ਪੰਤ ਡਗ-ਆਊਟ ‘ਚੋਂ ਦੇਖੇਗਾ IPL-2023

ਦੁਬਈ: ਦਿੱਲੀ ਕੈਪੀਟਲਜ਼ ਦਾ ਕੋਚ ਰਿਕੀ ਪੌਂਟਿੰਗ ਚਾਹੁੰਦਾ ਹੈ ਕਿ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (IPL) ਦੌਰਾਨ ਟੀਮ ਦਾ ਨਿਯਮਿਤ ਕਪਤਾਨ ਰਿਸ਼ਭ ਪੰਤ ਹਫ਼ਤੇ ਦੇ ਪ੍ਰਤੀ ਦਿਨ ਡਗ-ਆਊਟ ‘ਚ ਉਸ ਦੇ ਕੋਲ ਬੈਠੇ। ਪੰਤ ਦਸੰਬਰ ਦੇ ਆਖਰੀ ਹਫ਼ਤੇ ਇੱਕ ਕਾਰ ਹਾਦਸੇ ‘ਚ ਜ਼ਖ਼ਮੀ ਹੋ ਗਿਆ ਸੀ ਜਿਸ ਕਾਰਨ ਉਹ IPL ‘ਚ ਨਹੀਂ ਖੇਡ ਸਕੇਗਾ। ਭਾਰਤ ਦੇ ਵਿਕਟਕੀਪਰ ਅਤੇ ਦਿੱਲੀ ਕੈਪੀਟਲਜ਼ ਦੇ ਕਪਤਾਨ ਪੰਤ ਦਾ ਅਜੇ ਮੁੰਬਈ ‘ਚ ਇਲਾਜ ਚੱਲ ਰਿਹਾ ਹੈ।
ਪੌਂਟਿੰਗ ਨੇ ਕਿਹਾ, ”ਤੁਸੀਂ ਉਸ ਵਰਗੇ ਖਿਡਾਰੀ ਦੀ ਜਗ੍ਹਾ ਨਹੀਂ ਭਰ ਸਕਦੇ। ਉਸ ਤਰ੍ਹਾਂ ਦੇ ਖਿਡਾਰੀ ਆਸਾਨੀ ਨਾਲ ਪੈਦਾ ਨਹੀਂ ਹੁੰਦੇ। ਅਸੀਂ ਉਸ ਦੀ ਜਗ੍ਹਾ ਕਿਸੇ ਵਿਕਟਕੀਪਰ ਬੱਲੇਬਾਜ਼ ਨੂੰ ਟੀਮ ‘ਚ ਰੱਖਣ ‘ਤੇ ਧਿਆਨ ਦੇ ਰਹੇ ਹਾਂ।” ਉਸ ਨੇ ਕਿਹਾ, ”ਜੇਕਰ ਉਹ ਅਸਲੀਅਤ ‘ਚ ਖੇਡਣ ਲਈ ਸ਼ਰੀਰਕ ਤੌਰ ‘ਤੇ ਫ਼ਿੱਟ ਨਹੀਂ ਤਾਂ ਵੀ ਅਸੀਂ ਚਾਹਾਂਗਾ ਕਿ ਉਹ ਟੀਮ ਦੇ ਨਾਲ ਰਹੇ। ਜੇਕਰ ਉਹ ਸਫ਼ਰ ਕਰਨ ‘ਚ ਸਮਰੱਥ ਹੁੰਦਾ ਹੈ ਅਤੇ ਟੀਮ ਦੇ ਨਾਲ ਰਹਿੰਦਾ ਹੈ ਤਾਂ ਮੈਂ ਹਫ਼ਤੇ ਦੇ ਹਰੇਕ ਦਿਨ ਡਗ-ਆਊਟ ‘ਚ ਉਸ ਦੇ ਨਾਲ ਬੈਠਣਾ ਪਸੰਦ ਕਰਾਂਗਾ।”