ਨਵੀਂ ਦਿੱਲੀ- ਸਪਾਈਸਜੈੱਟ ਦੀ ਫਲਾਈਟ ਵਿੱਚ ‘ਬਾਡੀ ਬਿਲਡਰ’ ਬੌਬੀ ਕਟਾਰੀਆ ਦੇ ਸਿਗਰਟ ਪੀਂਦੇ ਹੋਏ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਵੀਡੀਓ ‘ਚ ਕਟਾਰੀਆ ਨੂੰ ਸਪਾਈਸਜੈੱਟ ਜਹਾਜ਼ ‘ਚ ਸਿਗਰਟ ਪੀਂਦੇ ਦੇਖਿਆ ਜਾ ਸਕਦਾ ਹੈ।
ਕਟਾਰੀਆ ਦੇ ਇੰਸਟਾਗ੍ਰਾਮ ‘ਤੇ 6.3 ਲੱਖ ਫਾਲੋਅਰਜ਼ ਹਨ। ਯਾਤਰੀਆਂ ਨੂੰ ਜਹਾਜ਼ ਵਿਚ ਲਾਈਟਰ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਯਾਤਰੀਆਂ ਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਵੀ ਇਜਾਜ਼ਤ ਨਹੀਂ ਹੈ। ਸੂਤਰਾਂ ਮੁਤਾਬਕ ਸਿਗਰਟਨੋਸ਼ੀ ਦੀ ਘਟਨਾ ਸਪਾਈਸ ਜੈੱਟ ਦੇ SG706 ਜਹਾਜ਼ ਵਿੱਚ ਵਾਪਰੀ, ਜੋ ਦੁਬਈ ਤੋਂ ਦਿੱਲੀ ਆ ਰਿਹਾ ਸੀ। ਜਦੋਂ ਇਸ ਘਟਨਾ ਦੀ ਵੀਡੀਓ ਵੀਰਵਾਰ ਨੂੰ ਟਵਿੱਟਰ ‘ਤੇ ਪੋਸਟ ਕੀਤੀ ਗਈ ਤਾਂ ਸਿੰਧੀਆ ਨੇ ਕਿਹਾ, ‘ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਜਿਹੇ ਖ਼ਤਰਨਾਕ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’ ਕਟਾਰੀਆ ਵਿਰੁੱਧ ਕੀ ਕਾਰਵਾਈ ਕੀਤੀ ਜਾ ਰਹੀ ਹੈ, ਇਸ ਸਬੰਧ ਵਿਚ ਸਪਾਈਸ ਜੈੱਟ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।















