ਪੇਟ ਦਰਦ ਦੇ ਕਾਰਨ ਅਤੇ ਉਪਾਅ

ਡਾ. ਅਜੀਤਪਾਲ ਸਿੰਘ, MD
ਸੀਨੀਅਰ ਡਿਪਟੀ ਮੈਡੀਕਲ ਕਮਿਸ਼ਨਰ
ਸੰਪਰਕ: 98156-29301
ਜ਼ਿਆਦਾਤਾਰ ਰੋਗੀਆਂ ਵਿੱਚ ਪੇਟ ਦਰਦ ਦਾ ਕਾਰਨ ਪੇਚਿਸ਼ ਅਤੇ ਮਰੋੜ ਹੁੰਦੇ ਹਨ। ਪੇਚਿਸ਼ ਚਾਹੇ ਲੇਸਦਾਰ ਹੋਵੇ ਜਾਂ ਖ਼ੂਨੀ, ਦੋਹੇਂ ਹਾਲਤਾਂ ਵਿੱਚ ਵੱਡੀ ਆਂਤੜੀ ਵਿੱਚ ਜ਼ਖ਼ਮ ਹੋ ਜਾਂਦੇ ਹਨ ਜੋ ਪੇਟ ਦਰਦ ਦਾ ਕਾਰਨ ਬਣਦੇ ਹਨ। ਪੇਟ ਦੇ ਕੀੜੇ ਵੀ ਪੇਟ ਦਰਦ ਦਾ ਵੱਡਾ ਕਾਰਨ ਹਨ, ਖ਼ਾਸ ਕਰ ਕੇ ਬੱਚਿਆਂ ਵਿੱਚ ਇਹ ਸਮੱਸਿਆ ਵੱਡੀ ਹੈ। ਕੀੜੇ ਹੋਣ ਦੀ ਦਸ਼ਾ ਵਿੱਚ ਦਰਦ ਆਮ ਕਰ ਕੇ ਕਦੇ ਕਦੇ ਅਤੇ ਮੱਠਾ ਮੱਠਾ ਹੁੰਦਾ ਅਤੇ ਕੁੱਝ ਦੇਰ ਪਿਛੋਂ ਆਪਣੇ ਆਪ ਵੀ ਠੀਕ ਹੋ ਜਾਂਦਾ ਹੈ। ਲੜਕੀਆਂ ਵਿੱਚ ਮਾਂਹਵਾਰੀ ਸਮੇਂ ਪੇਟ ਦਰਦ ਦੀ ਤਕਲੀਫ਼ ਹੋ ਜਾਂਦੀ ਹੈ ਜਿਸ ਨੂੰ ਘਰੇਲੂ ਉਪਾਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਵੈਸੇ ਮਾਂਹਵਾਰੀ ਸ਼ੁਰੂ ਹੁੰਦਿਆਂ ਹੀ ਇਹ ਠੀਕ ਹੋ ਜਾਂਦਾ ਹੈ। ਬਾਲਗਾਂ ਵਿੱਚ ਪੇਟ ਦਰਦ ਦਾ ਕਾਰਨ ਪੈਪਟਿਕ ਅਲਸਰ, ਡਿਊਡੀਨਲ ਅਲਸਰ ਜਾਂ ਪੈਪਟਿਕ ਅਲਸਰ ਸਿੰਡਰਮ ਦਾ ਦਰਦ ਵੀ ਪਾਇਆ ਜਾਂਦਾ ਹੈ। ਆਮ ਤੌਰ ‘ਤੇ ਮਿਰਚ ਵਾਲਾ ਮਸਾਲੇਦਾਰ ਭੋਜਨ ਖਾਣ ਪਿਛੋਂ ਇਸ ਪ੍ਰਕਾਰ ਦਾ ਦਰਦ ਹੰਦਾ ਹੈ। ਐਂਡੋਸਕੋਪੀ ਜਾਂਚ ਨਾਲ ਇਸ ਪ੍ਰਕਾਰ ਦੇ ਪੇਟ ਦਰਦ ਦਾ ਪਤਾ ਲੱਗ ਜਾਂਦਾ ਹੈ, ਅਤੇ ਸਹੀ ਇਲਾਜ ਨਾਲ ਰੋਗ ਖ਼ਤਮ ਹੋ ਜਾਂਦਾ ਹੈ।
ਅੰਤੜੀਆਂ ਵਿੱਚ ਸੋਜ: ਇਸ ਨੂੰ ਕੋਕਸ ਐਬਡੋਮਿਨ ਕਹਿੰਦੇ ਹਨ। ਇਸ ਦੇ ਕਾਰਨ ਵੀ ਪੇਟ ਵਿੱਚ ਦਰਦ ਹੁੰਦਾ ਹੈ। ਮਹੀਨਿਆਂ ਦੇ ਇਲਾਜ ਨਾਲ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ। ਇਹ ਪੇਟ ਦੀ ਤਪਦਿਕ ਹੀ ਹੁੰਦੀ ਹੈ। ਲੀਵਰ ਦੀ ਸੋਜ ਕਾਰਨ ਵੀ ਪੇਟ ਵਿੱਚ ਦਰਦ ਹੁੰਦਾ ਹੈ। ਪਿੱਤੇ ਦੀ ਥੈਲੀ ਵਿੱਚ ਪੱਥਰੀ ਜਾਂ ਸੋਜ, ਅਪੈਂਡੇਸਾਈਟਸ ਤੋਂ ਇਲਾਵਾ ਕੁੱਝ ਔਰਤਾਂ ਦੇ ਰੋਗਾਂ ਵਿੱਚ ਪੇਟ ਦਰਦ ਦੇ ਨਾਲ ਉਲਟੀ, ਬੁਖ਼ਾਰ, ਪਤਲੇ ਦਸਤ, ਪੀਲੀਆ, ਆਦਿ ਦੀ ਸ਼ਿਕਾਇਤ ਹੁੰਦੀ ਹੈ। ਇਸ ਤਰ੍ਹਾਂ ਦੇ ਦਰਦਾਂ ਦੀ ਆਪਣੀ ਹੀ ਪਛਾਣ ਹੁੰਦੀ ਹੈ ਜਿਸ ਨੂੰ ਡਾਕਟਰ ਅਸਾਨੀ ਨਾਲ ਪਛਾਣ ਲੈਂਦੇ ਹਨ।
ਅਪੈਂਡਿਕਸ ਅਤੇ ਪਿੱਤੇ ਦੀ ਥੈਲੀ ਦੀ ਸੋਜ: ਇਸ ਕਾਰਨ ਅਚਾਨਕ ਦਰਦ ਉਠਦਾ ਹੈ, ਤੇਜ਼ ਹੁੰਦਾ ਅਤੇ ਕੁੱਝ ਘੰਟਿਆਂ ਤਕ ਰਹਿ ਸਕਦਾ ਹੈ। ਦਰਦ ਮੌਕੇ ਉਲਟੀ, ਜੀਅ ਕੱਚਾ ਅਤੇ ਬੁਖ਼ਾਰ ਹੁੰਦਾ ਹੈ। ਅਜਿਹਾ ਦਰਦ ਸਾਰੇ ਪੇਟ ‘ਚ ਨਾ ਹੋ ਕੇ ਕੁੱਝ ਸੀਮਤ ਹਿੱਸੇ, ਖ਼ਾਸ ਦਿਸ਼ਾ ਵਿੱਚ ਜਾਂਦਾ ਹੈ। ਆਮ ਉਪਾਵਾਂ ਨਾਲ ਇਹ ਠੀਕ ਨਹੀਂ ਹੁੰਦਾ। ਦਰਦ ਜਦੋਂ ਅਪੈਂਡਿਕਸ ਦੇ ਕਾਰਨ ਹੁੰਦਾ ਤਾਂ ਓਦੋਂ ਦਰਦ ਦੀ ਸ਼ੁਰੂਆਤ ਧੁੰਨੀ ਦੇ ਕੋਲੋਂ ਹੁੰਦੀ ਹੈ। ਕੁੱਝ ਘੰਟਿਆਂ ਜਾਂ ਇੱਕ ਦੋ ਦਿਨਾਂ ਤਕ ਪੇਟ ਦੇ ਸੱਜੇ ਪਾਸੇ ਹੇਠਲੇ ਹਿਸੇ ਵਿੱਚ ਸਥਿਰ ਹੋ ਜਾਂਦਾ ਹੈ। ਇੱਕ ਛੋਟਾ ਜਿਹਾ ਗੋਲਾ ਵੀ ਉਥੇ ਮਹਿਸੂਸ ਹੁੰਦਾ ਹੈ। ਇਲਾਜ ਸਮੇਂ ਡਾਕਟਰ ਔਪ੍ਰੇਸ਼ਨ ਰਾਹੀਂ ਅਪੈਂਡਿਕਸ ਨੂੰ ਕੱਢ ਦਿੰਦੇ ਹਨ। ਅਪੈਂਡਿਕਸ ਦਾ ਸ਼ੱਕ ਪੈਣ ‘ਤੇ ਰੋਗੀ ਨੂੰ ਮੌਰਫ਼ੀਨ ਦਾ ਟੀਕਾ ਦੇ ਕੇ ਗੁੜ੍ਹੀ ਨੀਂਦ ਨਹੀਂ ਸੁਆਉਣਾ ਚਾਹੀਦਾ ਅਤੇ ਨਾ ਹੀ ਮੂੰਹ ਦੇ ਰਸਤੇ ਖਾਣਾ ਦਿਓ। ਸਾਦਾ ਪਾਣੀ, ਹਲਕੀ ਚਾਹ, ਥੋੜ੍ਹੀ ਥੋੜ੍ਹੀ ਮਾਤਰਾ ‘ਚ ਦਿੱਤੀ ਜਾ ਸਕਦੀ ਹੈ। ਧਿਆਨ ਰਹੇ ਅਪੈਂਡਿਕਸ ਦੇ ਦਰਦ ਦੇ ਲੱਛਣ ਆਉਂਦੇ ਹੀ ਤੁਰੰਤ ਯੋਗ ਡਾਕਟਰ ਤੋਂ ਇਲਾਜ ਕਰਾਵਾਉਣਾ ਅਤੇ ਉਸ ਦੀ ਸਲਾਹ ਨਾਲ ਔਪ੍ਰੇਸ਼ਨ ਕਰਵਾ ਲੈਣਾ ਚਾਹੀਦਾ ਹੈ। ਅਜਿਹਾ ਨਾ ਹੋਣ ‘ਤੇ ਅਪੈਂਡਿਕਸ ਫ਼ਟਣ ਦਾ ਖ਼ਤਰਾ ਹੁੰਦਾ ਹੈ। ਇਸ ਸਥਿਤੀ ਨੂੰ ਗੰਭੀਰ ਹੀ ਸਮਝਣਾ ਚਾਹੀਦਾ ਹੈ।
ਪਿੱਤੇ ਦੀ ਪੱਥਰੀ: ਪਿੱਤੇ ਵਿੱਚ ਪੱਥਰੀ ਦੋ ਕਿਸਮ ਦੀ ਹੁੰਦੀ ਹੈ। ਪਹਿਲੀ ਜਿਸ ‘ਚ ਸਿਰਫ਼ ਇੱਕ ਜਾਂ ਦੋ ਵੱਡੀਆਂ ਪਥਰੀਆਂ ਜਾਂ ਦੂਜੀ ਜਿਸ ‘ਚ 15-20 ਜਾਂ ਵੱਧ ਛੋਟੇ ਛੋਟੇ ਪੱਥਰ ਹੋਣ। ਪੱਥਰੀ ਦੀ ਸ਼ਕਾਇਤ ਹੋਣ ‘ਤੇ ਦਰਦ ਤਾਂ ਅਕਸਰ ਹੁੰਦਾ ਹੀ ਹੈ, ਪਰ ਬੁਖ਼ਾਰ ਦੀ ਜ਼ਿਆਦਾ ਸ਼ਿਕਾਇਤ ਨਹੀਂ ਹੁੰਦੀ। ਉਲਟੀ, ਜੀਅ ਕੱਚਾ ਹੋਣ ਦੀ ਸ਼ਿਕਾਇਤ ਦਰਦ ਹੋਣ ਵੇਲੇ ਹਮੇਸ਼ਾ ਨਹੀਂ ਹੁੰਦੀ, ਅਤੇ ਕਦੀ ਕਦੀ ਹੀ ਹੋ ਸਕਦੀ ਹੈ। ਅਲਟਰਾਸਾਊਂਡ ਦੀ ਸੌਖੀ ਜਾਂਚ ਨਾਲ ਪਿੱਤੇ ਦੀ ਥੈਲੀ ‘ਚ ਪਈ ਪੱਥਰੀ ਦੀ ਸਟੀਕ ਜਾਣਕਾਰੀ ਮਿਲ ਜਾਂਦੀ ਹੈ। ਇਸ ਜਾਂਚ ਨਾਲ ਥੈਲੀ ਦਾ ਸਾਈਜ਼, ਮੋਟਾਈ, ਸੁੰਗੜਨ ਦੀ ਸ਼ਕਤੀ, ਪਥਰੀ ਦਾ ਸਾਈਜ਼, ਆਦਿ ਵੀ ਪਤਾ ਲਗ ਜਾਂਦੇ ਹਨ। ਪੱਥਰੀ ਛੋਟੀ ਹੋਣ ‘ਤੇ ਕਦੀ ਕਦੀ ਇਹ ਪਿੱਤੇ ਦੀ ਥੈਲੀ ਦੀ ਨਾਲੀ (CBD) ਵਿੲਚ ਖਿਸਕ ਕੇ ਚਲੀ ਜਾਂਦੀ ਹੈ। ਅਜਿਹੀ ਹਾਲਤ ਵਿੱਚ ਪੀਲੀਆ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਲਾਜ ਨਾ ਕਰਵਾਉਣ ਸਤੇ ਲਾਪ੍ਰਵਾਹੀ ਵਰਤਣ ਕਰ ਕੇ ਸੋਜ ਹੋਣ ਦਾ ਖ਼ਤਰਾ ਵੀ ਹੋ ਸਕਦਾ ਹੈ।
