ਪੰਜਾਬ ਤੇ ਰਾਜਸਥਾਨ ‘ਚ 16 ਥਾਵਾਂ ‘ਤੇ NIA ਦੀ ਛਾਪੇਮਾਰੀ, ਹਿਰਾਸਤ ‘ਚ ਲਏ 6 ਲੋਕ

ਨਵੀਂ ਦਿੱਲੀ : ਨੈਸ਼ਨਲ ਇਨਵੈਸਟਿਗੇਸ਼ਨ ਏਜੰਸੀ (NIA) ਨੇ ਦੇਸ਼ ਵਿਚ ਅੱਤਵਾਦੀ-ਅਪਰਾਧੀ ਗੱਠਜੋੜ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਪੰਜਾਬ ਤੇ ਰਾਜਸਥਾਨ ਵਿਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਸ ਵਿਚ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ। NIA ਦੇ ਇਕ ਅਧਿਕਾਰੀ ਨੇ ਕਿਹਾ ਕਿ ਅੱਤਵਾਦੀ-ਸੰਗਠਿਤ ਅਪਰਾਧਿਕ ਗਿਰੋਹ ਦੇ ਗੱਠਜੋੜ ਨਾਲ ਸਬੰਧਤ ਇਕ ਮਾਮਲੇ ਵਿਚ ਜਾਰੀ ਜਾਂਚ ਦੇ ਤਹਿਤ ਪੰਜਾਬ ਵਿਚ 14 ਤੇ ਰਾਜਸਥਾਨ ਵਿਚ 2 ਥਾਵਾਂ ‘ਤੇ ਤਲਾਸ਼ੀ ਲਈ ਗਈ। ਉਨ੍ਹਾਂ ਕਿਹਾ ਕਿ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਸਬੰਧ ਵਿਚ 6 ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਐੱਨ.ਆਈ.ਏ. ਨੇ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ, ਬਠਿੰਡਾ, ਮੋਗਾ, ਸੰਗਰੂਰ ਤੇ ਕਪੂਰਥਲਾ ਜ਼ਿਲ੍ਹਿਆਂ ਅਤੇ ਰਾਜਸਥਾਨ ਦੇ ਚੁਰੂ ਤੇ ਹਨੁਮਾਨਗੜ੍ਹ ਜ਼ਿਲ੍ਹਿਆਂ ਵਿਚ ਸਵੇਰੇ ਛਾਪੇਮਾਰੀ ਸ਼ੁਰੂ ਕੀਤੀ ਗਈ। ਏਜੰਸੀ ਨੇ ਕਿਹਾ, “ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਕਈ ਲੋਕਾਂ ਨੂੰ ਪੁੱਛਗਿੱਛ ਲਈ ਲਿਜਾਇਆ ਗਿਆ। ਕਈ ਡਿਜੀਟਲ ਉਪਕਰਨ, ਮੋਬਾਈਲ ਫ਼ੋਨ ਤੇ ਇਤਰਾਜ਼ਯੋਗ ਕਾਗਜ਼ ਜ਼ਬਤ ਕੀਤੇ ਗਏ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।”