ਪੰਜਾਬ ‘ਚ ‘ਕੋਰੋਨਾ’ ਨੇ ਫੜੀ ਰਫਤਾਰ, ਗੁਰਦਾਸਪੁਰ ‘ਚੋਂ ਇਕੱਠੇ 6 ਕੇਸ ਆਏ ਸਾਹਮਣੇ

ਗੁਰਦਾਸਪੁਰ — ਜ਼ਿਲਾ ਗੁਰਦਾਸਪੁਰ ‘ਚੋਂ ਅੱਜ 6 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਇਨ੍ਹਾਂ ਦੀ ਪੁਸ਼ਟੀ ਸਿਵਲ ਸਰਜਨ ਡਾ. ਕਿਸ਼ਨ ਚੰਦ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜੋ 6 ਕੇਸ ਸਾਹਮਣੇ ਆਏ ਹਨ, ਉਨ੍ਹਾਂ ‘ਚੋਂ ਇਕ ਮਹਿਲਾ ਨਜ਼ਦੀਕੀ ਪਿੰਡ ਭੂਨ ਦੀ ਹੈ। ਉਕਤ ਔਰਤ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਕਰਵਾ ਰਹੀ ਸੀ। ਇਸ ਦੇ ਇਲਾਵਾ ਇਕ ਕੇਸ ਮੁਹੱਲਾ ਸੰਤ ‘ਚੋਂ ਸਾਹਮਣੇ ਆਇਆ ਹੈ ਅਤੇ ਨਾਂਦੇੜ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਵਾਲਾ ਡਰਾਈਵਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ ਜਦਕਿ 3 ਕੇਸ ਨੇੜਲੇ ਪਿੰਡਾਂ ਦੇ ਦੱਸੇ ਜਾ ਰਹੇ ਹਨ।
ਇਥੇ ਦੱਸਣਯੋਗ ਹੈ ਕਿ ਅੱਜ ਦੇ ਮਿਲੇ 6 ਕੇਸਾਂ ਨੂੰ ਮਿਲਾ ਕੇ ਗੁਰਦਾਸਪੁਰ ‘ਚ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ ਜਦਕਿ ਇਨ੍ਹਾਂ ‘ਚੋਂ ਸਭ ਤੋਂ ਪਹਿਲਾਂ ਮਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋ ਚੁੱਕੀ ਹੈ।