ਪੰਜਾਬ ‘ਚ ਮੋਦੀ ਸਰਕਾਰ ਦੇ 3 ਸਾਲ ਦੇ ਪ੍ਰਚਾਰ ਦੀ ਕਮਾਨ ਕਾਲੀਆ ਦੇ ਹੱਥ

ਜਲੰਧਰ  — ਭਾਜਪਾ ਨੇ ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ 3 ਸਾਲ ਪੂਰੇ ਹੋਣ ‘ਤੇ ਪੂਰੇ ਭਾਰਤ ‘ਚ ਸਰਕਾਰ ਦੀਆਂ ਉਪਲੱਬਧੀਆਂ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੋਗਰਾਮ ਬਣਾਏ ਹਨ। ਇਸ ਦੇ ਤਹਿਤ ਪੰਜਾਬ ‘ਚ ਵੀ ਪਾਰਟੀ ਲੋਕਾਂ ਤੱਕ ਇਹ ਉਪਲੱਬਧੀਆਂ ਪਹੁੰਚਾਉਣ ਲਈ ਰਣਨੀਤੀ ‘ਤੇ ਕੰਮ ਕਰ ਰਹੀ ਹੈ।
ਇਨ੍ਹਾਂ ਪ੍ਰੋਗਰਾਮਾਂ ਦਾ ਪੰਜਾਬ ਦਾ ਸੰਯੋਜਕ ਮਨੋਰੰਜਣ ਕਾਲੀਆ ਨੂੰ ਬਣਾਇਆ ਗਿਆ ਹੈ। ਜਲੰਧਰ ‘ਚ ਇਸ ਸਬੰਧ ‘ਚ ਸੋਮਵਾਰ ਨੂੰ ਇਕ ਬੈਠਕ ਹੋਈ ਜਿਸ ‘ਚ ਪੰਜਾਬ ਦੇ ਸਾਰੇ ਸ਼ਹਿਰਾਂ ‘ਚ ਇਨ੍ਹਾਂ ਪ੍ਰੋਗਰਾਮਾਂ ਦੀ ਦੇਖ-ਰੇਖ ਕਰਨ ਦੀ ਜ਼ਿੰਮੇਦਾਰੀ ਭਾਜਪਾ ਦੇ ਆਗੂਆਂ ਨੂੰ ਸੌਂਪੀ ਗਈ। ਇਹ ਪ੍ਰੋਗਰਾਮ 15 ਜੂਨ ਤੱਕ ਹੋਣਗੇ। ਇਸ ਦੇ ਤਹਿਤ ਪ੍ਰਭਾਤ ਝਾ, ਅਵਿਨਾਸ਼ ਰਾਏ ਖੰਨਾ, ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਅਤੇ ਹੋਰ ਕੇਂਦਰੀ ਪੱਧਰ ਦੇ ਆਗੂ ਪੰਜਾਬ ਆਉਣਗੇ। ਕਾਲੀਆ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਕੰਮ 3 ਸਾਲ ‘ਚ ਦੇਸ਼ ‘ਚ ਕੀਤੇ ਹਨ, ਉਨ੍ਹਾਂ ਦੀ ਝਲਕ ਸਾਰਿਆਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਦੇਸ਼ ਤਰੱਕੀ ਦੀ ਰਾਹ ‘ਤੇ ਹੈ।