ਪੇਟ ਜ਼ਖ਼ਮ ਦੇ ਕਾਰਨ ਅਤੇ ਇਲਾਜ

ਕਈ ਰੋਗ ਪੀੜ੍ਹੀ ਦਰ ਪੀੜ੍ਹੀ ਚਲਦੇ ਹਨ। ਪੇਟ ਦੇ ਜ਼ਖਮਾਂ ਅਤੇ ਛਾਲਿਆਂ ਦਾ ਕਾਰਨ ਵੀ ਪਿਤਾ ਪੁਰਖੀ ਹੋ ਸਕਦਾ ਹੈ ਪਰ ਜ਼ਿਆਦਾਤਰ ਨਾਜਾਇਜ਼ ਖਾਣ-ਪੀਣ ਤੇ ਜੀਵਨ ਸ਼ੈਲੀ ਇਸ ਦੀ ਉਤਪਤੀ ਦਾ ਕਰਨ ਬਣਦੇ ਹਨ। ਮਾਨਸਿਕ ਸਥਿਤੀ ਦਾ ਸਭ ਤੋਂ ਵੱਧ ਅਸਰ ਪਾਚਣ ਪ੍ਰਣਾਲੀ ‘ਤੇ ਪੈਂਦਾ ਹੈ। ਵਧੀ ਹੋਈ ਐਸੀਡਿਟੀ, ਅਲਸਰ, ਕੋਲਾਈਟਿਸ, ਬਦਹਜ਼ਮੀ, ਕਬਜ਼ ਆਦਿ ਸਮੱਸਿਆਵਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ। ਅਲਸਰ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ‘ਜ਼ਖ਼ਮ’। ਸਰੀਰ, ਖ਼ਾਸ ਕਰਕੇ ਪੇਟ ਤੇ ਅੰਤੜੀ ਵਿੱਚ ਹੋਣ ਵਾਲੇ ਜ਼ਖਮਾਂ ਨੂੰ ਅਲਸਰ (ਪੈਪਟਿਕ ਅਲਸਰ) ਕਹਿੰਦੇ ਹਨ।
ਕਾਰਨ: ਸਾਡਾ ਮਿਹਦਾ ਅੰਗਰੇਜ਼ੀ ਦੇ ਅੱਖਰ ‘ਜੇ’ ਵਰਗੇ ਆਕਾਰ ਦਾ ਹੁੰਦਾ ਹੈ ਜੋ ਖੁਰਾਕ ਨਾਲੀ ਦੇ ਹੇਠਲੇ ਹਿੱਸੇ ਤੋਂ ਸ਼ੁਰੂ ਹੋ ਕੇ ਮਿਹਦੇ ਵਿੱਚ ਘੁੰਮਦਾ ਹੋਇਆ ਹੇਠਾਂ ਜਾ ਕੇ ਥੋੜ੍ਹਾ ਉੱਪਰ ਆਉਂਦਾ ਅਤੇ ਛੋਟੀ ਆਂਤ ਦੇ ਸ਼ੁਰੂਆਤੀ ਹਿੱਸੇ ਨਾਲ ਜੁੜਦਾ ਹੈ, ਜਿਸ ਨੂੰ ਗ੍ਰਹਿਣੀ (ਡਿਓਡੀਨਮ) ਕਹਿੰਦੇ ਹਨ। ਮਿਹਦੇ ਦਾ ਆਕਾਰ ਘਟਣ-ਵਧਣ ਵਾਲਾ ਹੁੰਦਾ ਹੈ। ਇਹ ਅੰਦਰੋਂ ਖਾਲੀ ਹੁੰਦਾ ਹੈ ਤੇ ਖਾਣੇ ਨਾਲ ਹੀ ਭਰਦਾ ਹੈ। ਇਸ ਵਿੱਚ ਪੁੱਜਣ ਵਾਲੇ ਖਾਣੇ ਅਨੁਸਾਰ ਹੀ ਇਹ ਆਪਣਾ ਆਕਾਰ ਗ੍ਰਹਿਣ ਕਰ ਲੈਂਦਾ ਹੈ। ਤੇਜ਼ ਮਿਰਚ-ਮਸਾਲੇ ਵਾਲਾ ਪੇਟ ਵਿੱਚ ਪਹੁੰਚ ਕੇ ਨੁਕਸਾਨ ਕਰਦੇ ਹਨ। ਮਿਊਕੋਜ਼ਾ ਨਾਮਕ ਮੋਟੀ ਝਿੱਲੀ ਦੀ ਵਜ੍ਹਾ ਕਰਕੇ ਜੋ ਪਦਾਰਥ ਜੀਭ ‘ਤੇ ਤੇਜ਼ ਅਤੇ ਤਿੱਖਾ ਮਲੂਮ ਹੁੰਦਾ ਹੈ ਉਹ ਪੇਟ ਵਿੱਚ ਜਾ ਕੇ ਅਜਿਹਾ ਨਹੀਂ ਲੱਗਦਾ। ਮਿਊਕੋਜ਼ਾ ਅਜਿਹੇ ਪਦਾਰਥਾਂ ਤੋਂ ਪੇਟ ਦੀ ਰਾਖੀ ਕਰਦਾ ਰਹਿੰਦਾ ਹੈ।
ਤੇਜ਼ਾਬ ਦੇ ਕੰਮ: ਤੇਜ਼ਾਬ ਪ੍ਰੋਟੀਨ ਨੂੰ ਸਰੀਰ ਅੰਦਰ ਜਜ਼ਬ ਕਰਨ ‘ਚ ਮਦਦ ਕਰਦਾ ਹੈ। ਇਸ ਨਾਲ ਐਨਜ਼ਾਇਮ ਸਰਗਰਮ ਹੁੰਦੇ ਹਨ। ਪਾਚਨ ਕਿਰਿਆ ਵਾਸਤੇ ਮਨੁੱਖੀ ਤੇਜ਼ਾਬ ਦਾ ਹੋਣਾ ਜ਼ਰੂਰੀ ਹੁੰਦਾ ਹੈ। ਇਹ ਤੇਜ਼ਾਬ ਮਿਹਦੇ ਵਿੱਚ ਬਣਦਾ ਰਹਿੰਦਾ ਹੈ। ਇਹ ਜ਼ਰੂਰੀ ਹੈ ਕਿ ਇਹ ਲੋੜ ਪੈਣ ‘ਤੇ ਅਤੇ ਸਹੀ ਮਾਤਰਾ ਵਿੱਚ ਹੀ ਬਣੇ। ਜੇ ਖਾਲੀ ਪੇਟ ਵਿੱਚ ਵੀ ਤੇਜ਼ਾਬ ਬਣਦਾ ਹੈ ਤਾਂ ਉਸ ਨਾਲ ਮਿਊਕਸ ਮੈਂਬਰੇਨ ਵਿੱਚ ਸੋਜ਼ ਆ ਜਾਂਦੀ ਹੈ। ਇਹ ਹਾਲਤ ਲੰਮੇ ਸਮੇਂ ਤੱਕ ਬਣੇ ਰਹਿਣ ਨਾਲ ਜ਼ਖ਼ਮ ਭਾਵ ਅਲਸਰ ਪੈਦਾ ਹੋ ਜਾਂਦੇ ਹਨ। ਇਸ ਨੂੰ ਗੈਸਟ੍ਰਿਕ ਅਲਸਰ ਜਾਂ ਮਿਹਦੇ ਦਾ ਅਲਸਰ ਕਿਹਾ ਜਾਂਦਾ ਹੈ। ਦੂਜਾ ਜ਼ਖ਼ਮ ਜਾਂ ਛਾਲਾ ਡਿਓਡੀਨਲ ਅਲਸਰ ਅਖਵਾਉਂਦਾ ਹੈ। ਜਦ ਜ਼ਿਆਦਾ ਤੇਜ਼ਾਬ ਬਣ ਜਾਵੇ ਤਾਂ ਇਹ ਖਾਣੇ ਨਾਲ ਮਿਲ ਕੇ ਡਿਓਡੀਨਮ ਵਿੱਚ ਪਹੁੰਚਣ ਲੱਗਦਾ ਹੈ। ਖਾਣੇ ਨਾਲ ਮਿਲ ਕੇ ਡਿਓਡੀਨਮ ਵਿੱਚ ਪਹੁੰਚਿਆ ਤੇਜ਼ਾਬ ਹਾਨੀਕਾਰਕ ਨਹੀਂ ਹੁੰਦਾ। ਪਰ ਜੇ ਤੇਜ਼ਾਬ ਜ਼ਿਆਦਾ ਬਣੇਗਾ ਅਤੇ ਬਣਦਾ ਹੀ ਰਹੇਗਾ ਤਾਂ ਬਿਨਾਂ ਖਾਣੇ ਵਿੱਚ ਮਿਲਿਆ ਤੇਜ਼ਾਬ ਗ੍ਰਹਿਣੀ ਵਿੱਚ ਪਹੁੰਚ ਕੇ ਉਸ ਦੀ ਅੰਦਰੂਨੀ ਪਰਤ ਨੂੰ ਸਾੜਦਾ ਜਾਂ ਝੁਲਸਦਾ ਰਹੇਗਾ ਜਿਸ ਨਾਲ ਉੱਥੇ ਛਾਲੇ ਜਾਂ ਜ਼ਖ਼ਮ ਬਣ ਜਾਂਦੇ ਹਨ। ਜੇ ਜ਼ਖਮ ਜਾਂ ਅਲਸਰ ਨਾ ਵੀ ਬਣੇ ਤਾਂ ਵੀ ਝੁਲਸੀ ਤੇ ਸੁੱਜੀ ਹੋਈ ਝਿੱਲੀ ਕਰਕੇ ਗ੍ਰਹਿਣੀ ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਸਕੇਗੀ ਅਤੇ ਅਨੇਕਾਂ ਵਿਗਾੜ ਪੈਦਾ ਕਰੇਗੀ। ਇਹ ਦੋਨੋਂ ਗੈਸਟ੍ਰਿਕ ਤੇ ਡਿਓਡੀਨਲ ਕਿਸਮ ਦੇ ਅਲਸਰ ਨੂੰ ਪੈਪਟਿਕ ਅਲਸਰ ਕਿਹਾ ਜਾਂਦਾ ਹੈ।
ਗੈਸਟ੍ਰਿਕ ਅਲਸਰ: ਮਿਹਦੇ ‘ਚ ਉੱਪਰੋਂ ਵਿਚਕਾਰਲੇ ਜਾਂ ਬਿਲਕੁਲ ਹੇਠਲੇ ਭਾਗ ਵਿੱਚ ਛਾਲਾ ਹੋ ਜਾਵੇ ਤਾਂ ਇਸ ਨੂੰ ਗੈਸਟ੍ਰਿਕ ਅਲਸਰ ਕਿਹਾ ਜਾਂਦਾ ਹੈ। ਪੇਟ ਵਿੱਚ ਜੋ ਤੇਜ਼ਾਬ ਬਣਦਾ ਹੈ, ਉਹ ਉੱਥੋਂ ਤੱਕ ਹੀ ਸੀਮਿਤ ਰਹਿਣਾ ਚਾਹੀਦਾ ਹੈ। ਇਹ ਉੱਪਰ ਵਾਲੀ ਆਹਾਰ ਨਾਲੀ (ਇਸੋਫ਼ੇਗਸ) ਤੇ ਡਿਓਡੀਨਮ ਵਿੱਚ ਨਹੀਂ ਜਾਣਾ ਚਾਹੀਦਾ ਹੈ। ਪਾਚਨ ਕਿਰਿਆ ਹੁੰਦੇ ਸਮੇਂ ਮਿਹਦੇ ਦੀਆਂ ਪੇਸ਼ੀਆਂ ਸੁੰਗੜਦੀਆਂ ਹਨ, ਜਿਸ ਦੇ ਦਬਾਅ ਨਾਲ ਖੁਰਾਕ ਹੇਠਾਂ ਵੱਲ ਵਧਦੀ ਹੈ। ਇਸ ਸਮੇਂ ਹੇਠਾਂ ਦਾ ਹਿੱਸਾ, ਜਿਸ ਨੂੰ ਫ਼ਲੋਰਸ ਕਹਿੰਦੇ ਹਨ ਅਤੇ ਜੋ ਡਿਓਡੀਨਮ ਵਿੱਚ ਖੁੱਲ੍ਹਦਾ ਹੈ, ਖੁੱਲ ਜਾਂਦਾ ਹੈ ਜਿਸ ਨਾਲ ਅੰਨ ਡਿਊਟੀਨਮ ਵਿੱਚ ਪਹੁੰਚਦਾ ਹੈ। ਇਹ ਪਾਇਲੋਰਿਸ ਬੰਦ ਰਹਿੰਦਾ ਹੈ ਅਤੇ ਉਦੋਂ ਹੀ ਖੁਲ੍ਹਦਾ ਹੈ ਜਦੋਂ ਕਿਸੇ ਚੀਜ਼ ਨੇ ਵਿੱਚੋਂ ਡਿਓਡੀਨਮ ਵਿੱਚ ਜਾਣਾ ਹੁੰਦਾ ਹੈ। ਪਰ ਜਦ ਕਦੀ ਅਜਿਹਾ ਹੋਵੇ ਕਿ ਐਸਿਡ ਵੱਧ ਬਣਨ ਨਾਲ ਵਾਰ-ਵਾਰ ਤਣਾਅ ਅਤੇ ਦਬਾਅ ਵਧ ਜਾਵੇ ਅਤੇ ਪਾਈਲੋਰਿਸ ਨਾ ਖੁੱਲ੍ਹੇ ਤਾਂ ਆਹਾਰ ਨਾਲੀ ਦੇ ਜੋੜ ‘ਤੇ ਸਥਿਤ ਗੋਲਾਕਾਰ ਪੇਸ਼ੀਆਂ ਇਸ ਦਬਾਅ ਨੂੰ ਰੋਕ ਨਹੀਂ ਸਕਦੀਆਂ ਹਨ, ਸਿੱਟੇ ਵਜੋਂ ਅੰਨ ਆਹਾਰ ਨਾਲੀ ਵਿੱਚੋ ਕਦੀ-ਕਦੀ ਗਲੇ ਵਿੱਚ ਆ ਜਾਂਦਾ ਹੈ। ਅਜਿਹੀ ਹਾਲਤ ਵਿੱਚ ਗਲੇ ‘ਚ ਬੜੀ ਤੇਜ਼ ਜਲਣ ਮਹਿਸੂਸ ਹੁੰਦੀ ਹੈ ਅਤੇ ਛਾਤੀ ਵਿੱਚ ਵੀ ਜਲਣ ਹੋਣ ਲੱਗਦੀ ਹੈ। ਜੇ ਇਹੀ ਹਾਲਤ ਕਾਫ਼ੀ ਸਮੇਂ ਤੱਕ ਬਣੀ ਰਹੇ ਤਾਂ ਆਹਾਰ ਨਾਲੀ ਵਿੱਚ ਵਾਰ-ਵਾਰ ਦਾ ਪਦਾਰਥ ਪਹੁੰਚਦੇ ਰਹਿਣ ਨਾਲ ਆਹਾਰ ਨਾਲੀ ਵਿੱਚ ਸੋਜ਼ ਆ ਜਾਂਦੀ ਹੈ। ਇਸ ਨੂੰ ਇਸੌਫ਼ਿਜ਼ਾਈਟਸ ਕਹਿੰਦੇ ਹਨ। ਜੇ ਲੰਮੇ ਸਮੇਂ ਤੱਕ ਇਹ ਸਥਿਤੀ ਬਣੀ ਰਹੇ ਤਾਂ ਆਹਾਰ ਨਾਲੀ ‘ਚ ਵੀ ਛਾਲੇ ਅਤੇ ਜ਼ਖ਼ਮ ਪੈਦਾ ਹੋ ਜਾਂਦੇ ਹਨ।
