ਕਰੀਬ ਤਿੰਨ ਸਾਲ ਪਹਿਲਾਂ ਆਈ ਪੰਜਾਬੀ ਫ਼ਿਲਮ ਜੋਰਾ ਦਾ ਸੀਕੁਅਲ ਜੋਰਾ: ਦਾ ਸੈਕਿੰਡ ਚੈਪਟਰ 6 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਟੀਜ਼ਰ ਨੇ ਹੀ ਸਾਬਿਤ ਕਰ ਦਿੱਤਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਦੇ ਚਾਲੂ ਅਤੇ ੋਰਵਾਇਤੀ ਰੁਝਾਨ ਨੂੰ ਵੱਢ ਮਾਰ ਕੇ ਐਕਸ਼ਨ ਫ਼ਿਲਮਾਂ ਦਾ ਇੱਕ ਨਵਾਂ ਦੌਰ ਸ਼ੁਰੂ ਕਰਨ ਦਾ ਦਮ ਰੱਖਦੀ ਹੈ। ਇਹ ਫ਼ਿਲਮ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਸਿਨੇਮਾ ਸੰਚਾਰ ਦਾ ਸਭ ਤੋਂ ਵੱਡਾ ਮਾਧਿਅਮ ਹੈ। ਫ਼ਿਲਮਾਂ ਦਾ ਕੰਮ ਸਿਰਫ਼ ਮਨੋਰੰਜਨ ਕਰਨਾ ਹੀ ਨਹੀਂ ਹੁੰਦਾ ਸਗੋਂ ਆਲੇ-ਦੁਆਲੇ ਸਮਾਜ ‘ਚ ਵਾਪਰ ਰਹੀਆਂ ਘਟਨਾਵਾਂ ਨੂੰ ਕਸੀਦ ਕਰ ਕੇ ਦਰਸ਼ਕਾਂ ਤਕ ਪਹੁੰਚਾਉਣਾ ਵੀ ਹੁੰਦਾ ਹੈ। ਪੰਜਾਬ ਦੀਆਂ ਕੁੱਝ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਹੈ। ਪੰਜਾਬੀ ਫ਼ਿਲਮ ਜਗਤ ਦਾ ਚਰਚਿਤ ਸਿਤਾਰਾ ਬਣਿਆ ਦੀਪ ਸਿੱਧੂ ਇਸ ਫ਼ਿਲਮ ਦਾ ਨਾਇਕ ਹੈ।
ਇਸ ਫ਼ਿਲਮ ਰਾਹੀਂ ਪੰਜਾਬੀ ਗਾਇਕ ਸਿੰਘਾ ਆਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰੇਗਾ। ਧਰਮਿੰਦਰ ਵਰਗੇ ਦਿੱਗਜ ਅਦਾਕਾਰ ਸਮੇਤ ਇਸ ਫ਼ਿਲਮ ‘ਚ ਮਾਹੀ ਗਿੱਲ, ਜਪਜੀ ਖਹਿਰਾ, ਹੌਬੀ ਧਾਲੀਵਾਲ, ਅਸ਼ੀਸ਼ ਦੁੱਗਲ, ਮੁਕੇਸ਼ ਤਿਵਾੜੀ, ਮਹਾਵੀਰ ਭੁੱਲਰ, ਯਾਦ ਗਰੇਵਾਲ, ਕੁੱਲ ਸਿੱਧੂ, ਸੋਨਪ੍ਰੀਤ ਜਵੰਧਾ, ਪਾਲੀ ਸੰਧੂ, ਬਲਜੀਤ ਸਿੰਘ, ਅਮਨ, ਕਰਨ ਬਟਨ, ਹਰਿੰਦਰ ਭੁੱਲਰ, ਅੰਮ੍ਰਿਤ ਅੰਬੀ, ਸਤਿੰਦਰ ਕੌਰ, ਦਵਿੰਦਰ ਪੁਰਬਾ ਤੇ ਅਸ਼ੋਕ ਤਾਂਗੜੀ ਸਮੇਤ ਕਈ ਹੋਰ ਚਿਹਰੇ ਵੀ ਫ਼ਿਲਮ ਦਾ ਜ਼ਰੂਰੀ ਹਿੱਸਾ ਹਨ। ਜ਼ਿਲਾ ਬਠਿੰਡਾ ‘ਚ ਫ਼ਿਲਮਾਈ ਗਈ ਇਸ ਫ਼ਿਲਮ ਦੀ ਪਿੱਠ ਭੂਮੀ ਵੀ ਬਠਿੰਡਾ ਸ਼ਹਿਰ ਨਾਲ ਸਬੰਧਤ ਹੈ। ਫ਼ਿਲਮ ‘ਚ ਕੁੱਝ ਅਜਿਹੀਆਂ ਘਟਨਾਵਾਂ ਵੀ ਸ਼ਾਮਿਲ ਹਨ ਜੋ ਹਕੀਕੀ ਤੌਰ ‘ਤੇ ਵਾਪਰੀਆਂ ਹਨ। ਇਹ ਫ਼ਿਲਮ ਯਥਾਰਥ ਡਤੇ ਡਰਾਮੇ ਦਾ ਸੁਮੇਲ ਕਹੀ ਜਾ ਸਕਦੀ ਹੈ। ਇਸ ਫ਼ਿਲਮ ਦੇ ਕਈ ਪਾਤਰ ਵੀ ਅਸਲ ਜ਼ਿੰਦਗੀ ‘ਚੋਂ ਲਏ ਗਏ ਹਨ। ਫ਼ਿਲਮ ਦੇ ਐਕਸ਼ਨ ਅਤੇ ਡਾਇਲੌਗ ਇਸ ਦੀ ਜਿੰਦ-ਜਾਨ ਕਹੇ ਜਾ ਸਕਦੇ ਹਨ।
ਬਠਿੰਡੇ ਵਾਲੇ ਬਾਈ ਫ਼ਿਲਮਜ਼ ਅਤੇ ਲਾਊਡ ਰੌਰ ਫ਼ਿਲਮਜ਼ ਦੀ ਪੇਸ਼ਕਸ਼ ਨਿਰਮਾਤਾ ਮਨਦੀਪ ਸਿੰਘ ਸਿੱਧੂ, ਹਰਪ੍ਰੀਤ ਸਿੰਘ ਦੇਵਗਨ, ਜੈਰੀ ਬਰਾੜ, ਵਿਮਲ ਚੋਪੜਾ ਅਤੇ ਅਮਰਿੰਦਰ ਸਿੰਘ ਰਾਜੂ ਦੀ ਇਸ ਫ਼ਿਲਮ ਦਾ ਸੰਗੀਤ ਜਿਥੇ ਫ਼ਿਲਮ ਨੂੰ ਪ੍ਰਭਾਵਸ਼ਾਲੀ ਬਣਾਏਗਾ ਉਥੇ ਦਰਸ਼ਕਾਂ ਨੂੰ ਬੇਹੂਦਾ ਗਾਇਕੀ ਅਤੇ ਸੰਗੀਤ ਤੋਂ ਰਾਹਤ ਵੀ ਦੇਵੇਗਾ। ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਮੁਤਾਬਿਕ, ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਹ ਫ਼ਿਲਮ ਭਾਵੇਂ ਐਕਸ਼ਨ ਡਰਾਮਾ ਫ਼ਿਲਮ ਹੈ, ਪਰ ਇਹ ਸਿਰਫ਼ ਨੌਜਵਾਨਾਂ ਦੀ ਨਾ ਹੋ ਕੇ ਸਮੁੱਚੇ ਪਰਿਵਾਰਾਂ ਦੀ ਫ਼ਿਲਮ ਹੈ ਜੋ ਪੰਜਾਬ ਦੇ ਕਈ ਰੰਗਾਂ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ।











