ਨਵੀਂ ਦਿੱਲੀ: ਬੀ.ਜੇ.ਪੀ. ਨੂੰ ਹੁਣ ਨਵਜੋਤ ਸਿੱਧੂ ਤੋਂ ਬਾਅਦ ਇੱਕ ਹੋਰ ਕ੍ਰਿਕੇਟਰ ਵੱਲੋਂ ਝਟਕਾ ਲੱਗ ਸਕਦਾ ਹੈ। ਪਹਿਲਾਂ ਨਵਜੋਤ ਸਿੱਧੂ ਨੇ ਅਸਤੀਫਾ ਦੇ ਕੇ ਪੰਜਾਬ ਬੀ.ਜੇ.ਪੀ. ਦੀਆਂ ਮੁਸ਼ਕਲਾਂ ਵਧਾ ਦਿੱਤੀਆ ਹਨ। ਹੁਣ ਜਾਣਕਾਰੀ ਮਿਲ ਰਹੀ ਹੈ ਕਿ ਬੀ.ਜੇ.ਪੀ. ਸਾਂਸਦ ਕੀਰਤੀ ਆਜ਼ਾਦ ਦੀ ਪਤਨੀ ਪੂਨਮ ਆਜ਼ਾਦ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੀ ਹੈ। ਇਹ ਵੀ ਬੀ.ਜੇ.ਪੀ. ਦੀ ਮੈਂਬਰ ਹੈ।
ਪੂਨਮ ਆਜ਼ਾਦ ਦੇ ਆਮ ਆਦਮੀ ਪਾਰਟੀ ਜੁਆਇਨ ਕਰਨ ਦੀ ਸੂਚਨਾ ਤੋਂ ਬਾਅਦ ਬੀ.ਜੇ.ਪੀ. ਵਿੱਚ ਹੱਲਚਲ ਸ਼ੁਰੂ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਵਿੱਚ ਪ੍ਰੈੱਸ ਕਾਨਫਰੰਸ ਕਰ ਬੀ.ਜੇ.ਪੀ ਛੱਡਣ ਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਐਲਾਨ ਕਰ ਸਕਦੀ ਹੈ। ਇਨ੍ਹਾਂ ਖਬਰਾਂ ਤੋਂ ਬਾਅਦ ਬੀ.ਜੇ.ਪੀ. ਹਾਈਕਮਾਨ ਲਈ ਨਵੀਂ ਚੁਣੌਤੀ ਖੜ੍ਹੀ ਹੋ ਗਈ ਹੈ।
ਕਾਬਲੇਗ਼ੌਰ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਗਾਤਾਰ ਬੀ.ਜੇ.ਪੀ. ਵਿੱਚ ਸੰਨ੍ਹ ਲਾਉਣ ਦੀ ਕੋਸ਼ਿਸ਼ ਵਿੱਚ ਹਨ। ਨਾਰਾਜ਼ ਲੀਡਰਾਂ ਨੂੰ ਆਪ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਦੂਜੇ ਪਾਸੇ ਬੀ.ਜੇ.ਪੀ. ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਲੀਡਰਾਂ ਦੀ ਲਿਸਟ ਵੀ ਛੋਟੀ ਨਹੀਂ ਹੈ। ਅਜਿਹੇ ਲੀਡਰ ਕਈ ਵਾਰ ਪਾਰਟੀ ਖਿਲਾਫ਼ ਬਿਆਨਬਾਜ਼ੀ ਕਰਦੇ ਰਹਿੰਦੇ ਹਨ।















