ਕੈਮਿਸਟ ਦੀ ਦੁਕਾਨ ’ਤੇ ਕੈਸ਼ੀਅਰ ਦਾ ਕਤਲ ਕਰਨ ਵਾਲਾ ਸ਼ੂਟਰ ਜੰਮੂ ਤੋਂ ਗ੍ਰਿਫ਼ਤਾਰ

ਚੰਡੀਗੜ੍ਹ : ਇੱਥੇ ਸੈਕਟਰ-11 ’ਚ ਸ਼੍ਰੀ ਕੁਮਾਰ ਕੈਮਿਸਟ ਦੀ ਦੁਕਾਨ ’ਤੇ ਕੈਸ਼ੀਅਰ ਜਾਨਕੀ ਦਾਸ ਦੇ ਕਤਲ ਮਾਮਲੇ ’ਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਸ ਨੇ ਜੰਮੂ ਦੇ ਬਹਿਰਾਣਾ ਤੋਂ ਇਕ ਸ਼ੂਟਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਸੰਨੀ ਮਹਿਰਾ ਵਜੋਂ ਹੋਈ ਹੈ। ਹਾਲਾਂਕਿ ਪੁਲਸ ਵਿਭਾਗ ਨੇ ਇਸ ਸਬੰਧ ’ਚ ਪੁਸ਼ਟੀ ਨਹੀਂ ਕੀਤੀ। ਸ਼ੁਰੂਆਤੀ ਪੁੱਛਗਿਛ ’ਚ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਬਾਅਦ ਸ਼ੂਟਰ ਚੰਡੀਗੜ੍ਹ ਤੋਂ ਦਿੱਲੀ ਗਏ ਅਤੇ ਉੱਥੋਂ ਰੇਲਗੱਡੀ ਰਾਹੀਂ ਜੰਮੂ ਪਹੁੰਚੇ ਸਨ। ਸੂਤਰਾਂ ਦੀ ਮੰਨੀਏ ਤਾਂ ਸੰਨੀ ਲਗਭਗ ਦੋ ਮਹੀਨਿਆਂ ਤੋਂ ਦਿੱਲੀ ਦੇ ਰੈਸਟੋਰੈਂਟ ’ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਹ ਆਪਣੇ ਘਰ ਵਾਪਸ ਨਹੀਂ ਗਿਆ ਸੀ। ਚੰਡੀਗੜ੍ਹ ਪੁਲਸ ਦੀਆਂ ਟੀਮਾਂ ਫ਼ਰਾਰ ਸ਼ੂਟਰ ਅਮਨ ਤੇ ਆਰੀਅਨ ਦੀ ਭਾਲ ’ਚ ਦਿੱਲੀ ਤੇ ਜੰਮੂ ’ਚ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਵਾਰਦਾਤ ’ਚ ਵਰਤੀ ਜ਼ਿਗਾਨਾ ਪਿਸਤੌਲ ਤੁਰਕੀ ’ਚ ਬਣੀ ਹੈ। ਇਹ ਪਿਸਤੌਲ ਪਾਕਿਸਤਾਨ ਤੋਂ ਜੰਮੂ ਪਹੁੰਚੀ ਅਤੇ ਉੱਥੋਂ ਗੋਲਡੀ ਢਿੱਲੋਂ ਗੈਂਗ ਦੇ ਮੈਂਬਰਾਂ ਨੇ ਸ਼ੂਟਰ ਅਮਨ, ਆਰੀਅਨ ਤੇ ਸੰਨੀ ਨੂੰ ਮੁਹੱਈਆ ਕਰਵਾਈ ਸੀ। ਤਿੰਨਾਂ ਮੁਲਜ਼ਮਾਂ ਕੋਲ ਇਕ-ਇਕ ਪਿਸਤੌਲ ਸੀ। ਪੁਲਸ ਨੇ ਪਿਸਤੌਲ, ਬਾਈਕ ਤੇ ਹੋਟਲ ’ਚ ਠਹਿਰਾਉਣ ਦਾ ਪ੍ਰਬੰਧ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਹਿਰਾਸਤ ’ਚ ਲੈ ਲਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਕਿਸੇ ਹੋਰ ਦੇ ਆਧਾਰ ਕਾਰਡ ’ਤੇ ਕਰਵਾਇਆ ਕਮਰਾ ਬੁੱਕ
ਗੋਲਡੀ ਢਿੱਲੋਂ ਗੈਂਗ ਦੇ ਸ਼ੂਟਰਾਂ ਲਈ ਕਜਹੇੜੀ ਦੇ ਹੋਟਲ ’ਚ ਕਿਸੇ ਹੋਰ ਦੇ ਆਧਾਰ ਕਾਰਡ ’ਤੇ ਕਮਰਾ ਬੁੱਕ ਕਰਵਾਇਆ ਸੀ। ਪੁਲਸ ਟੀਮ ਨੇ ਹੋਟਲ ਤੋਂ ਆਧਾਰ ਕਾਰਡ ਦੀ ਕਾਪੀ ਲੈ ਕੇ ਵਿਅਕਤੀ ਨੂੰ ਹਿਰਾਸਤ ’ਚ ਲਿਆ। ਪੁਲਸ ਟੀਮਾਂ ਆਧਾਰ ਕਾਰਡ ਵਾਲੇ ਵਿਅਕਤੀ ਤੋਂ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ। ਇਸ ਤੋਂ ਇਲਾਵਾ ਮੋਬਾਇਲ ਦੀ ਕਾਲ ਡਿਟੇਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੋਟਲ ਰਿਕਾਰਡ ਮੁਤਾਬਕ ਤਿੰਨੇ ਮੁਲਜ਼ਮ ਸ਼ੁੱਕਰਵਾਰ ਦੁਪਹਿਰ 2 ਤੋਂ 2:30 ਵਜੇ ਦੇ ਵਿਚਕਾਰ ਹੋਟਲ ਪਹੁੰਚੇ ਸਨ। ਕਮਰਾ ਲੈਣ ਤੋਂ ਬਾਅਦ ਸ਼ਾਮ ਨੂੰ ਬਾਹਰ ਗਏ ਤੇ ਥੋੜ੍ਹੀ ਦੇਰ ਬਾਅਦ ਵਾਪਸ ਆ ਗਏ। ਇਸ ਤੋਂ ਬਾਅਦ ਸ਼ਨੀਵਾਰ ਦੁਪਹਿਰ ਲਗਭਗ 12:55 ਵਜੇ ਤਿੰਨਾਂ ਨੇ ਹੋਟਲ ਤੋਂ ਚੈੱਕ ਆਊਟ ਕੀਤਾ। ਹੋਟਲ ਦਾ ਕਿਰਾਇਆ 800 ਰੁਪਏ ਦੇਣ ਦੇ ਬਾਅਦ ਚਲੇ ਗਏ।