ਪ੍ਰਭਾਵਸ਼ਾਲੀ ਸ਼ਖ਼ਸੀਅਤ ਸੁਸ਼ਮਿਤਾ ਦੀ ਪਛਾਣ ਹੈ। ਇਹੀ ਕਾਰਨ ਹੈ ਕਿ ਮਿਸ ਯੂਨੀਵਰਸ ਤੋਂ ਹਿੰਦੀ ਸਿਨੇਮਾ ਦੀ ਕਵੀਨ ਬਣਨ ਵਿੱਚ ਉਸ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਲੱਗਿਆ। 1996 ਵਿੱਚ ਉਸ ਨੇ ਬਾਲੀਵੁੱਡ ਵਿੱਚ ਦਸਤਕ ਦਿੱਤੀ। ਸਿੰਗਲ ਮਦਰ ਬਣ ਕੇ ਉਸ ਨੇ ਇਹ ਜੱਗ ਜ਼ਾਹਿਰ ਕਰ ਦਿੱਤਾ ਕਿ ਨਿੱਜੀ ਜੀਵਨ ਵਿੱਚ ਵੀ ਔਰਤਾਂ ਨੂੰ ਕਿਸੇ ‘ਤੇ ਨਿਰਭਰ ਹੋਣ ਦੀ ਮਜਬੂਰੀ ਨਹੀਂ ਹੈ। 19 ਨਵੰਬਰ ਨੂੰ ਉਸ ਦਾ ਜਨਮਦਿਨ ਹੈ। ਕਬੀਰ ਬੇਦੀ ਸੁਸ਼ਮਿਤਾ ਦੀ ਸ਼ਖਸੀਅਤ ਦੇ ਮੁਰੀਦ ਹਨ। ਉਸ ਸੁਸ਼ਮਿਤਾ ਦੀ ਗਿਣਤੀ ਪ੍ਰੇਰਨਾਦਾਇਕ ਔਰਤਾਂ ‘ਚ ਕਰਦੇ ਹਨ। ‘ਮੈਂ ਹੂੰ ਨਾ’ ਵਿੱਚ ਸੁਸ਼ਮਿਤਾ ਦੇ ਸਹਿ ਕਲਾਕਾਰ ਰਹਿ ਚੁੱਕੇ ਕਬੀਰ ਬੇਦੀ ਮੁਤਾਬਕ ‘ਉਹ ਬੋਲਡ ਅਤੇ ਬਿੰਦਾਸ ਔਰਤ ਹੈ। 1996 ਵਿੱਚ ਉਨ੍ਹਾਂ ਨੇ ਆਪਣੇ ਕਰੀਅਰ ਦਾ ਆਗ਼ਾਜ਼ ਕੀਤਾ। ਉਦੋਂ ਤੋਂ ਲੈ ਕੇ ਹੁਣ ਤਕ ਉਨ੍ਹਾਂ ਦਾ ਕਰੀਅਰ ਯਾਦਗਾਰ ਰਿਹਾ ਹੈ। ਉਨ੍ਹਾਂ ਨੂੰ ਕਈ ਫ਼ਿਲਮ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਬੱਚਿਆਂ ਪ੍ਰਤੀ ਮਮਤਾ ਨੇ ਉਨ੍ਹਾਂ ਦੀ ਸ਼ਖਸ਼ੀਅਤ ਵਿੱਚ ਖ਼ਾਸ ਨਿਖਾਰ ਪੈਦਾ ਕੀਤਾ ਹੈ। ਉਨ੍ਹਾਂ ਜਿਸ ਢੰਗ ਨਾਲ ਆਪਣਾ ਕਰੀਅਰ ਅਤੇ ਨਿੱਜੀ ਜ਼ਿੰਦਗੀ ਵਿੱਚ ਸੰਤੁਲਨ ਕਾਇਮ ਰੱਖਿਆ ਹੈ, ਉਹ ਕਾਬਿਲੇ ਤਾਰੀਫ਼ ਹੈ। ਸੁਸ਼ਮਿਤਾ ਨਾਲ ਮੇਰੀ ਪਹਿਲੀ ਮੁਲਾਕਾਤ ਅਮਰੀਕਾ ਵਿੱਚ ਹੋਈ ਸੀ। ਉਥੇ ਉਹ ਮਿਸ ਯੂਨੀਵਰਸ ਮੁਕਾਬਲੇ ਵਿੱਚ ਹਿੱਸਾ ਲੈਣ ਆਈ ਸੀ। 1994 ਵਿੱਚ ਉਨ੍ਹਾਂ ਨੂੰ ਇਹ ਖ਼ਿਤਾਬ ਮਿਲਿਆ ਸੀ। ਇਸ ਤੋਂ ਬਾਅਦ 2004 ਵਿੱਚ ‘ਮੈਂ ਹੂੰ ਨਾ’ ਅਤੇ 2005 ਵਿੱਚ ‘ਬੇਵਫ਼ਾ’ ਵਿੱਚ ਸਾਨੂੰ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ। ਸੁਸ਼ਮਿਤਾ ਦੀ ਸ਼ਖਸੀਅਤ ਦੇ ਅਹਿਮ ਪਹਿਲੂ ਉਜਾਗਰ ਕਰਦਿਆਂ ਕਬੀਰ ਕਹਿੰਦੇ ਹਨ, ‘ਜਦੋਂ ਤੋਂ ਮੈਂ ਉਸ ਨੂੰ ਮਿਲਿਆ ਹਾਂ, ਉਦੋਂ ਤੋਂ ਹੁਣ ਤਕ ਮੈਂ ਸੁਸ਼ਮਿਤਾ ਵਿੱਚ ਕੋਈ ਬਦਲਾਅ ਨਹੀਂ ਦੇਖਿਆ। ਦੋਹਾਂ ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਮੈਂ ਉਸ ਨੂੰ ਹਮੇਸ਼ਾ ਉਤਸ਼ਾਹ ਨਾਲ ਭਰਪੂਰ ਦੇਖਿਆ। ਸੈਟ ‘ਤੇ ਉਸ ਦਾ ਮਿਲਣਸਾਰ ਸੁਭਾਅ ਚਰਚਾ ਦਾ ਵਿਸ਼ਾ ਰਹਿੰਦਾ ਸੀ। ਉਸ ਨੇ ਕਦੀ ਆਪਣੀ ਸਫ਼ਲਤਾ ਨੂੰ ਸਿਰ ‘ਤੇ ਨਹੀਂ ਚੜ੍ਹਨ ਦਿੱਤਾ। ਉਹ ਇਕ ਅਜਿਹੀ ਰਾਣੀ ਹੈ ਜੋ ਖ਼ੁਦ ਬਣਾਏ ਮਹਿਲ ਵਿੱਚ ਰਹਿੰਦੀ ਹੈ। ਉਸ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਕਿਸੇ ਨੂੰ ਦਖ਼ਲ ਨਹੀਂ ਦੇਣ ਦਿੱਤਾ। ਮੇਰਾ ਉਸ ਨਾਲ ਪਰਿਵਾਰਕ ਰਿਸ਼ਤਾ ਹੈ। ਸਾਡੀ ਅਕਸਰ ਮੁਲਾਕਾਤ ਹੁੰਦੀ ਰਹਿੰਦੀ ਹੈ। ਮੈਂ ਕਦੇ ਉਸ ਨੂੰ ਕਿਸੇ ਦੂਜੇ ਐਕਟਰ ਦੀ ਸ਼ਿਕਾਇਤ ਕਰਦਿਆਂ ਨਹੀਂ ਸੁਣਿਆ ਹੈ। ‘ਬੇਵਫ਼ਾ’ ਵਿੱਚ ਉਸ ਨੇ ਸਾਦਗੀ ਭਰਿਆ ਕਿਰਦਾਰ ਨਿਭਾਇਆ ਤੇ ‘ਮੈਂ ਹੂੰ ਨਾ’ ਵਿੱਚ ਚਾਂਦਨੀ ਦੇ ਕਿਰਦਾਰ ਵਿੱਚ ਉਸ ਨੇ ਸਭ ਨੂੰ ਮੋਹਿਤ ਕਰ ਲਿਆ। ਉਸ ਨੇ ਆਪਣੀ ਪੂਰੀ ਜ਼ਿੰਦਗੀ ਫ਼ਿਲਮਾਂ ਨੂੰ ਨਹੀਂ ਦਿੱਤੀ। ਦੋ ਪਿਆਰੀਆਂ ਧੀਆਂ ਦੀ ਮਾਂ ਹੋਣਾ ਉਸ ਦੀ ਖ਼ੂਬਸੂਰਤੀ ਦਾ ਅਸਲੀ ਪਹਿਲੂ ਹੈ। ਉਸ ਦੀ ਖ਼ਾਹਿਸ਼ ਹੈ ਕਿ ਉਸ ਦੀਆਂ ਦੋਵੇਂ ਧੀਆਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰਨ ਅਤੇ ਫ਼ਿਰ ਆਪਣੇ ਸੁਪਨਿਆਂ ਨੂੰ ਜੀਣ।’ ਕਬੀਰ ਅੱਗੇ ਕਹਿੰਦੇ ਹਨ, ‘ਮਿਸ ਇੰਡੀਆ ਮੁਕਾਬਲੇ ਲਈ ਉਸ ਨੂੰ ਆਪਣੀ ਪੜ੍ਹਾਈ ਵਿੱਚਾਲੇ ਛੱਡਣੀ ਪਈ। ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਦਾ ਕਾਰਵਾਂ ਇਸ ਕਦਰ ਅੱਗੇ ਵਧਿਆ ਕਿ ਕੌਮਾਂਤਰੀ ਗ੍ਰਾਂਫ਼ ‘ਤੇ ਉਸ ਨੇ ਪ੍ਰਸਿੱਧੀ ਹਾਸਲ ਕੀਤੀ। ਸਿੱਖਿਆ ਦੀ ਉਸ ਦੀ ਜ਼ਿੰਦਗੀ ਵਿੱਚ ਖ਼ਾਸ ਅਹਿਮੀਅਤ ਹੈ। ਉਹ ਉਨ੍ਹਾਂ ਖ਼ਾਸ ਅਭਿਨੇਤਰੀਆਂ ਵਿੱਚੋਂ ਇਕ ਹੈ ਜੋ ਅਭਿਨੈ ਦੇ ਨਾਲ ਨਾਲ ਔਰਤ ਸ਼ਕਤੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ। ਉਹ ਸੁੰਦਰਤਾ ਅਤੇ ਗਿਆਨ ਦਾ ਬਿਹਤਰੀਨ ਮੇਲ ਹੈ। ਮੈਂ ਉਸ ਨੂੰ ਹਰ ਕਦਮ ‘ਤੇ ਸੰਤੁਲਿਤ ਢੰਗ ਨਾਲ ਤੁਰਦਿਆਂ ਦੇਖਿਆ ਹੈ। ਹਿੰਦੀ ਸਿਨੇਮਾ ਹੋਵੇ ਜਾਂ ਨਿੱਜੀ ਜ਼ਿੰਦਗੀ, ਉਸ ਦਾ ਧਿਆਨ ਹਮੇਸ਼ਾ ਖ਼ੁਦ ਨੂੰ ਬਿਹਤਰ ਬਣਾਉਣ ਵੱਲ ਰਿਹਾ ਹੈ। ਉਸ ਦੇ ਜਨਮਦਿਨ ‘ਤੇ ਮੇਰੀ ਇਹੀ ਦੁਆ ਹੈ ਕਿ ਉਹ ਹਮੇਸ਼ਾ ਖ਼ੁਸ਼ ਅਤੇ ਸਿਹਤਯਾਬ ਰਹੇ।












