ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਪੰਜਾਬ ਦੇ ਸਿੱਖਿਆ ਮਾਡਲ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਸਿੱਖਿਆ ਮਾਡਲ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ ਹੈ।
ਆਰਪੀ ਸਿੰਘ ਨੇ ‘ਐਕਸ’ ‘ਤੇ ਪੋਸਟ ਕਰਦੇ ਹੋਏ ਲਿਖਿਆ,”ਪੰਜਾਬ ਦਾ ‘ਸਿੱਖਿਆ ਮਾਡਲ’ ਪੂਰੀ ਤਰ੍ਹਾਂ ਨਾਲ ਬੇਨਕਾਬ ਹੋ ਗਿਆ ਹੈ। ਸੰਸਦ ‘ਚ ਪੇਸ਼ ਅੰਕੜਿਆਂ ਅਨੁਸਾਰ, ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੇ 18,015 ਅਹੁਦੇ ਖਾਲੀ ਪਏ ਹਨ ਯਾਨੀ ਹਰ 6 ਮਨਜ਼ੂਰ ਅਹੁਦਿਆਂ ‘ਚੋਂ ਲਗਭਗ 1 ਅਹੁਦਾ ਖ਼ਾਲੀ ਹੈ। ਲੁਧਿਆਣਾ, ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਅਤੇ ਜਲੰਧਰ ਵਰਗੇ ਜ਼ਿਲ੍ਹਿਆਂ ‘ਚ ਹਜ਼ਾਰਾਂ ਕਲਾਸਰੂਮ ਬਿਨਾਂ ਅਧਿਆਪਕਾਂ ਦੇ ਚੱਲ ਰਹੇ ਹਨ।”
ਉਨ੍ਹਾਂ ਕਿਹਾ,”ਜਦੋਂ ਸਕੂਲਾਂ ‘ਚ ਪੂਰੇ ਅਧਿਆਪਕ ਹੀ ਨਹੀਂ ਹੋਣਗੇ ਤਾਂ ਬੱਚੇ ਚੰਗੀ ਸਿੱਖਿਆ ਕਿਵੇਂ ਹਾਸਲ ਕਰ ਸਕਣਗੇ? ਸਿੱਖਿਆ ਵਿਵਸਥਾ ਵਿਗਿਆਪਨਾਂ, ਮੀਡੀਆ ਕੈਂਪਨ ਅਤੇ ਖੋਖਲ੍ਹੇ ਦਾਅਵਿਆਂ ਦੇ ਦਮ ‘ਤੇ ਨਹੀਂ ਬਣਾਈ ਜਾ ਸਕਦੀ ਹੈ।” ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਿੱਖਿਆ ‘ਚ ਕ੍ਰਾਂਤੀ ਦਾ ਵਾਅਦਾ ਕੀਤਾ ਸੀ ਪਰ ਅਸਲੀਅਤ ਇਹ ਹੈ ਕਿ ਕਲਾਸਰੂਮ ਖਾਲੀ ਹਨ, ਅਧਿਆਪਕਾਂ ‘ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਅਤੇ ਵਿਦਿਆਰਥੀਆਂ ਦੀ ਅਣਦੇਖੀ ਹੋ ਰਹੀ ਹੈ। ਪੰਜਾਬ ਦੇ ਬੱਚੇ ਹਰ ਕਲਾਸਰੂਮ ‘ਚ ਯੋਗ ਅਧਿਆਪਕ ਪਾਉਣ ਦੇ ਹੱਕਦਾਰ ਹਨ, ਨਾ ਕਿ ਅੰਤਹੀਣ ਪ੍ਰਚਾਰ ਅਤੇ ਰਾਜਨੀਤਕ ਨਾਅਰਿਆਂ ਦੇ। ਆਰਪੀ ਸਿੰਘ ਨੇ ਕਿਹਾ ਕਿ ਸ਼ਾਸਨ ਦੀ ਪਰਖ ਨਤੀਜਿਆਂ ਨਾਲ ਹੁੰਦੀ ਹੈ, ਹੈੱਡਲਾਈਨਜ਼ ਨਾਲ ਨਹੀਂ। ਪੰਜਾਬ ਬਿਹਤਰ ਦਾ ਹੱਕਦਾਰ ਹੈ।















