ਹਾਜੀਪੁਰ -ਥਾਣਾ ਹਾਜੀਪੁਰ ਦੀ ਪੁਲਸ ਨੇ ਇਲਾਕੇ ‘ਚ ਜਾਅਲੀ ਮਾਈਨਿੰਗ ਅਫ਼ਸਰ ਬਣ ਕੇ ਟਿੱਪਰ ਡਰਾਈਵਰਾਂ ਤੋਂ ‘ਗੁੰਡਾ ਟੈਕਸ’ ਦੇ ਨਾਂ ‘ਤੇ ਗੈਰ-ਕਾਨੂੰਨੀ ਉਗਰਾਹੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਥਾਣਾ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਲਾਕੇ ’ਚੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਕੁਝ ਫ਼ਰਜ਼ੀ ਮਾਈਨਿੰਗ ਅਧਿਕਾਰੀ ਗੈਰ-ਕਾਨੂੰਨੀ ਨਾਕੇ ਲਗਾ ਕੇ ਟਿੱਪਰ ਚਾਲਕਾਂ ਨੂੰ ਡਰਾ-ਧਮਕਾ ਰਹੇ ਹਨ ਅਤੇ ਉਨ੍ਹਾਂ ਤੋਂ ਜ਼ਬਰਦਸਤੀ ਪੈਸੇ ਵਸੂਲ ਰਹੇ ਹਨ।
ਇਨ੍ਹਾਂ ਮਿਲੀਆਂ ਸ਼ਿਕਾਇਤਾਂ ’ਤੇ ਤੁਰੰਤ ਐਕਸ਼ਨ ਲੈਂਦੇ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਅਤੇ ਪੰਜਾਬ ਪੁਲਸ ਦੀ ਸਾਂਝੀ ਟੀਮ ਵੱਲੋਂ ਦਗਨ ਅੱਡੇ ‘ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਮੌਕੇ ਗੈਰ-ਕਾਨੂੰਨੀ ਵਸੂਲੀ ਕਰ ਰਹੇ ਦੋ ਜਣਿਆਂ ਨੂੰ ਧਰ ਦਬੋਚਿਆ ਗਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਮਹਿੰਗਾ ਰਾਮ ਅਤੇ ਹਰਪ੍ਰੀਤ ਸਿੰਘ ਪੁੱਤਰ ਕਿਸ਼ਨ ਸਿੰਘ (ਦੋਵੇਂ ਵਾਸੀ ਪਿੰਡ ਬੱਲੋ ਚੋਹਾਨ) ਵਜੋਂ ਹੋਈ ਹੈ।
ਐੱਸ. ਐੱਚ. ਓ. ਨੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਆਪਣੇ ਆਪ ਨੂੰ ਮਾਈਨਿੰਗ ਵਿਭਾਗ ਦੇ ਉੱਚ ਅਧਿਕਾਰੀ ਦੱਸ ਕੇ ਖ਼ਣਨ ਸਮੱਗਰੀ ਲੈ ਕੇ ਜਾਂਦੇ ਟਿੱਪਰਾਂ ਵਾਲਿਆਂ ਨੂੰ ਬਲੈਕਮੇਲ ਕਰਦੇ ਸਨ। ਪੁਲਸ ਵੱਲੋਂ ਦੋਵਾਂ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।















