ਬੌਕਸ ਆਫ਼ਿਸ ‘ਤੇ ਛਾਈ ਭੂਲ ਭੁੱਲਈਆ 2

ਪਿੱਛਲੇ ਹਫ਼ਤੇ ਸ਼ੁੱਕਰਵਾਰ, 20 ਮਈ ਨੂੰ ਰੀਲੀਜ਼ ਹੋਈ ਫ਼ਿਲਮਸਾਜ਼ ਅਨੀਸ ਬਜ਼ਮੀ ਦੀ ਫ਼ਿਲਮ ਭੂਲ ਭੁਲੱਈਆ 2 ਨੇ ਬੌਕਸ ਆਫ਼ਿਸ ‘ਤੇ ਪਹਿਲੇ ਦਿਨ 14.11 ਕਰੋੜ ਰੁਪਏ ਦੀ ਕਮਾਈ ਕੀਤੀ। ਪਹਿਲੇ ਦਿਨ ਇੰਨੀ ਕਮਾਈ ਕਰਨ ਵਾਲੀ ਅਦਾਕਾਰ ਕਾਰਤਿਕ ਆਰੀਅਨ ਦੀ ਇਹ ਪਹਿਲੀ ਫ਼ਿਲਮ ਬਣ ਗਈ ਹੈ। ਵੈਲਕਮ, ਨੋ ਐਂਟਰੀ ਅਤੇ ਰੈਡੀ ਵਰਗੀਆਂ ਕਾਮੇਡੀ ਫ਼ਿਲਮਾਂ ਲਈ ਜਾਣਿਆ ਜਾਂਦਾ ਫ਼ਿਲਮਸਾਜ਼ ਬਜ਼ਮੀ, ਅਦਾਕਾਰ ਕਾਰਤਿਕ, ਤੱਬੂ ਅਤੇ ਕਿਆਰਾ ਅਡਵਾਨੀ ਨਾਲ ਪਹਿਲੀ ਵਾਰ ਕੰਮ ਕਰ ਰਿਹਾ ਹੈ।
ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਆਖਿਆ, ”ਭੂਲ ਭੁਲੱਈਆ 2 ਕਾਰਤਿਕ ਆਰੀਅਨ ਦੀ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਹੈ। 2020 ਵਿੱਚ ਰਿਲੀਜ਼ ਹੋਈ ਫ਼ਿਲਮ ਲਵ ਆਜਕਲ ਨੇ ਪਹਿਲੇ ਦਿਨ 12.40 ਕਰੋੜ ਰੁਪਏ, 2019 ‘ਚ ਰਿਲੀਜ਼ ਹੋਈ ਫ਼ਿਲਮ ਪਤੀ ਪਤਨੀ ਔਰ ਵੋਹ ਨੇ 9.10 ਕਰੋੜ ਅਤੇ 2015 ਵਿੱਚ ਆਈ ਫ਼ਿਲਮ ਪਿਆਰ ਕਾ ਪੰਚਨਾਮਾ 2 ਨੇ 6.80 ਕਰੋੜ ਰੁਪਏ ਕਮਾਏ ਸਨ। ਭੂਲ ਭੁਲੱਈਆ 2 ਨੇ ਅਕਸ਼ੈ ਕੁਮਾਰ ਦੀ ਬੱਚਨ ਪਾਂਡੇ ਅਤੇ ਆਲੀਆ ਭੱਟ ਦੀ ਫ਼ਿਲਮ ਗੰਗੂਬਾਈ ਕਾਠਿਆਵਾੜੀ ਦੇ ਰਿਕਾਰਡ ਵੀ ਤੋੜ ਦਿੱਤੇ ਹਨ।”
ਕਾਰਤਿਕ ਦੀ ਫ਼ਿਲਮ ਨੇ ਲੰਘੇ ਸੋਮਵਾਰ ਨੂੰ 10.75 ਕਰੋੜ ਦੀ ਕਮਾਈ ਕੀਤੀ ਅਤੇ ਰੀਲੀਜ਼ ਤੋਂ ਬਾਅਦ ਆਪਣੇ ਪਹਿਲੇ ਸੋਮਵਾਰ ‘ਤੇ ਸਭ ਤੋਂ ਵੱਧ ਪੈਸੇ ਕਮਾਉਣ ਵਾਲੀਆਂ 2022 ਦੀਆਂ ਫ਼ਿਲਮਾਂ ਦੀ ਸੂਚੀ ‘ਚ ਉਹ ਚੌਥੇ ਨੰਬਰ ‘ਤੇ ਆਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰੀਲੀਜ਼ ਤੋਂ ਬਾਅਦ ਵਾਲੇ ਸੋਮਵਾਰ ਨੂੰ KGF – Chapter 2 ਨੇ 25.57 ਕਰੋੜ, RRR ਨੇ 17 ਕਰੋੜ ਅਤੇ ਨੇ 15.05 ਕਰੋੜ ਰੁਪਏ ਕਮਾਏ ਸਨ।
ਉਮੀਦ ਇਹ ਹੈ ਕਿ ਭੂਲ ਭੁੱਲਈਆ 2, ਜੋ ਕਿ ਹੁਣ ਤਕ ਕੁੱਲ 66.71 ਕਰੋੜ ਦੀ ਕਮਾਈ ਕਰ ਚੁੱਕੀ ਹੈ, ਇਸ ਹਫ਼ਤੇ ਦੇ ਅੰਤ ਤਕ 100 ਕਰੋੜ ਦਾ ਅੰਕੜਾ ਛੂਹ ਕੇ ਇੱਕ ਸੁਪਰ ਹਿੱਟ ਫ਼ਿਲਮ ਬਣ ਜਾਵੇਗੀ।