ਬੀਮਾਰੀਆਂ ਨੂੰ ਘੱਟ ਕਰਦੇ ਨੇ ਬਾਦਾਮ

ਸਰਦੀ ਆਉਣ ਦੇ ਨਾਲ ਹੀ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਇਸ ਦਰਮਿਆਨ ਸਿਹਤ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਤਿਓਹਾਰਾਂ ਦੀ ਮੌਜ-ਮਸਤੀ ਦੇ ਨਾਲ ਜੇਕਰ ਨਾਸ਼ਤੇ-ਖਾਣੇ ‘ਚ ਬਾਦਾਮਾਂ ਦੀ ਵਰਤੋਂ ਕੀਤੀ ਜਾਵੇ ਤਾਂ ਇਹ LDL ਕੋਲੈਸਟਰੋਲ ਘੱਟ ਕਰਨ ਅਤੇ ਦਿਲ ਦੀਆਂ ਸਾਰੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਘੱਟ ਕਰਨ ‘ਚ ਸਹਾਈ ਹੋ ਸਕਦਾ ਹੈ।
ਮਠਿਆਈ ਦੀ ਵਰਤੋਂ ਸਾਡੀ ਸਿਹਤ ‘ਤੇ ਪਾਉਂਦੀ ਹੈ ਉਲਟਾ ਪ੍ਰਭਾਵ
ਦਿੱਲੀ ਮੈਕਸ ਹੈਲਥਕੇਅਰ ਦੀ ਡਾਈਟੈਟਿਕਸ ਦੀ ਖੇਤਰੀ ਪ੍ਰਮੁੱਖ ਰਿਤਿਕਾ ਦਾ ਕਹਿਣਾ ਹੈ, ”ਕ੍ਰਿਸਮਸ ਦੇ ਆਗਮਨ ਦੇ ਨਾਲ ਹੀ ਸਾਲ ਦੇ ਖ਼ਤਮ ਹੋਣ ਅਤੇ ਨਵੇਂ ਸਾਲ ਦੇ ਜਸ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਦੌਰਾਨ ਜ਼ਿਆਦਾਤਰ ਲੋਕ ਖ਼ੂਬ ਮਠਿਆਈਆਂ ਖਾਂਦੇ ਹਨ ਅਤੇ ਇਸ ਗੱਲ ਦਾ ਜ਼ਰਾ ਵੀ ਖ਼ਿਆਲ ਨਹੀਂ ਰੱਖਦੇ ਕਿ ਜ਼ਿਆਦਾ ਮਠਿਆਈਆਂ ਦੀ ਵਰਤੋਂ ਸਾਡੀ ਸਿਹਤ ‘ਤੇ ਉਲਟ ਪ੍ਰਭਾਵ ਪਾ ਸਕਦੀ ਹੈ।”
ਜੀਵਨਸ਼ੈਲੀ ‘ਚ ਬਦਲਾਅ ਕਾਰਣ ਵਧਦੈ ਕੋਲੈਸਟਰੋਲ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ
ਰਿਤਿਕਾ ਨੇ ਕਿਹਾ, ”ਜੀਵਨ ਸ਼ੈਲੀ ‘ਚ ਬਦਲਾਅ ਕਾਰਨ ਕੋਲੈਸਟਰੋਲ ਦਾ ਵਾਧਾ ਅਤੇ ਦਿਲ ਦੀਆਂ ਬੀਮਾਰੀਆਂ ‘ਚ ਵੀ ਚੋਖਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ‘ਚ ਤਿਓਹਾਰਾਂ ਦੇ ਸਮੇਂ ਮਠਿਆਈਆਂ ਦੀ ਬਜਾਏ ਬਾਦਾਮ ਵਰਗੇ ਹੋਰ ਮੇਵਿਆਂ ਨਾਲ ਬਣੀਆਂ ਮਠਿਆਈਆਂ ਅਤੇ ਵਿਅੰਜਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਸਵਾਦ ਦੇ ਨਾਲ-ਨਾਲ ਸ਼ਰੀਰ ਨੂੰ ਖੁਰਾਕ ਵੀ ਚੰਗੀ ਮਿਲੇਗੀ ਅਤੇ ਸਿਹਤ ‘ਤੇ ਕਿਸੇ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਪਵੇਗਾ ਅਤੇ ਅੱਗੇ ਲਈ ਪੌਜ਼ੇਟਿਵ ਅਸਰ ਰਹੇਗਾ।
