ਪੁਲਸ ‘ਚ ਨੌਕਰੀਆਂ ਦੇ ਚਾਹਵਾਨਾਂ ਲਈ ਖ਼ਾਸ ਖ਼ਬਰ, ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

ਹੁਸ਼ਿਆਰਪੁਰ – ਮੁੱਖ ਮੰਤਰੀ ਭਗਵੰਤ ਮਾਨ ਅੱਜ ਹੁਸ਼ਿਆਰਪੁਰ ਵਿਖੇ ਜਹਾਨ ਖੇਲਾ ਵਿਖੇ 2493 ਪੁਲਸ ਮੁਲਾਜ਼ਮਾਂ ਦੀ ਪਾਸਿੰਗ ਆਊਟ ਪਰੇਡ ਵਿੱਚ ਸ਼ਾਮਲ ਹੋਣ ਲੱ ਪਹੁੰਚੇ। ਆਪਣੇ ਸੰਬੋਧਨ ਵਿਚ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਸ ਵਿੱਚ 10 ਹਜ਼ਾਰ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਇਹ ਭਰਤੀ ਵੱਖ-ਵੱਖ ਅਸਾਮੀਆਂ ਲਈ ਕੀਤੀ ਜਾਵੇਗੀ ਅਤੇ ਇਸ ਲਈ ਇਕ ਪ੍ਰਸਤਾਵ ਜਲਦੀ ਹੀ ਕੈਬਨਿਟ ਮੀਟਿੰਗ ਵਿੱਚ ਵੀ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ‘ਚ ਨਫ਼ਰਤ ਦੇ ਬੀਜ ਬੀਜਣ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਇਥੇ ਨਫ਼ਰਤ ਦੇ ਬੀਜ ਨਹੀਂ ਉੱਗਦੇ। ਸਾਡੇ ਸਾਰੇ ਤਿਉਹਾਰ ਸਾਰੇ ਭਾਈਚਾਰਿਆਂ ਦੇ ਲੋਕ ਇਕੱਠੇ ਮਨਾਉਂਦੇ ਹਨ।
ਉਥੇ ਹੀ ਇਸ ਮੌਕੇ ਡੀ. ਜੀ. ਪੀ. ਗੌਰਵ ਯਾਦਵ ਨੇ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲੈਣ ਵਾਲੇ ਜਵਾਨਾਂ ਨੂੰ ਕਿਹਾ ਕਿ ਤੁਹਾਨੂੰ ਯੋਗਤਾ ਦੇ ਆਧਾਰ ‘ਤੇ ਚੁਣਿਆ ਗਿਆ ਹੈ। ਤੁਸੀਂ ਜਿੱਥੇ ਵੀ ਕੰਮ ਕਰੋ ਉੱਥੇ ਲੋਕਾਂ ਨੂੰ ਇਨਸਾਫ਼ ਦਿਓ, ਮੈਨੂੰ ਮਾਣ ਹੈ ਕਿ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਸਿਪਾਹੀ ਸਾਡੀ ਪੁਲਸ ‘ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਵਿੱਚ ਯੋਗਦਾਨ ਪਾਉਣਾ ਪਵੇਗਾ।
ਇਸ ਮੌਕੇ ਸੀਨੀਅਰ ਪੁਲਸ ਅਧਿਕਾਰੀ ਈਸ਼ਵਰ ਸਿੰਘ ਨੇ ਕਿਹਾ ਕਿ ਇਹ ਸਿਖਲਾਈ ਕੇਂਦਰ ਬਹੁਤ ਮਹੱਤਵਪੂਰਨ ਹੈ। ਇਥੋਂ ਸਿਰਫ਼ ਪੰਜਾਬ ਦੀ ਹੀ ਨਹੀਂ ਸਗੋਂ ਹੋਰ ਸੂਬਿਆਂ ਦੀ ਪੁਲਸ ਨੂੰ ਵੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਕੇਂਦਰ 1947 ਵਿੱਚ ਸਥਾਪਤ ਕੀਤਾ ਗਿਆ ਸੀ। ਝਾਰਖੰਡ ਅਤੇ ਉੱਤਰਾਖੰਡ ਦੇ ਕਰਮਚਾਰੀਆਂ ਨੂੰ ਵੀ ਇਥੋਂ ਸਿਖਲਾਈ ਦਿੱਤੀ ਗਈ ਹੈ।