ਲੁਧਿਆਣਾ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਲੁਧਿਆਣਾ ਵਿਚ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕੀਤੀ ਗਈ। ਇਥੇ ਦੱਸ ਦੇਈਏ ਕਿ ਇਸ ਸਕੀਮ ਦੌਰਾਨ ਲੋਕਾਂ ਨੂੰ ਘਰ ਬੈਠੇ ਹੀ 43 ਸੇਵਾਵਾਂ ਦਾ ਲਾਭ ਮਿਲੇਗਾ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਿਰਫ਼ ਪੰਜਾਬ ਲਈ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਇਕ ਕ੍ਰਾਂਤੀਕਾਰੀ ਦਿਨ ਹੈ। ਕੇਜਰੀਵਾਲ ਨੇ ਕਿਹਾ ਕਿ ਜੋ ਕੰਮ ਅੱਜ ਪੰਜਾਬ ਵਿਚ ਸ਼ੁਰੂ ਕੀਤਾ ਗਿਆ ਹੈ, ਉਹ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ। ਇਹ ਕੰਮ 75 ਸਾਲ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।
ਅਰਵਿੰਦ ਕੇਜੀਰਵਾਲ ਨੇ ਕਿਹਾ ਕਿ ਹੁਣ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਅੰਦਰ ਜਾਣ ਦੀ ਲੋੜ ਨਹੀਂ ਹੋਵੇਗੀ, ਸਗੋਂ ਸਰਕਾਰੀ ਦਫ਼ਤਰ ਦੇ ਮੁਲਾਜ਼ਮ ਘਰ ਆ ਕੇ ਲੋਕਾਂ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ 1076 ਨੰਬਰ ‘ਤੇ ਡਾਇਲ ਕਰਨ ਤੋਂ ਬਾਅਦ ਜਿਹੜਾ ਕੰਮ ਕਿਸੇ ਵੀ ਵਿਅਕਤੀ ਨੇ ਸਰਕਾਰ ਕੋਲੋਂ ਕਰਵਾਉਣਾ ਹੋਵੇਗਾ, ਉਸ ਕੰਮ ਲਈ ਜਿਹੜਾ ਸਮਾਂ ਵਿਅਕਤੀ ਦੇਵੇਗਾ, ਉਸੇ ਸਮੇਂ ‘ਤੇ ਹੀ ਸਰਕਾਰੀ ਮੁਲਾਜ਼ਮ ਘਰ ਆ ਕੇ ਉਸ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ 2018 ਵਿਚ ਇਹ ਸਕੀਮ ਸ਼ੁਰੂ ਕੀਤੀ ਗਈ ਸੀ ਅਤੇ ਅੱਜ 5 ਸਾਲ ਹੋ ਗਏ ਹਨ, ਲੋਕ ਘਰ ਬੈਠੇ ਸੇਵਾਵਾਂ ਦਾ ਲਾਭ ਲੈ ਰਹੇ ਹਨ।















