਦੋਬਾਰਾ-ਸੀ ਯੌਰ ਈਵਲ ਵਿੱਚ ਕੰਮ ਕੀਤਾ ਹੈ। ਰਣਬੀਰ ਕਪੂਰ-ਕਰੀਨਾ ਕਪੂਰ ਦੋਵੇਂ ਬੌਲੀਵੁਡ ਦੇ ਚਰਚਿਤ ਅਤੇ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਚਿਹਰੇ ਹਨ। ਇਹ ਗਲੈਮਰ ਦੀ ਦੁਨੀਆਂ ਦੀ ਸਭ ਤੋਂ ਤੇਜ਼ ਤਰਾਰ ਜੋੜੀ ਹੈ। ਹਾਲਾਂਕਿ ਇਹ ਚਚੇਰੇ ਭੈਣ ਭਰਾ ਹਨ, ਪਰ ਇਨ੍ਹਾਂ ਦਾ ਰਿਸ਼ਤਾ ਸਕੇ ਭੈਣ ਭਰਾ ਦੇ ਰਿਸ਼ਤੇ ਵਾਂਗ ਮਜ਼ਬੂਤ ਹੈ ਜਿਸ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ। ਅਰਜੁਨ ਕਪੂਰ-ਸੋਨਮ ਕਪੂਰ ਭੈਣ-ਭਰਾ ਦੀ ਜੋੜੀ ਬਹੁਤ ਵਧੀਆ ਹੈ, ਅਤੇ ਦੋਹਾਂ ਦਾ ਰਿਸ਼ਤਾ ਬਹੁਤ ਗਹਿਰਾ ਹੈ। ਜਿੱਥੇ ਭੈਣ ਸੋਨਮ ਬੌਲੀਵੁਡ ਦੀ ਸਭ ਤੋਂ ਫ਼ੈਸ਼ਨਪ੍ਰਸਤ ਅਭਿਨੇਤਰੀ ਹੈ, ਉੱਥੇ ਅਰਜੁਨ ਬੌਲੀਵੁਡ ਦਾ ਬੇਹੱਦ ਪ੍ਰਤਿਭਾਸ਼ਾਲੀ ਮੁੰਡਾ ਹੈ। ਫ਼ਰਹਾਨ ਅਖ਼ਤਰ-ਜ਼ੋਯਾ ਅਖ਼ਤਰ ਦੀ ਭੈਣ-ਭਰਾ ਦੀ ਜੋੜੀ ਬੌਲੀਵੁਡ ਦੀ ਸਭ ਤੋਂ ਜ਼ਿਆਦਾ ਪ੍ਰਤਿਭਾਸ਼ਾਲੀ ਜੋੜੀ ਹੈ। ਦੋਵੇਂ ਬਿਹਤਰ ਨਿਰਦੇਸ਼ਕ ਸਾਬਿਤ ਹੋਏ ਹਨ। ਇਨ੍ਹਾਂ ਨੇ ਬੌਲੀਵੁਡ ਨੂੰ ਸ਼ਾਨਦਾਰ ਫ਼ਿਲਮਾਂ ਦਿੱਤੀਆਂ ਹਨ। ਨਾਲ ਹੀ ਫ਼ਰਹਾਨ ਇੱਕ ਬਿਹਤਰੀਨ ਅਦਾਕਾਰ ਵੀ ਹੈ। ਸੈਫ਼ ਅਲੀ ਖ਼ਾਨ ਅਤੇ ਸੋਹਾ ਅਲੀ ਖ਼ਾਨ ਦਰਮਿਆਨ ਗਹਿਰਾ ਪਿਆਰ ਹੈ। ਇਹ ਕਿਸੇ ਵੀ ਵਾਦ ਵਿਵਾਦ ਦੀ ਸਥਿਤੀ ਵਿੱਚ ਇੱਕ ਦੂਜੇ ਦਾ ਸਮਰਥਨ ਜ਼ਰੂਰ ਕਰਦੇ ਹਨ, ਪਰ ਜ਼ਿਆਦਾਤਰ ਇਹ ਆਪਣੇ ਪਿਆਰ ਨੂੰ ਜਨਤਕ ਨਹੀਂ ਕਰਦੇ। ਸਾਜਿਦ ਖ਼ਾਨ-ਫ਼ਰਾਹ ਖ਼ਾਨ ਇਨ੍ਹਾਂ ਦੋਵਾਂ ਨੇ ਦਰਸ਼ਕਾਂ ਨੂੰ ਅਣਗਿਣਤ ਹਿੱਟ ਫ਼ਿਲਮਾਂ ਦਿੱਤੀਆਂ ਹਨ। ਇਹ ਇੱਕ ਦੂਜੇ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ ਅਤੇ ਜਦੋਂ ਵੀ ਲੋੜ ਹੁੰਦੀ ਹੈ ਤਾਂ ਇੱਕ ਦੂਜੇ ਨਾਲ ਖੜ੍ਹੇ ਹੁੰਦੇ ਹਨ।
ਭੈਣਾਂ ਦਾ ਧਮਾਲ
