ਪ੍ਰਦੁੱਮਣ ਕਤਲ ਕਾਂਡ : ਰਿਆਨ ਸਕੂਲ ਦੇ ਮਾਲਕ ਪਿੰਟੋ ਪਰਿਵਾਰ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ — ਰਿਆਨ ਇੰਟਰਨੈਸ਼ਨਲ ਸਕੂਲ ‘ਚ 7 ਸਾਲ ਦੇ ਪ੍ਰਦੁੱਮਣ ਕਤਲ ਕਾਂਡ ‘ਚ ਪਿੰਟੋ ਪਰਿਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਅੰਤਿਮ ਜ਼ਮਾਨਤ ਮਿਲ ਗਈ ਹੈ। ਪਿੰਟੋ ਪਰਿਵਾਰ ਨੇ ਕੋਰਟ ‘ਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ‘ਚ ਉਨ੍ਹਾਂ ਨੇ ਕੋਰਟ ‘ਚ ਗ੍ਰਿਫਤਾਰੀ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਹਾਈ ਕੋਰਟ ‘ਚ ਅੱਜ ਇਸ ਮਾਮਲੇ ‘ਤੇ ਸੁਣਵਾਈ ਹੋਈ ਜਿਸ ‘ਚ ਅਦਾਲਤ ਨੇ ਪਿੰਟੋ ਪਰਿਵਾਰ ਦੀ ਮੰਗ ਨੂੰ ਮੰਨ ਕੇ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਨੂੰ ਮੰਨਦੇ ਹੋਏ ਅਗਲੀ ਸੁਣਵਾਈ ਤੱਕ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਇਸ ਕੇਸ ਦੀ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ।
ਪ੍ਰਦੱਮਣ ਕਤਲ ਕਾਂਡ ਦੇ ਬਾਅਦ ਰਿਆਨ ਸਕੂਲ ਦੇ ਪ੍ਰਸ਼ਾਸਨ ‘ਤੇ ਸਵਾਲ ਖੜ੍ਹੇ ਹੋ ਗਏ ਸਨ, ਜਿਸ ਤੋਂ ਬਾਅਦ ਰਿਆਨ ਸਕੂਲ ਦੇ ਮਾਲਕਾਂ ਦੀਆਂ ਗ੍ਰਿਫਤਾਰੀਆਂ ਦੀ ਮੰਗ ਕੀਤੀ ਗਈ ਸੀ। ਪ੍ਰਦੁੱਮਣ ਦਾ ਕਤਲ 7 ਸਤੰਬਰ ਨੂੰ ਗੁਰੂਗ੍ਰਾਮ ਦੇ ਸਕੂਲ ‘ਚ ਹੋਇਆ ਸੀ, ਜਿਸ ਤੋਂ ਬਾਅਦ ਸਕੂਲ ਬੱਸ ਦੇ ਕੰਡਕਟਰ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੇਸ ਦੀ ਛਾਨਬੀਣ ਦਾ ਜ਼ਿੰਮਾ ਸੀਬੀਆਈ ਨੂੰ ਦਿੱਤਾ ਗਿਆ ਹੈ। ਹੁਣ ਸੀਬੀਆਈ ਇਸ ਕੇਸ ਦੀ ਜਾਂਚ ਕਰ ਰਹੀ ਹੈ।