LDL ਕੋਲੈਸਟਰੋਲ ਘੱਟ ਕਰਨ ‘ਚ ਮਿਲਦੀ ਹੈ ਮਦਦ
ਉਨ੍ਹਾਂ ਕਿਹਾ ਕਿ ਹਾਲ ਦੇ ਇੱਕ ਅਧਿਐਨ ਤੋਂ ਸਪੱਸ਼ਟ ਹੋਇਆ ਹੈ ਕਿ ਜੇਕਰ ਹਰੇਕ ਦਿਨ 42 ਗ੍ਰਾਮ ਬਾਦਾਮਾਂ ਦਾ ਸੇਵਨ ਕੀਤਾ ਜਾਵੇ ਤਾਂ ਪੇਟ ਦੀ ਚਰਬੀ ਅਤੇ ਕਮਰ ਦਾ ਮੋਟਾਪਾ ਘੱਟ ਹੋਣ ਦੇ ਨਾਲ ਹੀ LDL ਕੋਲੈਸਟਰੋਲ ਘੱਟ ਕਰਨ ‘ਚ ਮਦਦ ਮਿਲਦੀ ਹੈ ਅਤੇ ਇਹ ਦਿਲ ਦੇ ਸਾਰੇ ਰੋਗਾਂ ਦੇ ਖ਼ਤਰੇ ਨੂੰ ਘੱਟ ਕਰਨ ‘ਚ ਵੀ ਸਹਾਈ ਹੁੰਦਾ ਹੈ।
ਰੋਜ਼ਾਨਾ ਬਾਦਾਮਾਂ ਦੀ ਵਰਤੋਂ ਟਾਈਪ-2 ਸ਼ੂਗਰ ਅਤੇ ਦਿਲ ਦੀ ਮਜ਼ਬੂਤੀ ‘ਤੇ ਪਾਉਂਦੀ ਸਾਕਾਰਾਤਮਕ ਅਸਰ
ਸੁਪਰ ਮੌਡਲ ਅਤੇ ਫ਼ਿਟਨੈੱਸ ਪ੍ਰਤੀ ਕਾਫ਼ੀ ਜਾਗਰੂਕ ਮਿਲਿੰਦ ਸੋਮਨ ਦਾ ਵੀ ਮੰਨਣਾ ਹੈ, ”ਮੈਂ ਤਿਓਹਾਰਾਂ ਦੇ ਸਮੇਂ ਨਿੱਜੀ ਤੌਰ ‘ਤੇ ਅਜਿਹੇ ਗਿਫ਼ਟ ਦੇਣਾ ਜ਼ਿਆਦਾ ਪਸੰਦ ਕਰਦਾ ਹਾਂ ਜੋ ਸਿਹਤ ਵਧਾਊ ਹੋਣ।” ਬਾਦਾਮਾਂ ਦਾ ਜ਼ਿਕਰ ਕਰਦਿਆਂ ਮਿਲਿੰਦ ਨੇ ਕਿਹਾ ਕਿ ਇਹ ਵਿਟਾਮਿਨ E, B 12 ਅਤੇ ਆਇਰਨ ਆਦਿ ਕਈ ਮਹੱਤਵਪੂਰਨ ਪੋਸ਼ਕ ਤੱਤਾਂ ਦਾ ਇੱਕ ਚੰਗਾ ਸਰੋਤ ਹੈ। ਇਸ ਤੋਂ ਇਲਾਵਾ, ਕੌਮਾਂਤਰੀ ਜਾਂਚ ਤੋਂ ਵੀ ਇਹ ਸਾਹਮਣੇ ਆਇਆ ਹੈ ਕਿ ਬਾਦਾਮਾਂ ਦੀ ਰੋਜ਼ਾਨਾ ਵਰਤੋਂ ਟਾਈਪ-2 ਸ਼ੂਗਰ, ਦਿਲ ਦੀ ਮਜ਼ਬੂਤੀ ਅਤੇ ਸ਼ਰੀਰ ਦੇ ਭਾਰ ‘ਤੇ ਪੌਜ਼ੇਟਿਵ ਅਸਰ ਪਾਉਂਦੀ ਹੈ ਅਤੇ ਇਹ ਵਧੀਆ ਕੁਦਰਤੀ ਆਹਾਰ ਵੀ ਹੈ।
ਤਿਓਹਾਰ ਅਤੇ ਪਾਰਟੀ ਦੌਰਾਨ ਲੋਕ ਤੰਦਰੁਸਤੀ ਨੂੰ ਕਰਦੇ ਨੇ ਅਣਡਿੱਠਾ
ਪੋਸ਼ਣ ਅਤੇ ਕਲਿਆਣ ਸਲਾਹਕਾਰ ਸ਼ੀਲਾ ਕ੍ਰਿਸ਼ਣਾਸਵਾਮੀ ਦਾ ਕਹਿਣਾ ਹੈ, ”ਤਿਓਹਾਰ ਅਤੇ ਪਾਰਟੀ ਦੌਰਾਨ ਲੋਕ ਖਾਣਾ ਅਤੇ ਤੰਦਰੁਸਤੀ ਨੂੰ ਆਮ ਤੌਰ ‘ਤੇ ਅਣਡਿੱਠਾ ਕਰਦੇ ਹਨ। ਇਸ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ਹੈ ਬਾਦਾਮਾਂ ਜਾਂ ਹੋਰ ਸੁੱਕੇ ਮੇਵਿਆਂ, ਤਾਜ਼ੇ ਫ਼ਲਾਂ ਅਤੇ ਦਲੀਆ ਵਰਗੇ ਸਿਹਤ ਵਧਾਊ ਸਨੈਕਸ ਦੀ ਜ਼ਿਆਦਾ ਵਰਤੋਂ ਕਰਨਾ। ਇਸ ਨਾਲ ਨਾ ਸਿਰਫ਼ ਸ਼ਰੀਰ ਨੂੰ ਘੱਟ ਕੈਲੋਰੀਜ਼ ਮਿਲਣਗੀਆਂ ਸਗੋਂ ਸਿਹਤ ਵਧਾਊ ਆਹਾਰ ਵੀ ਮਿਲੇਗਾ।”
ਸੂਰਜਵੰਸ਼ੀ