ਹਿੰਦੀ ਸਿਨਮਾ ਵਿੱਚ ਤੁਸੀਂ ਭਾਈ ਭੈਣ ਨੂੰ ਤਾਂ ਖ਼ੂਬ ਦੇਖਿਆ ਅਤੇ ਸਲਾਹਿਆ ਹੈ, ਪਰ ਅਸਲੀ ਭੈਣਾਂ ਦਾ ਵੀ ਜਲਵਾ ਅਲੱਗ ਹੀ ਹੈ ਜੋ ਨੂਤਨ ਅਤੇ ਤਨੂਜਾ ਦੇ ਜ਼ਮਾਨੇ ਤੋਂ ਅੱਜ ਤਕ ਦੇਖਿਆ ਜਾ ਰਿਹਾ ਹੈ। ਬੇਸ਼ੱਕ ਬੌਲੀਵੁਡ ਵਿੱਚ ਕਈ ਭੈਣ ਜੋੜੀਆਂ ਆਈਆਂ, ਪਰ ਉਨ੍ਹਾਂ ‘ਚੋਂ ਕੁੱਝ ਦੀਆਂ ਫ਼ਿਲਮਾਂ ਹਿੱਟ ਹੋਈਆਂ ਹਨ ਤਾਂ ਕੁੱਝ ਦੀਆਂ ਫ਼ਲੌਪ। ਇਸ ਦੇ ਬਾਵਜੂਦ ਇਨ੍ਹਾਂ ਨੇ ਆਪਣੀ ਦਿੱਖ ਤੋਂ ਲੈ ਕੇ ਅਦਾਕਾਰੀ ਤਕ ਨਾਮ ਕਮਾਇਆ ਹੈ। ਇਨ੍ਹਾਂ ਵਿੱਚੋਂ ਚਰਚਿਤ ਜੋੜੀਆਂ ਹਨ ਅਸ਼ਰਾ ਅਤੇ ਸ਼ਰੂਤੀ ਹਸਨ, ਕਰਿਸ਼ਮਾ ਅਤੇ ਕਰੀਨਾ ਕਪੂਰ, ਅੰਮ੍ਰਿਤਾ ਅਤੇ ਮਲਾਇਕਾ ਅਰੋੜਾ, ਟਵਿੰਕਲ ਅਤੇ ਰਿੰਕੀ ਖੰਨਾ, ਨੂਤਨ ਅਤੇ ਤਨੂਜਾ, ਸ਼ਿਲਪਾ-ਸ਼ਮਿਤਾ ਸ਼ੈਟੀ, ਸ਼ਿਲਪਾ ਅਤੇ ਨਮਰਤਾ ਸ਼ਿਰੋਡਕਰ, ਸੁਸ਼ਮਾ ਅਤੇ ਸਮੀਰਾ ਰੈਡੀ ਅਤੇ ਰਾਈਮਾ ਅਤੇ ਰੀਆ ਸੇਨ। ਕਾਜੋਲ ਅਤੇ ਰਾਣੀ ਮੁਖਰਜੀ ਰਿਸ਼ਤੇਦਾਰੀ ਵਿੱਚ ਭੈਣਾਂ ਲੱਗਦੀਆਂ ਹਨ ਅਤੇ ਦੋਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕੀਤਾ ਹੈ।
ਸਕੇ ਭਰਾਵਾਂ ਦਾ ਪਿਆਰ
ਬੌਲੀਵੁਡ ਦੇ ਪੁਰਾਣੇ ਦੌਰ ਵਿੱਚ ਕਪੂਰ ਭਰਾਵਾਂ ਦਾ ਜਲਵਾ ਹੁੰਦਾ ਸੀ। ਇਨ੍ਹਾਂ ਵਿੱਚ ਰਾਜ ਕਪੂਰ, ਸ਼ੰਮੀ ਕਪੂਰ, ਸ਼ਸ਼ੀ ਕਪੂਰ ਅਤੇ ਬਾਅਦ ਵਿੱਚ ਰਣਧੀਰ ਕਪੂਰ, ਰਿਸ਼ੀ ਕਪੂਰ ਅਤੇ ਰਾਜੀਵ ਕਪੂਰ ਨੂੰ ਸਭ ਜਾਣਦੇ ਹਨ, ਪਰ ਅੱਜਕੱਲ੍ਹ ਆਯੂਸ਼ਮਾਨ-ਅਪਾਰਸ਼ਕਤੀ ਖੁਰਾਣਾ ਅਤੇ ਸ਼ਾਹਿਦ ਕਪੂਰ-ਇਸ਼ਾਨ ਖੱਟਰ ਦੀ ਜੋੜੀ ਬਹੁਤ ਹਿੱਟ ਹੋ ਰਹੀ ਹੈ। ਸਕੇ ਭਰਾਵਾਂ ਵਿੱਚ ਰਘੂ ਰਾਮ-ਰਾਜੀਵ ਲਕਸ਼ਮਣ, ਅਭਿਸ਼ੇਕ-ਸਿਧਾਰਥ ਨਿਗਮ, ਲਵ-ਕੁਸ਼ ਸਿਨਹਾ, ਆਮਿਰ-ਫ਼ੈਜ਼ਲ ਖ਼ਾਨ, ਅਨਿਲ-ਸੰਜੈ ਕਪੂਰ, ਸਲਮਾਨ-ਅਰਬਾਜ਼-ਸੋਹੇਲ ਖ਼ਾਨ, ਰਾਹੁਲ-ਅਕਸ਼ੇ ਖੰਨਾ ਅਤੇ ਸਨੀ-ਬੌਬੀ ਦਿਓਲ ਵੀ ਚਰਚਿਤ ਹਨ।