ਪੁਲਸ ਭਰਤੀ ਦਾ ਨਿਯੁਕਤੀ ਪੱਤਰ ਵੇਖ ਨੌਜਵਾਨ ਨੂੰ ਚੜ੍ਹਿਆ ਚਾਅ, ਸੱਚਾਈ ਸਾਹਮਣੇ ਆਉਣ ‘ਤੇ ਉੱਡੇ ਹੋਸ਼

ਗੁਰਦਾਸਪੁਰ- ਨਕਲੀ ਪੁਲਸ ਅਧਿਕਾਰੀ ਬਣ ਕੇ ਇਕ ਨੌਜਵਾਨ ਨੂੰ ਪੁਲਸ ‘ਚ ਭਰਤੀ ਕਰਵਾਉਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਨਕਲੀ ਪੁਲਸ ਅਧਿਕਾਰੀ ਬਣੇ ਵਿਅਕਤੀ ਨੇ ਨੌਜਵਾਨ ਤੋਂ 4 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਜਿਸ ‘ਚ ਤਿੰਨ ਦੋਸ਼ੀਆਂ ਖ਼ਿਲਾਫ਼ ਸਿਟੀ ਪੁਲਸ ਗੁਰਦਾਸਪੁਰ ਨੇ ਧਾਰਾ 420,170,171,120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪੀਟਰ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਆਲੋਵਾਲ, ਧਾਰੀਵਾਲ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਦੋਸ਼ੀ ਦਵਿੰਦਰ ਸਿੰਘ ਪੁੱਤਰ ਜਿਉਣਾ ਸਿੰਘ, ਰਵਿੰਦਰ ਸਿੰਘ ਪੁੱਤਰ ਜਿਉਣਾ ਸਿੰਘ ਵਾਸੀਆਨ ਗਲੀ ਨੰਬਰ-1 ਪੁਰੀ ਕਲੋਨੀ ਸਿਟੀ ਫਰੀਦਕੋਟ, ਗੁਰਦਿੱਤ ਸਿੰਘ ਵਾਸੀਆਨ ਨਾ-ਮਲੂਮ ਨੇ ਨਕਲੀ ਪੁਲਸ ਅਧਿਕਾਰੀ ਬਣ ਕੇ ਠੱਗੀ ਮਾਰੀ ਹੈ। ਉਸ ਨੇ ਪੁਲਸ ਵਿਚ ਭਰਤੀ ਕਰਵਾਉਣ ਦੇ ਨਾਮ ’ਤੇ 3 ਲੱਖ 60 ਹਜ਼ਾਰ ਰੁਪਏ ਨਗਦ ਅਤੇ ਕਰੀਬ 1,20000 ਰੁਪਏ ਗੂਗਲ ਪੇਅ ਰਾਹੀਂ ਉਕਤ ਖਾਤੇ ਵਿਚੋਂ ਕੁੱਲ 4 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਉਕਤ ਦੋਸ਼ੀਆਂ ਨੇ ਉਸ ਨੂੰ ਨਕਲੀ ਨਿਯੁਕਤੀ ਪੱਤਰ ਦੇ ਕੇ ਧੋਖਾਧੜੀ ਕੀਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪ ਪੁਲਸ ਕਪਤਾਨ ਦਿਹਾਤੀ ਵੱਲੋਂ ਕਰਨ ਤੋਂ ਬਾਅਦ ਉਕਤ ਤਿੰਨਾਂ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।