ਲੰਡਨ: ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਇੱਕ ਹੈਰਾਨ ਕਰਨ ਵਾਲਾ ਫ਼ੈਸਲਾ ਕੀਤਾ ਹੈ। ਇੰਗਲਿਸ਼ ਆਲਰਾਊਂਡਰ ਨੇ ਵਨ-ਡੇਅ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਖੇਡਿਆ ਜਾਣ ਵਾਲਾ ਪਹਿਲਾ ਵਨ-ਡੇਅ ਉਨ੍ਹਾਂ ਦਾ ਆਖਰੀ ਵਨ-ਡੇ ਮੁਕਾਬਲਾ ਹੋਵੇਗਾ।
ਸਟੋਕਸ ਨੇ ਐਲਾਨ ਕਰਦੇ ਹੋਏ ਕਿਹਾ, ‘ਇਹ ਫ਼ੈਸਲਾ ਲੈਣਾ ਜਿੰਨਾ ਮੁਸ਼ਕਿਲ ਸੀ, ਉਸ ਤੱਥ ਤੋਂ ਨਜਿੱਠਣਾ ਓਨਾ ਮੁਸ਼ਕਿਲ ਨਹੀਂ ਹੈ ਕਿ ਮੈਂ ਆਪਣੇ ਸਾਥੀਆਂ ਨੂੰ ਹੁਣ ਇਸ ਫ਼ਾਰਮੈਟ ‘ਚ ਆਪਣਾ 100 ਫ਼ੀਸਦੀ ਨਹੀਂ ਦੇ ਸਕਦਾ। ‘
31 ਸਾਲ ਦੇ ਸਟਾਰ ਆਲਰਾਉਂਡਰ ਨੇ ਇੰਗਲੈਂਡ ਲਈ 104 ਵਨ-ਡੇਅ ਮੈਚ ਖੇਡੇ ਹਨ ਤੇ ਇਸ ਦੌਰਾਨ ਉਨ੍ਹਾਂ ਨੇ ਟੀਮ ਦੀ ਜਿੱਤ ‘ਚ ਕਈ ਵਾਰ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਨੇ 2019 ‘ਚ ਇੰਗਲੈਂਡ ਨੂੰ ਵਨ-ਡੇ ਵਿਸ਼ਵ ਕੱਪ ‘ਚ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ ਤੇ ਲਾਰਡਸ ‘ਚ ਖੇਡੇ ਗਏ ਫ਼ਾਈਨਲ ‘ਚ ਪਲੇਅਰ ਔਫ਼ ਦੀ ਮੈਚ ਰਹੇ ਸਨ। ਸਟੋਕਸ ਨੇ ਉਸ ਮੈਚ ‘ਚ ਨਿਊ ਜ਼ੀਲੈਂਡ ਦੇ ਖ਼ਿਲਾਫ਼ 84 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ ਤੇ ਇੱਕ ਰੋਮਾਂਚਕ ਮੈਚ ‘ਚ ਟੀਮ ਨੂੰ ਜਿੱਤ ਦਿਵਾਈ ਸੀ।
ਸਟੋਕਸ ਆਪਣਾ ਆਖਰੀ ਵਨ-ਡੇਅ ਮੈਚ ਮੰਗਲਵਾਰ ਨੂੰ ਦੱਖਣੀ ਅਫ਼ਰੀਕਾ ਦੇ ਖ਼ਿਲਾਫ਼ ਆਪਣੇ ਘਰੇਲੂ ਮੈਦਾਨ ‘ਤੇ ਖੇਡਣਗੇ। ਉਨ੍ਹਾਂ ਨੇ 2011 ‘ਚ ਆਇਰਲੈਂਡ ਦੇ ਖ਼ਿਲਾਫ਼ ਆਪਣਾ ਵਨ-ਡੇਅ ਡੈਬਿਊ ਕੀਤਾ ਸੀ। ਸਟੋਕਸ ਨੇ ਇਸ ਤੋਂ ਬਾਅਦ ਆਪਣੇ ਵਨ-ਡੇਅ ਕੈਰੀਅਰ ‘ਚ 2919 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਤਿੰਨ ਸੈਂਕੜੇ ਤੇ 21 ਅਰਧ ਸੈਂਕੜੇ ਨਿਕਲੇ।












