ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀਬੀ ਵਾਲਾ ਵਿਚ ਸੋਮਵਾਰ ਦੁਪਹਿਰ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਇੱਕ ਕਰਿੰਦੇ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੈਂਟ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ ਤਿੰਨ ਖਾਲੀ ਖੋਲ ਬਰਾਮਦ ਕੀਤੇ ਹਨ।
ਜਾਣਕਾਰੀ ਅਨੁਸਾਰ ਸੋਲਨ ਸਿੰਘ ਪਿਛਲੇ ਲੰਬੇ ਸਮੇਂ ਤੋਂ ਪਿੰਡ ਬੀਬੀ ਵਾਲਾ ਸਥਿਤ ਸ਼ਰਾਬ ਦੇ ਠੇਕੇ ’ਤੇ ਕਰਿੰਦੇ ਵਜੋਂ ਕੰਮ ਕਰ ਰਿਹਾ ਸੀ। ਸੋਮਵਾਰ ਦੁਪਹਿਰ ਉਹ ਠੇਕੇ ’ਤੇ ਮੌਜੂਦ ਸੀ। ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੌਰਾਨ ਕੁੱਲ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਸੋਲਨ ਸਿੰਘ ਨੂੰ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਠੇਕੇ ਦੇ ਬਾਹਰ ਮਿਲਿਆ ਖੂਨ, ਅੰਦਰ ਘੜੀਸ ਕੇ ਲਿਜਾਣ ਦਾ ਸ਼ੱਕ
ਘਟਨਾ ਸਥਾਨ ਨਾਲ ਜੁੜੇ ਸੂਤਰਾਂ ਮੁਤਾਬਕ ਵਾਰਦਾਤ ਸਮੇਂ ਸੋਲਨ ਸਿੰਘ ਠੇਕੇ ਦੇ ਬਾਹਰ ਸੀ। ਠੇਕੇ ਦੇ ਬਾਹਰ ਵੱਡੀ ਮਾਤਰਾ ਵਿੱਚ ਖੂਨ ਮਿਲਣ ਕਾਰਨ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਹਿਲਾਂ ਉਸ ਨੂੰ ਬਾਹਰ ਗੋਲੀ ਮਾਰੀ ਅਤੇ ਬਾਅਦ ਵਿੱਚ ਲਾਸ਼ ਨੂੰ ਘਸੀਟ ਕੇ ਠੇਕੇ ਦੇ ਅੰਦਰ ਲਿਜਾਇਆ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ।
ਗੱਲੇ ਵਿਚ ਨਹੀਂ ਮਿਲੀ ਨਕਦੀ, ਲੁੱਟ ਦੀ ਖ਼ਦਸ਼ਾ
ਘਟਨਾ ਤੋਂ ਬਾਅਦ ਠੇਕੇ ਦੇ ਅੰਦਰ ਰੱਖੇ ਨਕਦੀ ਵਾਲੇ ਗੱਲੇ ਦੀ ਵੀ ਜਾਂਚ ਕੀਤੀ ਗਈ। ਸੂਤਰਾਂ ਅਨੁਸਾਰ ਗੱਲੇ ਵਿੱਚ ਨਕਦੀ ਨਹੀਂ ਮਿਲੀ। ਇਸ ਆਧਾਰ ’ਤੇ ਵਾਰਦਾਤ ਪਿੱਛੇ ਲੁੱਟ ਦਾ ਮਕਸਦ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਪੁਲਿਸ ਫਿਲਹਾਲ ਹੱਤਿਆ ਦੇ ਨਾਲ-ਨਾਲ ਲੁੱਟ ਦੇ ਐਂਗਲ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੌਕੇ ਤੋਂ ਤਿੰਨ ਖਾਲੀ ਖੋਲ ਬਰਾਮਦ
ਸੂਤਰਾਂ ਅਨੁਸਾਰ ਪੁਲਿਸ ਨੂੰ ਘਟਨਾ ਸਥਾਨ ਤੋਂ ਫਾਇਰ ਕੀਤੇ ਗਏ ਹਥਿਆਰ ਦੇ ਤਿੰਨ ਖਾਲੀ ਖੋਲ ਮਿਲੇ ਹਨ। ਪੁਲਿਸ ਨੇ ਇਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਾਨ ਤੋਂ ਮਿਲੇ ਹੋਰ ਸਬੂਤਾਂ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
CCTV ਫੁਟੇਜ ਖੰਗਾਲ ਰਹੀ ਪੁਲਸ
ਵਾਰਦਾਤ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਤੱਕ ਪਹੁੰਚਣ ਲਈ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਤੋਂ ਕਰੀਬ 500 ਮੀਟਰ ਦੇ ਘੇਰੇ ਵਿੱਚ CCTV ਕੈਮਰੇ ਲੱਗੇ ਹੋਏ ਹਨ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਰਦਾਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਹੜੇ ਲੋਕ ਅਤੇ ਵਾਹਨ ਘਟਨਾ ਸਥਾਨ ਦੇ ਆਸ-ਪਾਸੋਂ ਲੰਘੇ।
ਇਲਾਕੇ ਵਿਚ ਨਾਕਾਬੰਦੀ, ਮੁਲਜ਼ਮਾਂ ਦੀ ਭਾਲ ਤੇਜ਼
ਘਟਨਾ ਤੋਂ ਬਾਅਦ ਪੁਲਸ ਨੇ ਆਸ-ਪਾਸ ਦੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਕੈਂਟ ਦੇ ਕਾਰਜਕਾਰੀ ਐੱਸਐੱਚਓ ਗੁਰਪਿਆਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ।















