ਪ੍ਰਧਾਨ ਮੰਤਰੀ ਵੱਲੋਂ ਡਾ. ਬੀ.ਆਰ. ਅੰਬੇਡਕਰ ਯਾਦਗਾਰੀ ਸਿੱਕੇ ਜਾਰੀ

2ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਡਾ. ਬੀ.ਆਰ. ਅੰਬੇਡਕਰ ਦੀ 125ਵੀਂ ਵਰ੍ਹੇ ਗੰਢ ਵਾਲੇ ਸਾਲ ਦੇ ਜਸ਼ਨਾਂ ਦੇ ਹਿੱਸੇ ਵਜੋਂ ਅੱਜ ਦੋ ਯਾਦਗਾਰੀ ਸਿੱਕੇ ਜਾਰੀ ਕੀਤੇ। ’10 ਰੁਪਏ’ ਅਤੇ ‘ਇੱਕ ਸੌ ਪੰਝੀ ਰੁਪਏ’ ਦੇ ਇਹ ਦੋਵੇਂ ਸਿੱਕੇ ਅੱਜ ਬਾਬਾ ਸਾਹਿਬ ਅੰਬੇਡਕਰ ਦੇ ਮਹਾਪਰਿਨਿਰਵਾਣ ਦਿਵਸ ਮੌਕੇ ਜਾਰੀ ਕੀਤੇ ਗਏ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਵਿਅਕਤੀ ਬਹੁਤ ਘੱਟ ਹੁੰਦੇ ਹਨ, ਜਿਨ੍ਹਾਂ ਦੇ ਦੇਹਾਂਤ ਦੇ 60 ਸਾਲਾਂ ਬਾਅਦ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੂੰ ਅੱਜ ਜਦੋਂ ਅਸੀਂ ਭਾਰਤ ਸਾਹਮਣੇ ਇਸ ਵੇਲੇ ਮੌਜੂਦ ਮੁੱਦਿਆਂ ਦੇ ਸੰਦਰਭ ਵਿੱਚ ਯਾਦ ਕਰਦੇ ਹਾਂ, ਤਾਂ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਉਨ੍ਹਾਂ ਦੀ ਸਭਨਾ ਨੂੰ ਸ਼ਾਮਲ ਕਰਨ ਵਾਲੀ ਪਹੁੰਚ ਦੇ ਸਾਹਮਣੇ ਸਿਰ ਹੋਰ ਵੀ ਜ਼ਿਆਦਾ ਝੁਕ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮਾਜਕ ਨਿਆਂ ਪ੍ਰਤੀ ਉਨ੍ਹਾਂ ਦੇ ਯੋਗਦਾਨਾਂ ਦੀ ਪੂਰੀ ਮਾਨਤਾ ਹੈ ਪਰ ਉਨ੍ਹਾਂ ਦੀ ਆਰਥਿਕ ਸੋਚ ਅਤੇ ਦ੍ਰਿਸ਼ਟੀਕੋਣ ਨੂੰ ਹਾਲੇ ਤੱਕ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਿਆ ਹੈ ਤੇ ਇਸ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਅੰਬੇਡਕਰ ਅਤੇ ਭਾਰਤ ਦੇ ਸੰਵਿਧਾਨ ਬਾਰੇ ਇਸ ਦੇਸ਼ ਵਿੱਚ ਸਦਾ ਵਿਚਾਰ-ਵਟਾਂਦਰਾ ਹੁੰਦਾ ਰਹਿਣਾ ਚਾਹੀਦਾ ਹੈ ਅਤੇ 26 ਨਵੰਬਰ ਨੂੰ ਸੰਵਿਧਾਨ ਦਿਵਸ ਮਨਾਉਣਾ ਉਸੇ ਦਿਸ਼ਾ ਵੱਲ ਇੱਕ ਕਦਮ ਹੈ।
ਪ੍ਰਧਾਨ ਮੰਤਰੀ ਨੇ ਮਹਿਲਾ ਸਸ਼ੱਕਤੀਕਰਨ, ਭਾਰਤ ਦੇ ਸੰਘੀ ਢਾਂਚੇ, ਵਿੱਤ ਅਤੇ ਸਿੱਖਿਆ ਜਿਹੇ ਵਿਸ਼ਿਆਂ ਬਾਰੇ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਸ੍ਰੀ ਅਰੁਣ ਜੇਟਲੀ ਤੇ ਸ੍ਰੀ ਥਾਵਰ ਚੰਦ ਗਹਿਲੋਤ ਵੀ ਮੌਜੂਦ ਸਨ।