ਚੰਡੀਗੜ੍ਹ : ਕਾਂਗਰਸ ਵਿਧਾਈ ਪਾਰਟੀ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਦੂਜੀ ਵੰਡ ਦੀ 50ਵੀਂ ਵਰ੍ਹੇਗੰਢ ਮਨਾਏ ਜਾਣ ਦੇ ਅਧਾਰ ਉਪਰ ਸਵਾਲ ਕੀਤੇ ਹਨ, ਜਦਕਿ ਇਸਨੇ ਸੂਬੇ ਨੂੰ ਗਰੀਬ ਬਣਾ ਕੇ ਛੱਡ ਦਿੱਤਾ ਸੀ। ਜਿਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕਿਉਂ ਉਨ੍ਹਾਂ ਦੀ ਪਾਰਟੀ ਨੇ 1982 ‘ਚ ਧਰਮ ਯੁੱਧ ਮੋਰਚਾ ਲਗਾਇਆ ਸੀ, ਜਿਸਨੇ ਸੂਬੇ ਨੂੰ ਇਕ ਦਹਾਕੇ ਪਿੱਛੇ ਧਕੇਲ ਦਿੱਤਾ ਸੀ ਅਤੇ ਇਸ ਹੰਗਾਮੇ ਦੌਰਾਨ ਕਰੀਬ 30,000 ਲੋਕ ਮਾਰੇ ਗਏ ਸਨ। ਉਨ੍ਹਾਂ ਨੇ ਕਿਹਾ ਕਿ 1 ਨਵੰਬਰ, 1966 ਨੂੰ ਪੰਜਾਬ ਦਾ ਹੋਇਆ ਪੁਨਰਗਠਨ ਜਸ਼ਨ ਮਨਾਉਣ ਦਾ ਕਾਰਨ ਨਹੀਂ ਹੈ, ਜਿਹੜਾ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ ਅਤੇ ਇਸ ਲਈ ਬਾਦਲ ਨੂੰ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ 1 ਨਵੰਬਰ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਲਈ ਜਸ਼ਨ ਮਨਾਉਣ ਦਾ ਮੌਕਾ ਹੈ, ਨਾ ਕਿ ਪੰਜਾਬ ਵਾਸਤੇ, ਕਿਉਂਕਿ ਸੂਬੇ ਨੂੰ ਇਸਦਾ ਨੁਕਸਾਨ ਹੀ ਹੋਇਆ ਸੀ। ਹੁਣ ਪੰਜਾਬ ਪਿਛੜੇ ਸੂਬਿਆਂ ‘ਚੋਂ ਇਕ ਹੈ, ਜਦਕਿ ਦੋਵੇਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਕਾਫੀ ਅੱਗੇ ਨਿਕਲ ਚੁੱਕੇ ਹਨ। ਸੂਬੇ ਦੇ ਇਨ੍ਹਾਂ ਮਾੜੇ ਹਾਲਾਤਾਂ ਲਈ ਅਕਾਲੀ ਦਲ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਹਾਲਾਂਕਿ ਇਹ ਵਿਅਕਤੀਗਤ ਤੌਰ ‘ਤੇ ਬਾਦਲ ਲਈ ਫਾਇਦੇਮੰਦ ਹੋ ਸਕਦਾ ਹੈ, ਜਿਹੜੇ ਬਤੌਰ ਮੁੱਖ ਮੰਤਰੀ ਆਪਣਾ 5ਵਾਂ ਕਾਰਜਕਾਲ ਪੂਰਾ ਕਰ ਰਹੇ ਹਨ। ਬਾਦਲ ਨੂੰ ਪੰਜਾਬ ਦੀ ਦੂਜੀ ਵੰਡ ਤੋਂ ਹੋਇਆ ਘੱਟੋਂ ਘੱਟ ਇਕ ਫਾਇਦਾ ਦੱਸਣਾ ਚਾਹੀਦਾ ਹੈ।
ਉਨ੍ਹਾਂ ਨੇ ਅਫਸੋਸ ਪ੍ਰਗਟਾਇਆ ਕਿ ਭਾਜਪਾ ਦੇ ਆਗੂ, ਜਿਨ੍ਹਾਂ ‘ਚ ਪਾਰਟੀ ਮੁਖੀ ਅਮਿਤ ਸ਼ਾਹ ਤੇ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਸ਼ਾਮਿਲ ਹਨ, ਇਸ ਸੂਬਾ ਪੱਧਰੀ ਸਮਾਰੋਹ ਦੇ ਮਹਿਮਾਨ ਹਨ, ਜਦਕਿ ਉਦੋਂ ਜਨ ਸੰਘ ਰਹੀ ਭਾਜਪਾ ਨੇ, ਪੰਜਾਬੀ ਸੂਬੇ ਦੀ ਮੰਗ ਦਾ ਬਹੁਤ ਹੀ ਜ਼ੋਰਦਾਰ ਤਰੀਕੇ ਨਾਲ ਵਿਰੋਧ ਕੀਤਾ ਸੀ।
ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲਾਂ ਦੌਰਾਨ ਬਾਦਲ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹਨ ਅਤੇ ਅਕਾਲੀ ਦਲ ਸਰਕਾਰ ਵੱਲੋਂ ਪੰਜਾਬ ਦੇ ਪੁਨਰਗਠਨ ਦੀ 50ਵੀਂ ਵਰ੍ਹੇਗੰਢ ਮਨਾਉਣਾ ਬਹੁਤ ਮੰਦਭਾਗਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸਾਲਾਂ ਤੋਂ 1 ਨਵੰਬਰ ਪੰਜਾਬ ‘ਚ ਗਜਟਿਡ ਛੁੱਟੀ ਨਹੀਂ ਹੈ, ਲੇਕਿਨ ਪਹਿਲੇ ਦਿਨ ਤੋਂ ਇਸਨੂੰ ਹਰਿਆਣਾ ਡੇਅ ਵਜੋਂ ਮਨਾਇਆ ਜਾਂਦਾ ਹੈ। ਇਸਦਾ ਕਾਰਨ ਪੰਜਾਬ ਨੂੰ ਹੋਇਆ ਨੁਕਸਾਨ ਸੀ, ਜਿਸ ਕਰਕੇ 1 ਨਵੰਬਰ ਕਦੇ ਵੀ ਨਹੀਂ ਮਨਾਇਆ ਗਿਆ। ਇਹੋ ਕਾਰਨ ਹੈ ਕਿ ਬਾਦਲ ਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਜਸ਼ਨ ਦਾ ਕਾਰਨ ਕੀ ਹੈ ਅਤੇ ਕਿਉਂ ਉਨ੍ਹਾਂ ਦੀ ਪਾਰਟੀ ਨੇ 1982 ‘ਚ ਅੰਦੋਲਨ ਸ਼ੁਰੂ ਕੀਤਾ ਸੀ।















