ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ, ਸਦਰ ਅੰਦਰ ਪੇਸ਼ ਕੀਤੇ ਜਾਣਗੇ ਅਹਿਮ ਮੁੱਦੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ 7ਵਾਂ ਦਿਨ ਹੈ। ਵਿਧਾਨ ਸਭਾ ਅੰਦਰ ਸਦਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ ‘ਚ ਲੁਧਿਆਣਾ-ਰੂਪਨਗਰ ਗਰੀਨ ਫੀਲਡ ਹਾਈਵੇਅ ਲਈ ਐਕਵਾਇਰ ਕੀਤੀ ਹੋਈ ਜ਼ਮੀਨ ਲਈ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ ਦਾ ਮੁੱਦਾ ਚੁੱਕਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਪੰਜਾਬ ਰਾਜ ਚੋਣ ਕਮਿਸ਼ਨ ਸੋਧ ਬਿੱਲ ਵੀ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਜਿਨ੍ਹਾਂ ਮੈਂਬਰਾਂ ਨੇ ਸਦਨ ਅੰਦਰ ਆਪੋ-ਆਪਣੇ ਇਲਾਕਿਆਂ ਦੇ ਸਵਾਲ ਲਗਾਏ ਹੁੰਦੇ ਹਨ, ਉਨ੍ਹਾਂ ‘ਚੋਂ ਬਹੁਤੇ ਮੈਂਬਰ ਗੈਰ-ਹਾਜ਼ਰ ਹੋ ਜਾਂਦੇ ਹਨ ਅਤੇ ਸਮਾਂ ਪਹਿਲਾਂ ਹੀ ਬਹੁਤ ਘੱਟ ਹੁੰਦਾ ਹੈ।
ਉਨ੍ਹਾਂ ਨੇ ਅਪੀਲ ਕੀਤੀ ਕਿ ਜ਼ੀਰੋ ਆਵਰ ਨੂੰ ਘਟਾ ਕੇ ਪ੍ਰਸ਼ਨਕਾਲ ਦਾ ਸਮਾਂ ਵਧਾ ਲਿਆ ਜਾਵੇ। ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਬਲਦਾਂ ਦੀ ਦੌੜ ਪੁਰਾਣੇ ਸਮਿਆਂ ਦੌਰਾਨ ਕਰਵਾਈ ਜਾਂਦੀ ਸੀ, ਜਿਸ ਨੂੰ ਪਿਛਲੇ ਸਮੇਂ ਦੌਰਾਨ ਕੁੱਝ ਕਾਰਨਾਂ ਕਰਕੇ ਰੋਕਣਾ ਪੈ ਗਿਆ।
ਹੁਣ ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਪੰਜਾਬ ‘ਚ ਇਹ ਦੁਬਾਰਾ ਸ਼ੁਰੂ ਹੋ ਗਈਆਂ। ਉਨ੍ਹਾਂ ਕਿਹਾ ਕਿ ਇਕ ਪਿੰਡ ‘ਚ ਕਈ ਖੇਡਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਪਰ ਦੂਜੇ ਪਿੰਡ ‘ਚ ਮਨਜ਼ੂਰੀ ਨਹੀਂ ਮਿਲਦੀ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨਾਲ ਪੱਖਪਾਤ ਹੋ ਰਿਹਾ ਹੈ। ਇਸ ਲਈ ਕੋਈ ਨਿਯਮ ਬਣਾਇਆ ਜਾਵੇ।