ਚੰਡੀਗਡ਼ : ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਇਕ ਸਾਲ ਤੱਕ ਦੇ ਸਮੇਂ ਲਈ “ਗੁਟਖਾ”, “ਪਾਨ ਮਸਾਲਾ”, ਪ੍ਰੋਸੈਸਡ/ਖੁਸ਼ਬੂਦਾਰ ਚੱਬਣ ਵਾਲੇ ਤੰਬਾਕੂ ਜਾਂ ਹੋਰ ਅਜਿਹੇ ਖੁਰਾਕ ਪਦਾਰਥਾਂ ਦੇ ਨਿਰਮਾਣ, ਸਟੋਰੇਜ, ਵਿਕਰੀ ਜਾਂ ਵੰਡ ਦੀ ਮਨਾਹੀ ਕਰ ਦਿੱਤੀ ਹੈ ਜਿਨਾਂ ਵਿੱਚ ਤੰਬਾਕੂ ਜਾਂ ਨਿਕੋਟੀਨ ਦਾ ਇਸਤਮਾਲ ਹੁੰਦਾ ਹੋਵੇ ਫਿਰ ਭਾਂਵੇ ਉਹ ਖੁੱਲ•ੇ ਜਾਂ ਬੰਦ ਤੌਰ ‘ਤੇ ਜਾਂ ਇਕ ਰੂਪ ‘ਚ ਜਾਂ ਵੱਖਰੇ ਤੌਰ ਉੱਤੇ ਵੇਚੇ ਜਾਂਦੇ ਹੋਣ।
ਇਹ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਮਾਣਯੋਗ ਸੁਪਰੀਮ ਕੋਰਟ ਦੇ ਉੇਹਨਾਂ ਹੁੱਕਮਾਂ ਦੇ ਸਨਮੁੱਖ ਕੀਤਾ ਗਿਆ ਹੈ ਜਿਹਨਾਂ ਅਨੁਸਾਰ ਮਾਣਯੋਗ ਅਦਾਲਤ ਨੇ ਇਹ ਪਾਇਆ ਸੀ ਕਿ ਗੁਟਖੇ ਦੀ ਵਿਕਰੀ ਉਤੇ ਪਾਬੰਦੀ ਨਿਯਮਾਂ ਨਾਲ ਛੇਡ਼ਛਾਡ਼ ਕਰਦੇ ਹੋਏ ਗੁਟਖਾ ਉਤਪਾਦਕ ਪਾਨ ਮਸਾਲਾ (ਤੰਬਾਕੂ ਰਹਿਤ) ਨੂੰ ਖੁਸ਼ਬੂਦਾਰ ਚੱਬਣ ਵਾਲੇ ਤੰਬਾਕੂ ਦੇ ਨਾਲ ਵੱਖਰੇ ਪੈਕਟਾਂ ਵਿੱਚ ਵੇਚ ਰਹੇ ਹਨ।















