ਸੱਟ ਕਾਰਨ ਨਾ ਕਰ ਸਕਿਆ ਆਖ਼ਰੀ ਦੌੜ ਮੁਕੰਮਲ
ਲੰਡਨ: ਉਸੈਨ ਬੋਲਟ ਲਈ ਟਰੈਕ ਤੇ ਫ਼ੀਲਡ ਮੁਕਾਬਲੇ ਦੇ ਇਤਿਹਾਸ ‘ਚ ਆਪਣੇ ਦਹਾਕੇ ਭਰੇ ਦਬਦਬੇ ਦਾ ਅੰਤ ਚੰਗਾ ਨਹੀਂ ਰਿਹਾ ਕਿਉਂਕਿ ਮਾਸਪੇਸ਼ੀਆਂ ਦੀ ਖਿੱਚ ਕਾਰਨ ਉਹ ਇੱਥੇ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੀ ਪੁਰਸ਼ 4 ਗੁਣਾਂ 100 ਮੀਟਰ ਰੇਸ ਨੂੰ ਖਤਮ ਨਹੀਂ ਕਰ ਸਕਿਆ। ਇਹ ਉਸ ਦੀ ਆਖਰੀ ਵਿਸ਼ਵ ਚੈਂਪੀਅਨਸ਼ਿਪ ਸੀ ਅਤੇ ਉਸ ਨੂੰ ਸੁਨਹਿਰੀ ਵਿਦਾਇਗੀ ਦੀ ਆਸ ਕੀਤੀ ਜਾ ਰਹੀ ਸੀ, ਪਰ ਮਾਸਪੇਸ਼ੀਆਂ ‘ਚ ਖਿੱਚ ਨੇ ਸਾਰਿਆਂ ਦੀਆਂ ਆਸਾਂ ‘ਤੇ ਪਾਣੀ ਫ਼ੇਰ ਦਿੱਤਾ।
ਆਪਣੇ ਕਰੀਅਰ ਦੀ ਆਖਰੀ ਰੇਸ ‘ਚ 30 ਸਾਲਾ ਬੋਲਟ ਨੇ ਜਮਾਇਕਨ ਸਾਥੀ ਯੋਹਾਨ ਬਲੈਕ ਤੋਂ ਬੈਟਨ ਲਈ, ਪਰ ਉਸੇ ਸਮੇਂ ਉਸ ਦੀਆਂ ਮਾਸਪੇਸ਼ੀਆਂ ‘ਚ ਖਿੱਚ ਪੈ ਗਈ। ਉਸ ਨੇ ਕੋਸ਼ਿਸ਼ ਕੀਤੀ, ਪਰ ਰੇਸ ਦੇ ਆਖਰੀ ਲੈਪ ‘ਚ ਬਰਤਾਨਵੀ ਤੇ ਅਮਰੀਕੀ ਦੌੜਾਕਾਂ ਦਾ ਪਿੱਛਾ ਨਹੀਂ ਕਰ ਸਕਿਆ। ਬੋਲਟ ਨੇ ਲੰਮੇ ਕਦਮ ਵਧਾਉਣੇ ਸ਼ੁਰੂ ਕੀਤੀ ਪਰ ਆਪਣੀ ਉਹੀ ਰਫ਼ਤਾਰ ਹਾਸਲ ਨਹੀਂ ਕਰ ਸਕਿਆ ਤੇ ਥੋੜ੍ਹੀ ਦੂਰ ਜਾ ਕੇ ਡਿੱਗ ਗਿਆ। ਉਹ ਪੀੜ ਨਾਲ ਚੀਕ ਰਿਹਾ ਸੀ। ਜਮਾਇਕਾ ਟੀਮ ਦੇ ਡਾਕਟਰ ਕੇਵਿਨ ਜੌਂਸ ਨੇ ਬਾਅਦ ‘ਚ ਕਿਹਾ, ‘ਉਸ ਦੀ ਖੱਬੀ ਹੈਮਸਟ੍ਰਿੰਗ ਦੀ ਮਾਸਪੇਸ਼ੀਆਂ ‘ਚ ਖਿੱਚ ਪੈ ਗਈ ਹੈ, ਪਰ ਉਸ ਨੂੰ ਸਭ ਤੋਂ ਵੱਧ ਦਰਦ ਰੇਸ ਹਾਰਨ ਦਾ ਹੋ ਰਿਹਾ ਹੈ। ਪਿਛਲੇ ਤਿੰਨ ਹਫ਼ਤੇ ਉਸ ਲਈ ਕਾਫ਼ੀ ਮੁਸ਼ਕਿਲ ਰਹੇ।’ ਓਲੰਪਿਕ ਸਟੇਡੀਅਮ ‘ਚ ਇਹ ਦ੍ਰਿਸ਼ ਕਾਫ਼ੀ ਦੁਖ ਭਰਿਆ ਸੀ। ਬੋਲਟ ਗੋਡੇ ਟੇਕ ਕੇ ਬੈਠ ਗਿਆ ਅਤੇ ਉਸ ਨੇ ਆਪਣਾ ਸਿਰ ਹੱਥਾਂ ‘ਚ ਫ਼ੜ ਲਿਆ। ਉਹ ਕਾਫ਼ੀ ਦੇਰ ਤੱਕ ਇੰਝ ਹੀ ਇੱਕੱਲਾ ਟਰੈਕ ‘ਤੇ ਬੈਠਾ ਰਿਹਾ ਅਤੇ ਬਲੈਕ ਤੇ ਟੀਮ ਦੇ ਹੋਰ ਸਾਥੀ ਉਸ ਨੂੰ ਉਠਾ ਕੇ ਲੈ ਕੇ ਗਏ। ਦਰਸ਼ਕਾਂ ਨੇ ਤਾੜੀਆਂ ਮਾਰ ਕੇ ਉਸ ਨੂੰ ਉਤਸ਼ਾਹਿਤ ਕੀਤਾ।
ਅੱਜ ਦਾ ਦ੍ਰਿਸ਼ ਹਾਲਾਂਕਿ ਪਿਛਲੇ ਸ਼ਨਿਚਰਵਾਰ ਤੋਂ ਜ਼ਿਆਦਾ ਦੁਖਦਾਈ ਸੀ ਜਦੋਂ ਬੋਲਟ ਨੇ ਆਪਣੀ ਆਖਰੀ ਨਿੱਜੀ ਰੇਸ ‘ਚ ਸੌ ਮੀਟਰ ਦੇ ਲੰਬੇ ਸਮੇਂ ‘ਚ ਜਸਟਿਨ ਗੈਟਲਿਨ ਤੋਂ ਪੱਛੜ ਗਿਆ ਸੀ। ਪਿਛਲੀ ਵਾਰ ਦਰਸ਼ਕਾਂ ਦੀ ਹਮਾਇਤ ਅਤੇ ਪ੍ਰਸ਼ੰਸਕਾਂ ਨੂੰ ਦੇਖਦਿਆਂ ਬੋਲਟ ਨੇ ‘ਲੈਪ ਆਫ਼ ਆਨਰ’ ਕੀਤਾ ਸੀ, ਪਰ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ।












