ਓਸ਼ੋ ਦੀ ਬਾਇਓਪਿਕ ਕਰਨ ਦੀ ਚਾਹਵਾਨ ਹੈ ਆਲੀਆ

ਪਿਛਲੇ ਕੁਝ ਸਮੇਂ ਤੋਂ ਬੌਲੀਵੁਡ ‘ਚ ਓਸ਼ੋ ਬਾਰੇ ਇੱਕ ਬਾਇਓਪਿਕ ਬਣਾਉਣ ਨੂੰ ਲੈ ਕੇ ਕਾਫ਼ੀ ਚਰਚਾ ਚੱਲ ਰਹੀ ਹੈ। ਆਲੀਆ ਭੱਟ ਵੀ ਇਸ ਦਾ ਹਿੱਸਾ ਬਣਨਾ ਚਾਹੁੰਦੀ ਹੈ। ਉਸ ਨੂੰ ਇਸ ਫ਼ਿਲਮ ਦੀ ਸਕ੍ਰਿਪਟ ਬਹੁਤ ਪਸੰਦ ਆਈ ਹੈ …
ਓਸ਼ੋ ਦੀ ਬਾਇਓਪਿਕ ਕਰਨ ਦੀ ਚਾਹਵਾਨ ਹੈ ਆਲੀਆ
ਅਦਾਕਾਰਾ ਆਲੀਆ ਭੱਟ ਦਾ ਕਹਿਣਾ ਹੈ ਕਿ ਫ਼ਿਲਹਾਲ ਉਹ ਓਸ਼ੋ ‘ਤੇ ਆਧਾਰਿਤ ਫ਼ਿਲਮ ‘ਚ ਕੰਮ ਨਹੀਂ ਕਰ ਰਹੀ। ਆਮਿਰ ਖ਼ਾਨ ਅਤੇ ਆਲੀਆ ਭੱਟ ਨੂੰ ਲੈ ਕੇ ਚਰਚਾ ਸੀ ਕਿ ਦੋਹੇਂ ਓਸ਼ੋ ਦੀ ਬਾਇਓਪਿਕ ਦਾ ਹਿੱਸਾ ਹੋਣਗੇ, ਪਰ ਆਮਿਰ ਨੇ ਹਾਲ ਹੀ ‘ਚ ਸਾਫ਼ ਕਰ ਦਿੱਤਾ ਹੈ ਕਿ ਉਹ ਹੌਲੀਵੁਡ ਫ਼ਿਲਮ ਫ਼ੌਰੈੱਸਟ ਗੰਪ ਦੇ ਰੀਮੇਕ ‘ਚ ਰੁੱਝਾ ਹੋਇਆ ਹੈ ਇਸ ਲਈ ਉਹ ਇਹ ਬਾਇਓਪਿਕ ਨਹੀਂ ਕਰ ਸਕਦਾ। ਜਦ ਆਲੀਆ ਤੋਂ ਪੁੱਛਿਆ ਗਿਆ ਕਿ ਕੀ ਉਹ ਓਸ਼ੋ ਬਾਰੇ ਬਣ ਰਹੀ ਬਾਇਓਪਿਕ ਦਾ ਹਿੱਸਾ ਬਣੇਗੀ? ਤਾਂ ਆਲੀਆ ਨੇ ਕਿਹਾ ਕਿ ‘ਇਹ ਸੱਚ ਹੈ ਕਿ ਉਸ ਨੂੰ ਇਹ ਪ੍ਰੌਜੈਕਟ ਪਸੰਦ ਹੈ ਅਤੇ ਉਹ ਇਸ ਨੂੰ ਲੈ ਕੇ ਉਤਸ਼ਾਹਿਤ ਵੀ ਸੀ। ਇਹ ਸ਼ਕੁਨ ਬਤਰਾ ਦਾ ਥੀਮ ਸੀ ਅਤੇ ਕਾਫ਼ੀ ਚੰਗੀ ਕਹਾਣੀ ਹੈ। ‘ ਆਲੀਆ ਨੇ ਕਿਹਾ ਕਿ ਉਸ ਨੇ ਸ਼ਕੁਨ ਨੂੰ ਕਿਹਾ ਸੀ ਕਿ ‘ਜਦੋਂ ਵੀ ਉਹ ਇਹ ਫ਼ਿਲਮ ਬਣਾਉਣਗੇ ਤਾਂ ਉਹ ਇਸ ‘ਚ ਜ਼ਰੂਰ ਕੰਮ ਕਰੇਗੀ, ਪਰ ਹੁਣ ਉਹ ਹੋਰ ਕਈ ਪ੍ਰੌਜੈਕਟਾਂ ‘ਚ ਰੁੱਝ ਗਈ ਹੈ। ਫ਼ਿਰ ਵੀ ਜੇ ਕੁਝ ਸਮੇਂ ਬਾਅਦ ਇਹ ਫ਼ਿਲਮ ਬਣਦੀ ਹੈ ਤਾਂ ਉਹ ਇਸ ਦਾ ਹਿੱਸਾ ਜ਼ਰੂਰ ਬਣਨਾ ਚਾਹੇਗੀ। ‘
ਦੱਸਣਯੋਗ ਹੈ ਕਿ ਇਸ ਵਕਤ ਆਲੀਆ ਦੱਖਣੀ ਫ਼ਿਲਮਾਂ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ RRR ਅਤੇ ਰਣਬੀਰ ਕਪੂਰ ਨਾਲ ਬ੍ਰਹਮਾਸਤਰ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। RRR ਆਲੀਆ ਦੀ ਪਹਿਲੀ ਦੱਖਣ ਭਾਰਤੀ ਫ਼ਿਲਮ ਹੋਵੇਗੀ ਜਿਸ ‘ਚ ਵਰੁਣ ਧਵਨ, ਸੰਜੇ ਦੱਤ ਅਤੇ ਅਜੇ ਦੇਵਗਨ ਵੀ ਹੋਣਗੇ। ਇਸ ਫ਼ਿਲਮ ਦਾ ਬਜਟ 350 ਕਰੋੜ ਦੇ ਕਰੀਬ ਹੈ ਅਤੇ ਆਲੀਆ ਨੂੰ ਵੀ ਇਸ ਲਈ ਮੋਟੀ ਫ਼ੀਸ ਮਿਲੀ ਹੈ। ਹਾਲ ਹੀ ‘ਚ ਆਲੀਆ ਭੱਟ ਦੀ ਫ਼ਿਲਮ ਕਲੰਕ ਰਿਲੀਜ਼ ਹੋਈ ਜਿਸ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ। ਇਸ ਤੋਂ ਬਾਅਦ ਆਲੀਆ ਕਰਨ ਦੀ ਫ਼ਿਲਮ ਤਖ਼ਤ ‘ਚ ਵੀ ਅਹਿਮ ਭੂਮਿਕਾ ਨਿਭਾਏਗੀ। ਰਾਜਾਮੌਲੀ ਨੇ ਵੀ ਆਪਣੀ ਫ਼ਿਲਮ ਲਈ ਆਲੀਆ ਤਕ ਕਰਨ ਜੌਹਰ ਜ਼ਰੀਏ ਹੀ ਪਹੁੰਚ ਕੀਤੀ ਹੈ।