ਬੂਟ

ਪੀਲੇ ਚਿਹਰੇ ਵਾਲਾ ਮੁਰਕਿਨ ਨਾਂ ਦਾ ਆਦਮੀ, ਜਿਸ ਦੇ ਨੱਕ ‘ਤੇ ਨਸਵਾਰ ਦਾ ਰੰਗ ਚੜ੍ਹਿਆ ਹੋਇਆ ਸੀ ਤੇ ਕੰਨਾਂ ਵਿੱਚ ਰੂੰ ਦੇ ਫ਼ੰਬੇ ਦਿੱਤੇ ਹੋਏ ਸਨ, ਹੋਟਲ ਦੇ ਕਮਰੇ ਵਿੱਚੋਂ ਨਿਕਲ ਕੇ ਬਰਾਂਡੇ ਵਿੱਚ ਆਇਆ ਅਤੇ ਫ਼ਟਦੀ ਆਵਾਜ਼ ਵਿੱਚ ਬੋਲਿਆ, ”ਸੇਮੀਅਨ! ਨੌਕਰ!” ਉਸ ਦੇ ਡਰੇ ਹੋਏ ਚਿਹਰੇ ਤੋਂ ਇਉਂ ਲੱਗਦਾ ਸੀ ਜਿਵੇਂ ਉਸ ਉੱਪਰ ਛੱਤ ਡਿਗ ਪਈ ਹੋਵੇ ਜਾਂ ਉਸ ਨੁੰ ਕਮਰੇ ਵਿੱਚ ਭੂਤ ਦਿਸੇ ਹੋਣ। ”ਸੇਮੀਅਨ।” ਉਹ ਨੌਕਰ ਨੂੰ ਆਪਣੇ ਵੱਲ ਦੌੜਦਿਆਂ ਵੇਖ ਕੇ ਚਿੱਲਾਇਆ, ”ਇਸ ਦਾ ਕੀ ਮਤਲਵ ਐ? ਮੈਂ ਗੰਠੀਆ ਪੀੜਤ ਕਮਜ਼ੋਰ ਆਦਮੀ ਆਂ। ਮੇਰੇ ਪੈਰ ਨੰਗੇ ਨੇ। ਤੂੰ ਮੈਨੂੰ ਹਰ ਵੇਲੇ ਬੂਟ ਪਾਉਣ ਲਈ ਕਿਉਂ ਨ੍ਹੀ ਦਿੰਦਾ? ਮੇਰੇ ਬੂਟ ਕਿੱਥੇ ਨੇ?” ਸੇਮੀਅਨ ਮੁਰਕਿਨ ਦੇ ਕਮਰੇ ਵਿੱਚ ਗਿਆ ਅਤੇ ਉਸ ਥਾਂ ਵੱਲ ਵੇਖਿਆ ਜਿੱਥੇ ਉਹ ਬੂਟ ਸਾਫ਼ ਕਰਕੇ ਰੱਖਦਾ ਹੁੰਦਾ ਸੀ। ਉਸ ਨੇ ਆਪਣਾ ਸਿਰ ਖੁਰਚਿਆ। ਬੂਟ ਉਥੇ ਨਹੀਂ ਸਨ। ”ਬੂਟ ਕਿੱਥੇ ਗਏ?” ਸੇਮੀਅਨ ਸੋਚਣ ਲੱਗਿਆ, ”ਕੱਲ੍ਹ ਮੈਂ ਥੋੜ੍ਹੀ ਜਿਹੀ ਪੀਤੀ ਹੋਈ ਸੀ। ਮੈਂ ਕਿਤੇ ਹੋਰ ਰੱਖ ਦਿੱਤੇ ਹੋਣੇ ਨੇ। ਮੈਂ ਇਹ ਨਾਲ ਦੇ ਅਭਿਨੇਤ੍ਰੀ ਵਾਲੇ ਕਮਰੇ ਵਿੱਚ ਰੱਖ ਆਇਆ ਹੋਊਂਗਾ।” ਉਸ ਨੇ ਮੁਰਕਿਨ ਨੂੰ ਅਭਿਨੇਤ੍ਰੀ ਦੇ ਕਮਰੇ ਵਿੱਚੋਂ ਬੂਟ ਲੈ ਆਉਣ ਲਈ ਆਖਿਆ। ਖੰਘਦੇ ਖੰਘਦੇ ਮੁਰਕਿਨ ਨੇ ਨਾਲ ਦੇ ਕਮਰੇ ਦੇ ਦਰਵਾਜ਼ੇ ਨੂੰ ਹੌਲੀ ਜਿਹੀ ਖੜਕਾਇਆ। ”ਕੌਣ ਐਂ?” ਇੱਕ ਮਿੰਟ ਬਾਅਦ ਅੰਦਰੋਂ ਔਰਤ ਦੀ ਆਵਾਜ਼ ਆਈ। ”ਮੈਂ ਆਂ।” ਮੁਰਕਿਨ ਨੇ ਦੁੱਖ ਭਰੀ ਆਵਾਜ਼ ਵਿੱਚ ਗੱਲ ਸ਼ੁਰੂ ਕੀਤੀ, ”ਮੈਡਮ, ਮੁਆਫ਼ ਕਰਨਾ ਮੈਂ ਤੁਹਾਨੂੰ ਪ੍ਰੇਸ਼ਾਨ ਕਰ ਰਿਹਾਂ। ਪਰ ਮੇਰੀ ਸਿਹਤ ਕਮਜ਼ੋਰ ਐ ਤੇ ਮੈਂ ਗੰਠੀਏ ਦਾ ਮਰੀਜ਼ ਆਂ। ਡਾਕਟਰ ਨੇ ਮੈਨੂੰ ਸਖ਼ਤ ਹਦਾਇਤ ਦਿੱਤੀ ਐ ਕਿ ਮੈਂ ਕਦੇ ਨੰਗੇ ਪੈਰੀਂ ਨਾ ਰਹਾਂ।” ”ਪਰ ਤੂੰ ਚਾਹੁੰਦਾ ਕੀ ਐਂ?” ”ਮੈਡਮ, ਗੱਲ ਇਹ ਐ ਕਿ ਬੁੱਧੂ ਨੌਕਰ ਸੇਮੀਅਨ ਮੇਰੇ ਬੂਟ ਸਾਫ਼ ਕਰਨ ਮਗਰੋਂ ਗਲਤੀ ਨਾਲ ਤੁਹਾਡੇ ਕਮਰੇ ਵਿੱਚ ਰੱਖ ਦਿੱਤੇ। ਕਿਰਪਾ ਕਰਕੇ ਮੈਨੂੰ ਮੇਰੇ ਬੂਟ ਦੇ ਦਿਉ।” ਬਿਸਤਰੇ ਵਿੱਚੋਂ ਉੱਠਣ ਤੇ ਪੈਰਾਂ ਵਿੱਚ ਸਲੀਪਰ ਪਾਉਣ ਦੀ ਸਰਸਰਾਹਟ ਹੋਈ। ਫ਼ਿਰ ਥੋੜ੍ਹਾ ਜਿਹਾ ਦਰਵਾਜ਼ਾ ਖੁੱਲ੍ਹਿਆ ਅਤੇ ਇੱਕ ਗੋਲ-ਮਟੋਲ ਜ਼ਨਾਨੇ ਹੱਥ ਨੇ ਇੱਕ ਬੂਟਾਂ ਦਾ ਜੋੜਾ ਮੁਰਕਿਨ ਦੇ ਪੈਰਾਂ ਵਿੱਚ ਸੁੱਟ ਦਿੱਤਾ। ਮੁਰਕਿਨ ਨੇ ਅਭਿਨੇਤ੍ਰੀ ਦਾ ਧੰਨਵਾਦ ਕੀਤਾ ਅਤੇ ਆਪਣੇ ਕਮਰੇ ਵਿੱਚ ਚਲਿਆ ਗਿਆ। ਆਪਣੇ ਪੈਰਾਂ ਵਿੱਚ ਬੂਟ ਪਾਉਂਦਿਆਂ ਉਹ ਬੁੜਬੁੜ ਕਰਨ ਲੱਗਿਆ, ”ਇਹ ਦੋਵੇਂ ਬੂਟ ਤਾਂ ਖੱਬੇ ਪੈਰ ਦੇ ਨੇ। ਸੇਮੀਅਨ, ਇਹ ਬੂਟ ਮੇਰੇ ਨ੍ਹੀ। ਮੇਰੇ ਬੂਟਾਂ ‘ਤੇ ਤਾਂ ਲਾਲ ਰੰਗ ਦੇ ਟੈਗ ਲੱਗੇ ਹੋਏ ਨੇ ਤੇ ਇਨ੍ਹਾਂ ‘ਤੇ ਕੋਈ ਟੈਗ ਨ੍ਹੀ।” ਸੇਮੀਅਨ ਨੇ ਬੂਟ ਚੁੱਕ ਕੇ ਕਈ ਵਾਰ ਉਲਟ ਪੁਲਟ ਕੀਤੇ। ਫ਼ਿਰ ਉਹ ਟੀਰੀ ਅੱਖ ਨਾਲ ਵੇਖਦਾ ਬੁੜਬੁੜਾਇਆ, ”ਇਹ ਪਾਵੇਲ ਦੇ ਬੂਟ ਨੇ।” ”ਕੌਣ ਪਾਵੇਲ?” ”ਅਭਿਨੇਤਾ। ਉਹ ਇਥੇ ਹਰ ਮੰਗਲਵਾਰ ਆਉਂਦੈ। ਮੈਂ ਅਭਿਨੇਤ੍ਰੀ ਦੇ ਕਮਰੇ ਵਿੱਚ ਤੇਰਾ ਤੇ ਉਹਦਾ ਦੋਵੇਂ ਜੋੜੇ ਰੱਖ ਦਿੱਤੇ ਹੋਣੇ ਨੇ। ਉਹ ਤੇਰਾ ਪਾ ਕੇ ਚਲਿਆ ਗਿਆ।” ”ਫ਼ਿਰ ਜਾ ਕੇ ਬਦਲ ਲਿਆ।” ”ਗੱਲ ਤਾਂ ਤੇਰੀ ਠੀਕ ਐ।” ਸੇਮੀਅਨ ਅੰਦਰੋ ਅੰਦਰੀ ਹੱਸਿਆ, ”ਪਰ ਮੈਂ ਉਸ ਨੂੰ ਹੁਣ ਲੱਭਾਂ ਕਿੱਥੇ? ਉਹ ਤਾਂ ਘੰਟਾ ਪਹਿਲਾਂ ਚਲਿਆ ਗਿਆ।” ”ਉਹ ਰਹਿੰਦਾ ਕਿੱਥੇ ਐ?” ”ਕੋਈ ਪਤਾ ਨ੍ਹੀ। ਉਹ ਇਥੇ ਹਰ ਮੰਗਲਵਾਰ ਆਉਂਦੈ ਤੇ ਰਾਤ ਰੁਕ ਕੇ ਸਵੇਰੇ ਚਲਿਆ ਜਾਂਦੈ। ਤੈਨੂੰ ਉਸ ਨੂੰ ਆਉਂਦੇ ਮੰਗਲਵਾਰ ਤਕ ਉਡੀਕਣਾ ਪੈਣੈਂ।” ”ਮੂਰਖਾ! ਤੂੰ ਇਹ ਕੀ ਕੀਤਾ? ਹੁਣ ਮੈਂ ਕੀ ਕਰਾਂ? ਮੇਰੇ ਪੈਰਾਂ ਨੂੰ ਠੰਢ ਲਗਦੀ ਐ।” ”ਤੂੰ ਇਸ ਤਰ੍ਹਾਂ ਕਰ। ਇਹ ਬੂਟ ਪਾ ਕੇ ਥੀਏਟਰ ਚਲਿਆ ਜਾਹ। ਉਥੇ ਜਾ ਕੇ ਉਸ ਨੂੰ ਮਿਲ।” ”ਪਰ ਇਹ ਦੋਵੇਂ ਬੂਟ ਖੱਬੇ ਪੈਰ ਦੇ ਕਿਉਂ ਨੇ?” ਮੁਰਕਿਨ ਨੇ ਸਖ਼ਤ ਨਫ਼ਰਤ ਨਾਲ ਬੂਟ ਚੁੱਕਦਿਆਂ ਪੁੱਛਿਆ। ”ਜੋ ਉਸ ਨੂੰ ਮਿਲੇ, ਉਸ ਨੇ ਪਾ ਲਏ। ਅਭਿਨੇਤਾ ਬੂਟ ਕਿੱਥੇ ਖ਼ਰੀਦ ਸਕਦੈ? ਮੈਂ ਉਸ ਨੂੰ ਆਖਿਆ, ‘ਪਾਵੇਲ, ਤੇਰੇ ਬੂਟ ਕਿਹੋ ਜਿਹੇ ਨੇ? ਇਹ ਤਾਂ ਸ਼ਰਮ ਵਾਲੀ ਗੱਲ ਐ।਼ ਤੇ ਉਹ ਆਖਣ ਲੱਗਿਆ, ‘ਇਨ੍ਹਾਂ ਬੂਟਾਂ ਨਾਲ ਤਾਂ ਮੈਂ ਰਾਜਿਆਂ ਮਹਾਰਾਜਿਆਂ ਦੀ ਭੂਮਿਕਾ ਨਿਭਾਈ ਐ਼।” ਹੌਕੇ ਭਰਦਿਆਂ ਤੇ ਦੁੱਖ ਨਾਲ ਕਰਾਹੁੰਦਿਆਂ ਮੁਰਕਿਨ ਨੇ ਬੂਟ ਆਪਣੇ ਪੈਰਾਂ ਵਿੱਚ ਪਾ ਲਏ ਅਤੇ ਲੰਗੜਾਉਂਦਾ ਤੁਰ ਪਿਆ। ਉਸ ਨੂੰ ਲੱਗਿਆ ਜਿਵੇਂ ਸਾਰੇ ਲੋਕ ਉਸ ਦੇ ਬੂਟਾਂ ਨੂੰ ਹੀ ਵੇਖ ਰਹੇ ਹੋਣ। ਜਦ ਉਹ ਥੀਏਟਰ ਪਹੁੰਚਿਆ, ਤਾਂ ਨਾਟਕ ‘ਬਲਿਊਬਿਅਰਡ਼ ਦਾ ਚੌਥਾ ਐਕਟ ਸ਼ੁਰੂ ਹੋਣਾ ਸੀ। ਉਹ ਇੱਕ ਨੌਕਰ ਤੋਂ ਪੁੱਛ ਕੇ ਮਰਦਾਂ ਦੇ ਸ਼ਿੰਗਾਰ ਕਮਰੇ ਵਿੱਚ ਚਲਿਆ ਗਿਆ। ਕੁਝ ਮਰਦ ਅਦਾਕਾਰ ਆਪਣੇ ਕੱਪੜੇ ਬਦਲ ਰਹੇ ਸਨ, ਕੁਝ ਆਪਣੇ ਚਿਹਰਿਆਂ ‘ਤੇ ਰੰਗ-ਚਿਤਰ ਬਣਾ ਰਹੇ ਸਨ ਤੁ ਕੁਝ ਹੋਰ ਤੰਬਾਕੂ ਪੀ ਰਹੇ ਸਨ। ਬਲਿਊਬਿਅਰਡ ਰਾਜਾ ਬੋਬੇਸ਼ ਕੋਲ ਖੜ੍ਹਾ ਉਸ ਨੂੰ ਰਿਵਾਲਵਰ ਵਿਖਾ ਰਿਹਾ ਸੀ। ”ਤੂੰ ਇਹ ਖ਼ਰੀਦ ਲੈ।” ਬਲਿਊਬਿਅਰਡ ਨੇ ਉਸ ਨੂੰ ਆਖਿਆ, ”ਮੈਂ ਇਹ ਅੱਠ ਰੂਬਲ ਦਾ ਖ਼ਰੀਦਿਆ ਸੀ ਪਰ ਮੈਂ ਤੈਨੂੰ ਇਹ ਛੇ ਦਾ ਦੇ ਦਿਆਂਗਾ।” ”ਇਸ ਵਿੱਚ ਗੋਲੀਆਂ ਭਰੀਆਂ ਹੋਈਆਂ ਨੇ!” ”ਕੀ ਮੈਂ ਮਿਸਟਰ ਪਾਵੇਲ ਨੂੰ ਮਿਲ ਸਕਦਾਂ?” ਮੁਰਕਿਨ ਨੇ ਅੰਦਰ ਵੜਨ ਸਾਰ ਆਖਿਆ। ”ਮੈਂ ਹੀ ਆਂ।” ਬਲਿਊਬਿਅਰਡ ਨੇ ਉਸ ਵੱਲ ਮੂੰਹ ਕਰਦਿਆਂ ਆਖਿਆ, ”ਤੈਨੂੰ ਕੀ ਚਾਹੀਦੈ?” ”ਸਰ, ਤੁਹਾਨੂੰ ਤਕਲੀਫ਼ ਦੇਣ ਲਈ ਮੁਆਫ਼ੀ ਚਾਹੁੰਦਾਂ।” ਮੁਰਕਿਨ ਨੇ ਬੇਨਤੀ ਦੇ ਲਹਿਜ਼ੇ ਵਿੱਚ ਆਖਿਆ, ”ਮੇਰੇ ‘ਤੇ ਯਕੀਨ ਕਰੋ। ਮੈਂ ਕਮਜ਼ੋਰ ਸਿਹਤ ਵਾਲਾ ਗੰਠੀਆ ਪੀੜਤ ਆਦਮੀ ਆਂ। ਡਾਕਟਰ ਨੇ ਮੈਨੂੰ ਆਪਣੇ ਪੈਰ ਨਿੱਘੇ ਰੱਖਣ ਲਈ ਸਖ਼ਤ ਹਦਾਇਤ ਦਿੱਤੀ ਐ।” ”ਮੈਨੂੰ ਸਾਫ਼ ਸਾਫ਼ ਦੱਸ ਤੂੰ ਚਾਹੁੰਦਾ ਕੀ ਐਂ?” ”ਤੁਸੀਂ ਰਾਤ ਬੁਟੇਅਬ ਹੋਟਲ ਦੇ ਕਮਰਾ ਨੰਬਰ 64 ਵਿੱਚ ਠਹਿਰੇ ਸੀ?” ਮੁਰਕਿਨ ਨੇ ਬਲਿਊਬਿਅਰਡ ਨੂੰ ਸੰਬੋਧਨ ਕਰਦਿਆਂ ਆਖਿਆ। ”ਕੀ ਬੇਵਕੂਫ਼ੀ ਐ?” ਰਾਜਾ ਬੋਬੇਸ਼ ਨੇ ਦੰਦ ਕੱਢਦਿਆਂ ਆਖਿਆ, ”64 ਨੰਬਰ ‘ਚ ਤਾਂ ਮੇਰੀ ਪਤਨੀ ਰਹਿੰਦੀ ਐ।” ”ਸਰ, ਤੁਹਾਡੀ ਪਤਨੀ?” ਮੁਰਕਿਨ ਮੁਸਕਰਾਇਆ, ”ਉਸੇ ਨੇਕ ਔਰਤ ਨੇ ਤਾਂ ਮੈਨੂੰ ਇਹ ਬੂਟ ਦਿੱਤੇ ਨੇ।” ਫ਼ਿਰ ਉਹ ਬਲਿਊਬਿਅਰਡ ਵੱਲ ਵੇਖਦਿਆਂ ਆਖਣ ਲੱਗਿਆ, ”ਨੌਕਰ ਨੇ ਨਸ਼ੇ ‘ਚ ਆਪਣੇ ਦੋਹਾਂ ਦੇ ਬੂਟ 64 ਨੰਬਰ ‘ਚ ਰੱਖ ਦਿੱਤੇ ਅਤੇ ਤੁਸੀਂ ਉਥੋਂ ਜਾਣ ਲੱਗਿਆਂ ਮੇਰੇ ਪਾ ਲਏ ਤੇ ਆਪਣੇ ਉਥੇ ਛੱਡ ਗਏ।” ”ਤੂੰ ਗੱਲ ਕੀ ਕਰਦੈਂ?” ਬਲਿਊਬਿਅਰਡ ਨੇ ਕ੍ਰੋਧ ਨਾਲ ਆਖਿਆ, ”ਤੂੰ ਇਥੇ ਮੇਰਾ ਅਪਮਾਨ ਕਰਨ ਆਇਐਂ?” ”ਨਹੀਂ, ਸਰ। ਤੁਸੀਂ ਗ਼ਲਤ ਸਮਝ ਰਹੇ ਓ। ਮੈਂ ਤਾਂ ਬੂਟਾਂ ਦੀ ਗੱਲ ਕਰਦਾਂ। ਤੁਸੀਂ 64 ਨੰਬਰ ‘ਚ ਠਹਿਰੇ ਨ੍ਹੀ ਸੀ?” ”ਕਦ?” ”ਰਾਤ।” ”ਤੁੰ ਮੈਨੂੰ ਉਥੇ ਵੇਖਿਆ ਸੀ?” ”ਨਹੀਂ, ਸਰ। ਮੈਂ ਤੁਹਾਨੂੰ ਨ੍ਹੀ ਵੇਖਿਆ।” ਮੁਰਕਿਨ ਨੇ ਬੂਟ ਲਾਹੁੰਦਿਆਂ ਬਹੁਤ ਘਬਰਾਹਟ ਵਿੱਚ ਆਖਿਆ, ”ਮੈਂ ਤੁਹਾਨੂੰ ਉਥੇ ਨ੍ਹੀ ਵੇਖਿਆ। ਪਰ ਇਸ ਭੱਦਰ ਪੁਰਸ਼ ਦੀ ਪਤਨੀ ਨੇ ਮੇਰੇ ਕੋਲ ਮੇਰੇ ਬੂਟਾਂ ਦੀ ਬਜਾਇ ਤੁਹਾਡੇ ਸੁੱਟ ਦਿੱਤੇ।” ”ਤੂੰ ਇਹ ਗੱਲ ਦ੍ਰਿੜਤਾ ਨਾਲ ਕਿਵੇਂ ਆਖਦੈਂ?” ਬਲਿਊਬਿਅਰਡ ਉੱਚੀ ਉੱਚੀ ਬੋਲਣ ਲੱਗਿਆ, ”ਮੈਂ ਆਪਣੇ ਬਾਰੇ ਤਾਂ ਕੁਝ ਨ੍ਹੀ ਕਹਿੰਦਾ। ਪਰ ਤੂੰ ਇੱਕ ਔਰਤ ਨੂੰ ਬਦਨਾਮ ਕਰ ਰਿਹੈਂ ਤੇ ਉਹ ਵੀ ਉਸ ਦੇ ਪਤੀ ਦੀ ਹਾਜ਼ਰੀ ‘ਚ।” ਸ਼ਿੰਗਾਰ ਕਮਰੇ ਵਿੱਚ ਭਿਆਨਕ ਰੌਲਾ ਪੈ ਗਿਆ। ਰਾਜਾ ਬੋਬੇਸ਼ ਗੁੱਸੇ ਨਾਲ ਲਾਲ-ਪੀਲਾ ਹੋ ਗਿਆ। ਉਸ ਨੇ ਐਨੇ ਜ਼ੋਰ ਨਾਲ ਮੇਜ਼ ‘ਤੇ ਮੁੱਕਾ ਮਾਰਿਆ ਕਿ ਨਾਲ ਦੇ ਸ਼ਿੰਗਾਰ ਕਮਰੇ ਵਿੱਚ ਦੋ ਅਭਿਨੇਤ੍ਰੀਆਂ ਬੇਹੋਸ਼ ਹੋਣ ਵਾਲੀਆਂ ਹੋ ਗਈਆਂ। ”ਤੇ ਤੂੰ ਇਸ ਨੂੰ ਸੱਚ ਮੰਨਦੈਂ?” ਬਲਿਊਬਿਅਰਡ ਰਾਜਾ ਬੋਬੇਸ਼ ਵੱਲ ਵੇਖਦਾ ਚਿੱਲਾਇਆ, ”ਤੂੰ ਇਸ ਨਿਕੰਮੇ ਬਦਮਾਸ਼ ‘ਤੇ ਯਕੀਨ ਕਰਦੈਂ? ਮੈਂ ਇਸ ਨੂੰ ਕੁੱਤੇ ਵਾਂਗ ਮਾਰ ਦਿਆਂਗਾ।” ਉਸ ਦਿਨ ਨਾਟਕ ਵੇਖਣ ਗਏ ਲੋਕ ਦੱਸਦੇ ਹਨ ਕਿ ਇੱਕ ਪੀਲੇ ਚਿਹਰੇ ਤੇ ਡਰਾਉਣੀਆਂ ਅੱਖਾਂ ਵਾਲਾ ਆਦਮੀ ਨੰਗੇ ਪੈਰੀਂ ਥੀਏਟਰ ਵਿੱਚੋਂ ਨਿਕਲ ਕੇ ਦੌੜਿਆ ਜਾ ਰਿਹਾ ਸੀ ਅਤੇ ਬਲਿਊਬਿਅਰਡ ਦੇ ਪਹਿਰਾਵੇ ਵਿੱਚ ਇੱਕ ਆਦਮੀ ਹੱਥ ਵਿੱਚ ਰਿਵਾਲਵਰ ਫ਼ੜੀ ਉਸ ਦਾ ਪਿੱਛਾ ਕਰ ਰਿਹਾ ਸੀ। ਇਸ ਤੋਂ ਮਗਰੋਂ ਜੋ ਹੋਇਆ, ਉਹ ਕਿਸੇ ਨੇ ਨਹੀਂ ਵੇਖਿਆ। ਸਿਰਫ਼ ਐਨੀ ਹੀ ਜਾਣਕਾਰੀ ਹੈ ਕਿ ਉਸ ਦਿਨ ਤੋਂ ਬਾਅਦ ਮੁਰਕਿਨ ਪੰਦਰਾਂ, ਵੀਹ ਦਿਨ ਮੰਜੇ ‘ਤੇ ਪਿਆ ਰਿਹਾ ਅਤੇ ਉਹ ਆਪਣੇ ਸ਼ਬਦਾਂ ”ਮੈਂ ਕਮਜ਼ੋਰ ਸਿਹਤ ਵਾਲਾ ਗੰਠੀਆ ਪੀੜਤ ਆਦਮੀ ਆਂ” ਨਾਲ ”ਮੈਂ ਜ਼ਖ਼ਮੀ ਆਂ” ਵੀ ਜੋੜਨ ਲੱਗ ਪਿਆ।
ਐਂਟਲ ਚੈਕਫ