ਬੇਗੋਵਾਲ – ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਘਰ ਵਾਪਸੀ ਕਰ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਬੇਗੋਵਾਲ ਵਿਖੇ ਅੱਜ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਵਿਚ ਮੁੜ ਸ਼ਾਮਲ ਹੋ ਗਏ ਹਨ। ਇਸ ਮੌਕੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਅਕਾਲੀ, ਅਕਾਲੀ ਹਾਂ ਅਤੇ ਅਕਾਲੀ ਹੀ ਹਰਾਂਗੇ। ਦੱਸ ਦੇਈਏ ਕਿ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਤੋਂ ਮੁਅੱਤਲ ਕਰ ਦਿਤਾ ਗਿਆ ਸੀ।
ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਕਦੇ ਵੀ ਪਾਰਟੀ ਨਹੀਂ ਛੱਡੀ ਸਗੋਂ ਪਾਰਟੀ ਨੇ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਸੀ। ਖ਼ਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਦਲਜੀਤ ਸਿੰਘ ਚੀਮਾ ਨੇ ਵੀ ਬੀਬੀ ਜਗੀਰ ਕੌਰ ਦੇ ਪਾਰਟੀ ਵਿਚ ਸ਼ਾਮਲ ਹੋਣ ਸਬੰਧੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਨੂੰ ਪਿਛਲੇ ਸਾਲ ਅਕਤੂਬਰ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿਚੋਂ ਬਰਖ਼ਾਸਤ ਕਰ ਦਿਤਾ ਸੀ। ਇਹ ਕਾਰਵਾਈ ਉਸ ਸਮੇਂ ਹੋਈ ਸੀ ਜਦੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਸਿਰ ‘ਤੇ ਸਨ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਬੀਬੀ ਜਗੀਰ ਕੌਰ ਨੂੰ ਕਾਰਨ ਦੱਸੋ ਨੋਟਿਸ ਵੀ ਦਿਤਾ ਗਿਆ ਸੀ ਪਰ ਨਾ ਤਾਂ ਉਨ੍ਹਾਂ ਅਪਣਾ ਪੱਖ ਪੇਸ਼ ਕੀਤਾ ਅਤੇ ਨਾ ਹੀ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋਏ। ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ , ਸੁਰਜੀਤ ਸਿੰਘ ਰੱਖੜਾ, ਪਵਨ ਕੁਮਾਰ ਟੀਨੂੰ ਸਮੇਤ ਕਈ ਲੀਡਰ ਬੀਬੀ ਜਗੀਰ ਕੌਰ ਦੇ ਗ੍ਰਹਿ ਬੇਗੋਵਾਲ ਵਿਖੇ ਪਹੁੰਚੇ ।















