ਪੰਜਾਬ ਇਕ ਵਾਰ ਫਿਰ ਬਾਦਲ ਸਾਹਿਬ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਹੈ : ਮੋਦੀ

ਜਲੰਧਰ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪੰਜਾਬ ਇਕ ਵਾਰ ਫਿਰ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਹੈ ਕਿਉਂਕਿ ਉਨ੍ਹਾਂ ਨੇ ਹਮੇਸ਼ਾ ਪੰਜਾਬ ਲਈ ਕੰਮ ਕੀਤਾ ਹੈ| ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪੰਜਾਬੀ ਮੁੜ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣਗੇ|
ਅੱਜ ਜਲੰਧਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਗੁਰੂਆਂ, ਸੰਤਾਂ, ਨਾਇਕਾਂ, ਸਿਪਾਹੀਆਂ ਅਤੇ ਬਲੀਦਾਨ ਦੀ ਧਰਤੀ ਹੈ| ਪਰ ਕੁਝ ਸਿਆਸੀ ਪਾਰਟੀਆਂ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰ ਰਹੀਆਂ ਹਨ| ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਬਦਨਾਮ ਕਰਨ ਵਾਲਿਆਂ ਨੂੰ ਅਜਿਹੀ ਸਜ਼ਾ ਦਿਓ ਕਿ ਕੋਈ ਫਿਰ ਤੋਂ ਪੰਜਾਬ ਵੱਲ ਉਂਗਲੀ ਚੁੱਕ ਕੇ ਨਾ ਦੇਖ ਸਕੇ| ਪ੍ਰਧਾਨ ਮੰਤਰੀ ਨੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਕਾਂਗਰਸ ਇਕ ਬੀਤੀ ਹੋਈ ਗੱਲ ਹੈ, ਆਖਰੀ ਸਾਂਹ ਤੇ ਆਪਣਾ ਗੁਜ਼ਾਰਾ ਕਰਨ ਵਾਲਾ ਦਲ ਹੈ| ਉਨ੍ਹਾਂ ਕਿਹਾ ਕਿ ਜਿਵੇਂ ਪਾਣੀ ਬਿਨਾਂ ਮੱਛੀ ਤੜਫਦੀ ਹੈ, ਉਂਝ ਹੀ ਬਿਨਾਂ ਸੱਤਾ ਵਿਚ ਕਾਂਗਰਸ ਹੀ ਤੜਫ ਰਹੀ ਹੈ| ਉਨ੍ਹਾਂ ਕਿਹਾ ਕਿ ਦੇਸ਼ ਨੇ 70 ਸਾਲ ਤੱਕ ਵਿਨਾਸ਼ ਦੀ ਰਾਜਨੀਤੀ ਦੇਖੀ ਹੈ, ਜਿਸ ਦਾ ਫਲ ਦੇਸ਼ ਦੀ ਨੌਜਵਾਨ ਪੀੜ੍ਹੀ ਹੁਣ ਤੱਕ ਭੁਗਤ ਰਹੀ ਹੈ| ਉਨ੍ਹਾਂ ਕਿਹਾ ਕਿ 40 ਸਾਲ ਤੋਂ ਵਨ ਰੈਂਕ ਵਨ ਪੈਨਸ਼ਨ ਦੀ ਮੰਗ ਸੀ ਪਰ ਕਾਂਗਰਸ ਵਰਗੀ ਪਾਰਟੀ ਝੂਠੇ ਵਾਅਦੇ ਕਰਦੀ ਰਹੀ ਤੇ 40 ਸਾਲ ਤੱਕ ਇਸ ਨੂੰ ਲਟਕਾ ਕੇ ਰੱਖਿਆ| ਪਰ ਅਸੀਂ ਇਸ ਮੰਗ ਨੂੰ ਪੂਰਾ ਕਰਨ ਦਾ ਕੰਮ ਕੀਤਾ| ਉਨ੍ਹਾਂ ਕਿਹਾ ਕਿ ਵਨ ਰੈਂਕ ਵਨ ਪੈਨਸ਼ਨ ਲਈ ਅਸੀਂ ਹੁਣ ਤੱਕ 6 ਹਜਾਰ ਕਰੋੜ ਰੁਪਏ ਦੇ ਚੁੱਕੇ ਹਾਂ|