ਗੁਰਦੇ ਵਿੱਚ ਪੱਥਰੀ: ਪੇਟ ਦਰਦ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਗੁਰਦੇ ਵਿੱਚ ਪੱਥਰੀ ਹੋਣ ਦੀ ਸਮੱਸਿਆ ਕਾਫ਼ੀ ਵਧੀ ਹੋਈ ਹੈ। ਪੱਥਰੀ ਛੋਟੀ ਹੋਣ ‘ਤੇ ਮੂਤਰ ਨਾਲੀ ‘ਚ ਵੀ ਖਿਸਕ ਕੇ ਚਲੀ ਜਾਂਦੀ ਹੈ, ਅਤੇ ਇੱਕ ਵਾਰੀ ਜਦ ਦਾਣਾ ਬਣ ਜਾਵੇ ਤਾਂ ਉਸ ‘ਤੇ ਕੈਲਸ਼ੀਅਮ ਅਤੇ ਫ਼ਾਸਫ਼ੋਰਸ ਜਮ੍ਹਾਂ ਹੋ ਕੇ ਛੋਟਾ ਦਾਣਾ ਵੱਡੀ ਪਥਰੀ ‘ਚ ਬਦਲ ਜਾਂਦਾ ਹੈ।
ਰੋਗੀ ਨੂੰ ਦਰਦ ਮੌਕੇ ਉਲਟੀ ਵਾਂਗੂ ਲਗਦਾ ਹੈ। ਬੁਖ਼ਾਰ ਵੀ ਹੋ ਸਕਦਾ ਹੈ। ਜੇ ਪੱਥਰੀ ਛੋਟੀ ਹੋਵੇ ਤਾਂ ਇਸ ਦੇ ਮੂਤਰ ਮਾਰਗ ਰਾਹੀਂ ਬਾਹਰ ਨਿਕਲ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਜੇ ਪੱਥਰੀ ਦਾ ਆਕਾਰ ਵੱਡਾ ਹੋਵੇ ਤਾਂ ਇਸ ਨੂੰ ਸਾਬਤ ਜਾਂ ਤੋੜ ਕੇ ਵੀ ਕੱਢਿਆ ਜਾ ਸਕਦਾ ਹੈ।
ਦਵਾਈਆਂ ਨਾਲ ਪੱਥਰੀ ਤੋੜ ਕੇ ਜਾਂ ਗਾਲ ਕੇ ਕੱਢਣ ਦੇ ਮੌਕੇ ਵੀ ਹੁੰਦੇ ਹਨ, ਪਰ ਦਵਾਈ ਨਾਲ ਇਹ ਇਲਾਜ ਵੱਡੀ ਪੱਥਰੀ ਵਿੱਚ ਨਾਕਾਮ ਹੋ ਜਾਂਦਾ ਹੈ ਤਾਂ ਫ਼ਿਰ ਇਸ ਦਾ ਇੱਕੋ ਇੱਕ ਹੱਲ ਔਪ੍ਰੇਸ਼ਨ ਹੀ ਹੁੰਦਾ ਹੈ। ਕਈ ਰੋਗੀਆਂ ਵਿੱਚ ਬਾਰ ਬਾਰ ਪੱਥਰੀ ਬਣਨ ਦੀ ਸਮੱਸਿਆ ਬਣੀ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਉਨ੍ਹਾਂ ਸਾਰੇ ਕਾਰਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਪੱਥਰੀ ਬਣਨ ਵਿੱਚ ਸਹਾਇਕ ਬਣਦੇ ਹਨ।