ਗੈਸਟ੍ਰਿਕ ਅਲਸਰ ਦੇ ਕਾਰਨ: ਗੈਸਟ੍ਰਿਕ ਜਾਂ ਡਿਊਡੀਨਲ ਅਲਸਰ ਦੇ ਪੈਦਾ ਹੋਣ ਦਾ ਮੁੱਖ ਕਾਰਨ ਐਸਿਡ ਹੀ ਹੁੰਦਾ ਹੈ। ਐਸਿਡ ਜ਼ਿਆਦਾ ਬਣਦੇ ਰਹਿਣ ਦੇ ਵੱਖ-ਵੱਖ ਕਾਰਨ ਹੁੰਦੇ ਹਨ। ਕਿਉਂਕਿ ਐਸਿਡ ਦੀ ਤੀਬਰਤਾ ਨਾਲ ਹੀ ਅਲਸਰ ਹੁੰਦੇ ਹਨ, ਇਸ ਲਈ ਇਸ ਦੀ ਤੀਬਰਤਾ ਪੈਦਾ ਕਰਨ ਵਾਲੇ ਕਾਰਨਾਂ ਨੂੰ ਵੀ ਅਲਸਰ ਹੋਣ ਦਾ ਕਾਰਨ ਮੰਨਿਆ ਜਾਵੇਗਾ। ਇਸਦੇ ਜ਼ਿਆਦਾ ਬਣਦੇ ਰਹਿਣ ਨਾਲ ਹੀ ਅਲਸਰ ਬਣਦਾ ਹੈ। ਕੁਦਰਤ ਨੇ ਮਿਹਦੇ ਦੀ ਰਚਨਾ ਇੰਨੀ ਸੁਰੱਖਿਅਤ ਢੰਗ ਨਾਲ ਬਣਾਈ ਹੈ ਕਿ ਥੋੜ੍ਹੀ ਬਹੁਤੀ ਜਲਣ ਦਾ ਤਾਂ ਅਸਰ ਹੀ ਨਹੀਂ ਹੁੰਦਾ। ਪਰ ਮਾਸ, ਤੇਜ਼ ਮਿਰਚ ਮਸਾਲੇਦਾਰ ਤੇ ਤਲਿਆ ਪਦਾਰਥ, ਤੰਬਾਕੂ ਨੋਸ਼ੀ, ਸ਼ਰਾਬ ਆਦਿ ਦੀ ਵਜ੍ਹਾ ਕਰਕੇ ਅਤੇ ਕੁਝ ਦਵਾਈਆਂ ਦੀ ਵੱਧ ਵਰਤੋਂ ਜਿਵੇਂ ਦਰਦ-ਨਿਵਾਰਕ ਗੋਲੀਆਂ ਨਾਲ ਵੀ ਅਲਸਰ ਹੁੰਦਾ ਹੈ। ਕੁਝ ਤੇਜ਼ ਸ਼ਰਾਬਾਂ ਵੀ ਸਿੱਧੀਆਂ ਮਿਊਕਸ-ਮੈਂਬਰੇਨ ਭਾਵ ਝਿੱਲੀ ਨੂੰ ਝੁਲਸਾ ਦਿੰਦੀਆਂ ਹਨ। ਸ਼ਰਾਬ ਨਾਲ ਮਾਸ ਤੇ ਖਾਧੇ-ਪੀਤੇ ਖਾਣੇ ਨਾਲ ਵੀ ਐਸਿਡ ਪੈਦਾ ਹੁੰਦਾ ਹੈ, ਜਿਸ ਦੇ ਵਧਣ ਨਾਲ ਅਲਸਰ ਹੋ ਜਾਂਦਾ ਹੈ। ਖਾਣ-ਪੀਣ ਤੋਂ ਇਲਾਵਾ ਹੋਰ ਪਦਾਰਥ ਵੀ ਹਨ, ਜੋ ਜਾਂ ਤਾਂ ਅਲਸਰ ਪੈਦਾ ਕਰਦੇ ਹਨ ਜਾਂ ਉਸ ਨੂੰ ਹੋਰ ਵਧਾਉਂਦੇ ਹਨ। ਅਜਿਹਾ ਇੱਕ ਪਦਾਰਥ ਹੈ ਤੰਬਾਕੂ। ਇਸੇ ਤਰ੍ਹਾਂ ਸੰਤਰਾ, ਅੰਗੂਰ, ਆਮਚੂਰ ਦੀ ਖਟਿਆਈ, ਖੱਟੀ ਚਟਨੀ ਆਦਿ। ਕੱਚਾ ਟਮਾਟਰ, ਮੂਲੀ, ਪਿਆਜ਼ ਆਦਿ ਵੀ ਐਸਿਡ ਪੈਦਾ ਕਰਦੇ ਹਨ। ਮੂੰਗ ਦੀ ਦਾਲ ਵਿੱਚ ਖਾਰਾਪਣ (ਅਲਕਲੀ) ਵੱਧ ਹੋਣ ਕਰਕੇ ਇਹ ਮਿਹਦੇ ਵਿੱਚ ਵਧਣ ਵਾਲੇ ਐਸਿਡ ਨੂੰ ਵਾਰ-ਵਾਰ ਨਿਊਟਰਲ ਕਰਕੇ ਸਹੀ ਕਰਦੀ ਰਹਿੰਦੀ ਹੈ। ਭੋਜਨ ਮਾਸਾਹਾਰੀ ਹੋਵੇ ਜਾਂ ਸ਼ਾਕਾਹਾਰੀ, ਭੁੰਨ ਕੇ ਬਣੇ ਭੋਜਨ ਵਿੱਚ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਸ਼ਾਕਾਹਾਰੀ ਪਦਾਰਥਾਂ ਨੂੰ ਜ਼ਿਆਦਾਤਰ ਉਬਾਲ ਕੇ ਹੀ ਬਣਾਉਦਾ ਚਾਹੀਦਾ ਹੈ।
ਡਿਓਡੀਨਲ ਅਲਸਰ ਦੇ ਕਾਰਨ: ਇਹ ਅਲਸਰ ਵੀ ਉਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ, ਜਿਨ੍ਹਾਂ ਕਰਕੇ ਮਿਹਦੇ ਵਿੱਚ ਹੁੰਦਾ ਹੈ, ਪਰ ਦੋਵਾਂ ਦੀ ਹਾਲਤ ਤੇ ਲੱਛਣ ਵੱਖ-ਵੱਖ ਹੁੰਦੇ ਹਨ। ਵੱਧ ਤਲਿਆ ਤੇ ਮਸਾਲੇਦਾਰ ਭੋਜਨ ਖਾਣ ਅਤੇ ਸ਼ਰਾਬ ਪੀਣ ਕਰਕੇ ਇਹ ਅਲਸਰ ਹੋ ਜਾਂਦਾ ਹੈ। ਵੱਧ ਐਸਿਡ ਵਾਲਾ ਭੋਜਨ ਜਦੋਂ ਮਿਹਦੇ ਵਿੱਚੋਂ ਡਿਉਡਿਨਮ ਵਿੱਚ ਪਹੁੰਚਦਾ ਹੈ ਤਾਂ ਉੱਤੇ ਹੀ ਅਲਸਰ ਹੋ ਜਾਂਦਾ ਹੈ। ਇਸ ਅਲਸਰ ਦਾ ਇਲਾਜ ਬੜੀ ਮੁਸ਼ਕਲ ਨਾਲ ਹੁੰਦਾ ਹੈ ਕਿਉਂਕਿ ਭੋਜਨ ਵਿੱਚ ਪਿਆ ਐਸਿਡ ਅਲਸਰ ਦੀ ਛੇੜਛਾੜ ਕਰਦਾ ਰਹਿੰਦਾ ਹੈ ਤੇ ਜ਼ਖ਼ਮ ਦਾ ਇਲਾਜ ਨਹੀਂ ਹੁੰਦਾ।
ਜਾਂਚ: ਰੋਗ ਦੀ ਕਿਸਮ ਲੱਭਣ ਲਈ ਬੇਰੀਅਮ ਪਿਲਾ ਕੇ ਐਕਸ-ਰੇ ਲਿਆ ਜਾਂਦਾ ਹੈ। ਪਰ ਅੱਜ ਕੱਲ੍ਹ ਇੰਡੋਸਕੋਪੀ ਰਾਹੀਂ ਵੀ ਰੋਗ ਦਾ ਪਤਾ ਲੱਗ ਜਾਂਦਾ ਹੈ। ਅਕਸਰ ਮਿਹਦੇ ਦੀ ਸਹੀ ਜਗ੍ਹਾ ਤੇ ਸਥਿਤੀ ਨੂੰ ਜਾਣ ਕੇ ਇਲਾਜ ਨਿਸ਼ਚਿਤ ਕੀਤਾ ਜਾਂਦਾ ਹੈ। ਇਲਾਜ ਦੋ ਕਿਸਮ ਦਾ ਹੁੰਦਾ ਹੈ- ਪਹਿਲਾ, ਦਵਾਈਆਂ ਨਾਲ ਤੇ ਦੂਜਾ ਆਪ੍ਰੇਸ਼ਨ ਨਾਲ। ਮਰੀਜ਼ ਨੂੰ ਐਸਿਡ-ਰੋਧਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਪਰ ਇਹ ਕੋਈ ਪੱਕਾ ਹੱਲ ਨਹੀਂ। ਕਦੇ-ਕਦੇ ਅਲਸਰ ਗੁੰਝਲਦਾਰ ਹੋ ਜਾਂਦਾ ਹੈ ਅਤੇ ਅਤੇ ਫ਼ੁੱਟ ਜਾਣ ਕਰਕੇ ਇਹ ਪੈਰੀਟੋਨੀਅਮ ਵਿੱਚ ਜਾ ਕੇ ਪੈਰੀਂਟੂਨਾਈਟਸ ਕਰਦਾ ਹੈ ਜਿਸ ਨਾਲ ਰੋਗੀ ਦੀ ਜਾਨ ਨੂੰ ਖ਼ਤਰਾ ਹੋ ਜਾਂਦਾ ਹੈ। ਕਦੇ-ਕਦੇ ਅਲਸਰ ‘ਚੋਂ ਖ਼ੂਨ ਨਿਕਲ ਕੇ ਉਲਟੀ ਰਾਹੀਂ ਬਾਹਰ ਆ ਜਾਂਦਾ ਹੈ। ਇਸ ਹਾਲਤ ਵਿੱਚ ਰੋਗੀ ਦਾ ਆਪ੍ਰੇਸ਼ਨ ਕਰਾਉਣਾ ਪੈਂਦਾ ਹੈ।
ਡਾ. ਅਜੀਤਪਾਲ ਸਿੰਘ ਐੱਮਡੀ