ਰਾਪਜੁਰਾ : ਅਗਾਮੀ ਵਿਧਾਨ ਸਭਾ ਚੋਣਾਂ ਲਈ ਚੋਣ ਮੁਹਿੰਮ ਦਾ ਆਗਾਜ਼ ਕਰਨ ਲਈ ਸ਼ਨੀਵਾਰ ਨੂੰ ਕਾਂਗਰਸ ਪਾਰਟੀ ਦੀ ਇਕ ਭਰਵੀਂ ਬੈਠਕ ਸਥਾਨਕ ਮੁਹੱਬਤ ਪੈਲੇਸ ਵਿਖੇ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਐਚ. ਐਸ. ਹੰਸਪਾਲ, ਮੀਤ ਪ੍ਰਧਾਨ ਡਾ. ਅਮਰ ਸਿੰਘ, ਕਾਂਗਰਸ ਵਿਧਾਇਕ ਤਰਲੋਚਣ ਸਿੰਘ ਸੂੰਹ, ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਸੂਬਾਈ ਕਾਂਗਰਸ ਸ਼ਿਕਾਇਤ ਕਮੇਟੀ ਦੇ ਚੇਅਰਮੈਨ ਐਸ. ਐਮ. ਐਸ. ਸੰਧੂ ਸਮੇਤ ਵੱਡੀ ਗਿਣਤੀ ‘ਚ ਸੂਬੇ ਦੇ ਆਗੂਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਲਾਲ ਸਿੰਘ, ਐਚ. ਐਸ. ਹੰਸਪਾਲ ਸਮੇਤ ਹੋਰ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਅਕਾਲੀ ਹਮੇਸ਼ਾ ਧਰਮ ਦੇ ਨਾਂ ‘ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਹਾਸਲ ਕਰਦੇ ਰਹੇ ਹਨ। ਅਕਾਲੀਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿਚ ਧੱਕ ਦਿੱਤਾ ਹੈ। ਪੰਜਾਬ ਦਾ ਕਿਸਾਨੀ ਅਤੇ ਇੰਡਸਟਰੀ ਖਤਮ ਹੋ ਗਈ ਹੈ। ਬਰਬਾਦ ਹੋਈ ਨਰਮੇ ਦੀ ਫਸਲ ਲਈ ਅਕਾਲੀ ਦਲ ਦੇ ਮੰਤਰੀ ਹੀ ਜ਼ਿੰਮੇਵਾਰ ਹਨ ਜਿਨ੍ਹਾਂ ਨਕਲੀ ਦਵਾਈਆਂ ਦੇ ਕੇ ਲੋਕਾਂ ਨਾਲ ਧਰੋਹ ਕਮਾਇਆ, ਜਿਸ ਕਾਰਨ ਹਸਦਾ ਖੇਡਦਾ ਰੰਗਲਾ ਪੰਜਾਬ ਅਤੇ ਦੇਸ਼ ਦਾ ਇਕ ਨੰਬਰ ਦਾ ਸੂਬਾ ਅੱਜ 19ਵੇਂ ਨੰਬਰ ‘ਤੇ ਪੁੱਜ ਗਿਆ ਹੈ।
ਬੁਲਾਰਿਆਂ ਨੇ ਆਮ ਆਦਮੀ ਪਾਰਟੀ ਤੇ ਵਰ੍ਹਦਿਆਂ ਕਿਹਾ ਕਿ ਆਪ ਦਾ ਖੜ੍ਹਾ ਕੀਤਾ ਹਊਆ ਹੁਣ ਖਤਮ ਹੋ ਗਿਆ ਹੈ। ਕੇਜਰੀਵਾਲ ਦੀ ਗਲਤ ਫਹਿਮੀ ਸੀ ਕਿ ਦਿੱਲੀ ਦੇ ਲੋਕਾਂ ਨੇ ਉਸਨੂੰ ਵੱਡੀ ਜਿੱਤ ਦਿੱਤੀ। ਦਿੱਲੀ ਦੇ ਲੋਕਾਂ ਨੇ ਤਾਂ ਨਰਿੰਦਰ ਮੋਦੀ ਨੂੰ ਹਰਾਉਣ ਲਈ ਅਤੇ ਹੰਕਾਰ ਦੂਰ ਕਰਨ ਲਈ ਉਸਨੂੰ ਵੋਟਾਂ ਪਾਈਆਂ ਸਨ। ਲੋਕਾਂ ਨੇ ਤਾਂ ਮੋਦੀ ਦਾ ਦਿਮਾਗ ਠੀਕ ਕਰ ਦਿੱਤਾ ਪਰ ਸੱਤਾ ਹਾਸਲ ਕਰਨ ਤੋਂ ਬਾਅਦ ਕੇਜਰੀਵਾਲ ਦਾ ਦਿਮਾਗ ਖਰਾਬ ਹੋ ਗਿਆ ਤੇ ਉਹ ਆਪਣੇ ਚੋਣ ਮਨੋਰਥ ਪੱਤਰ ਨੂੰ ਪਵਿੱਤਰ ਗ੍ਰੰਥਾਂ ਤੋਂ ਵੀ ਉਪਰ ਸਮਝਣ ਲੱਗ ਪਿਆ ਹੈ।















