ਚੰਡੀਗੜ੍ਹ : ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੰਨੇ ਦੀ ਫ਼ਸਲ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਾਸ ਅਪੀਲ ਕੀਤੀ ਹੈ ਕਿ ਗੁਆਂਢੀ ਸੂਬਿਆਂ ਦੀ ਤਰਜ਼ ‘ਤੇ ਗੰਨੇ ਦਾ ਐਸ. ਏ. ਪੀ. ਵਧਾ ਕੇ ਘੱਟੋ-ਘੱਟ 360 ਰੁਪਏ ਪ੍ਰਤੀ ਕੁਇੰਟਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੰਨੇ ਦਾ ਭਾਅ ਇਸ ਲਈ ਵੀ ਵਧਾਉਣਾ ਜ਼ਰੂਰੀ ਹੈ ਕਿਉਂਕਿ ਗੰਨੇ ਦੀ ਫ਼ਸਲੇ ਝੋਨੇ ਦੀ ਫ਼ਸਲ ਦੇ ਮੁਕਾਬਲੇ ਪਾਣੀ ਬਹੁਤ ਘੱਟ ਲੈਂਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ‘ਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦੀ ਫ਼ਸਲ ਨੂੰ ਪ੍ਰਮੋਟ ਕਰਨ ਲਈ ਜ਼ਮੀਨ ਹੇਠਲੇ ਪਾਣੀ ਦੇ ਘੱਟ ਰਹੇ ਪੱਧਰ ਨੂੰ ਬਚਾਇਆ ਜਾ ਸਕਦਾ ਹੈ। ਖਹਿਰਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਗੰਨੇ ਦੀ ਫ਼ਸਲ ਦੀ ਵਧੀ ਕੀਮਤ ਮੰਗਣਾ ਜਾਇਜ਼ ਹੈ ਕਿਉਂਕਿ ਪੈਟਰੋਲ ਮਹਿੰਗਾ ਹੋ ਗਿਆ ਹੈ, ਖਾਦਾਂ ਦੀ ਕੀਮਤ ਵੱਧ ਗਈ ਹੈ ਅਤੇ ਲੇਬਰ ਵੀ ਮਹਿੰਗੀ ਹੋ ਗਈ ਹੈ।
ਖਹਿਰਾ ਨੇ ਕੈਪਟਨ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨਾ ਭਾਅ ਹਰਿਆਣਾ ਗੰਨੇ ਦੀ ਫ਼ਸਲ ਦਾ ਦੇ ਰਿਹਾ ਹੈ, ਘੱਟੋ-ਘੱਟ ਇੰਨਾ ਭਾਅ ਤਾਂ ਪੰਜਾਬ ਦੇ ਕਿਸਾਨਾਂ ਨੂੰ ਮਿਲਣਾ ਹੀ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਜੇਕਰ ਗੁੰਜਾਇਸ਼ ਹੋਵੇ ਤਾਂ ਕਿਸਾਨਾਂ ਵੱਲੋਂ ਜਿੰਨਾ ਭਾਅ ਮੰਗਿਆ ਜਾ ਰਿਹਾ ਹੈ, ਉਹ ਉਨ੍ਹਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਦੇਸ਼ ਲਈ ਸਭ ਤੋਂ ਜ਼ਿਆਦਾ ਯੋਗਦਾਨ ਕਿਸਾਨਾਂ ਦਾ ਹੀ ਹੈ।















