ਮਨਜੀਤ ਕੌਰ ਸੱਪਲ
ਲੇਖਕ-ਨਿਰਦੇਸ਼ਕ ਅਤੇ ਅਦਾਕਾਰ ਅੰਬਰਦੀਪ ਸਿੰਘ ਦੀ ਨਵੀਂ ਫ਼ਿਲਮ ਲੌਂਗ ਲਾਚੀ 2 ਤਿੰਨ ਸਾਲ ਪਹਿਲਾਂ ਆਈ ਉਸ ਦੀ ਸੁਪਰਹਿੱਟ ਰਹੀ ਫ਼ਿਲਮ ਲੌਂਗ ਲਾਚੀ ਦਾ ਇੱਕ ਸੀਕੁਅਲ ਹੈ, ਪਰ ਫ਼ਿਲਮ ਦੀ ਕਹਾਣੀ ਨੂੰ ਵੇਖੀਏ ਤਾਂ ਪਹਿਲੀ ਨਾਲੋਂ ਬਹੁਤ ਹਟਵੇਂ ਅਤੇ ਨਿਵੇਕਲੇ ਵਿਸ਼ੇ ‘ਤੇ ਆਧਾਰਿਤ ਹੈ ਜੋ ਦਰਸ਼ਕਾਂ ਨੂੰ ਪਹਿਲੀ ਫ਼ਿਲਮ ਨਾਲ ਮੇਲ ਖਾਂਦੀ ਨਵੀਂ ਕਹਾਣੀ ਨਾਲ ਜੋੜਦੀ ਹੈ। ਪਹਿਲੀ ਫ਼ਿਲਮ ਪੰਜਾਬ ਦੇ ਇੱਕ ਸਧਾਰਨ ਪਿੰਡ ‘ਚੋਂ ਪੈਦਾ ਹੋਈ ਅਤੇ ਅਣਗੌਲੇ ਗਾਇਕਾਂ ਦੇ ਸੰਘਰਸ਼ ਅਤੇ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਦੀ ਗੱਲ ਕਰਦੀ ਸੀ। ਉਸ ਫ਼ਿਲਮ ‘ਚ ਨਾਇਕਾ ਲਾਚੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਆਪਾਂ ਵਿਆਹ ਤੋਂ ਪਹਿਲਾਂ ਦੇ ਪਿਆਰ ਨੂੰ ਮਹਿਸੂਸ ਕਰਨ ਲਈ ਓਪਰਿਆਂ ਵਾਂਗ ਜ਼ਿੰਦਗੀ ‘ਚ ਵਿਚਰਨਾ ਹੈ ਜਦੋਂਕਿ ਇਸ ਫ਼ਿਲਮ ‘ਚ ਉਸ ਦਾ ਸੁਪਨਾ ਹੈ ਕਿ ਜੇਕਰ ਆਪਾਂ 1947 ਦੀ ਵੰਡ ਤੋਂ ਪਹਿਲਾਂ ਮਿਲੇ ਹੁੰਦੇ ਤੇ ਕਿਸੇ ਹੋਰ ਧਰਮਾਂ ਦੇ ਹੁੰਦੇ ਤਾਂ ਕਿਵੇਂ ਦੀ ਜ਼ਿੰਦਗੀ ਹੋਣੀ ਸੀ, ਬਸ … ਇਸੇ ਸੋਚ ਨੂੰ ਪੂਰਾ ਕਰਨ ਲਈ ਫ਼ਿਲਮ ਦੀ ਕਹਾਣੀ ਭਾਰਤ ਪਾਕਿਸਤਾਨ ਦੇ ਸਾਂਝੇਪਣ ਦੇ ਸਮਿਆਂ ‘ਚ ਪਹੁੰਚ ਜਾਂਦੀ ਹੈ, ਅਤੇ ਦਰਸ਼ਕਾਂ ਨੂੰ ਨਵੇਂ ਮਨੋਰੰਜਨ ਨਾਲ ਜੋੜਦੀ ਹੈ। ਸਮੇਂ ਦੇ ਮੁਤਾਬਿਕ ਫ਼ਿਲਮ ‘ਚ ਲੋਕੇਸ਼ਨ, ਪਹਿਰਾਵਾ ਅਤੇ ਬੋਲੀ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਫ਼ਿਲਮ ‘ਚ ਵਿਖਾਏ ਵੰਡ ਤੋਂ ਪਹਿਲਾਂ ਦੇ ਪਿੰਡਾਂ ਦਾ ਮਾਹੌਲ ਤੇ ਸਭਿਆਚਾਰ ਪ੍ਰਭਾਵਿਤ ਕਰਦਾ ਹੈ। ਮਨੋਰੰਜਨ ਦੀ ਇਸ ਨਵੀਂ ਖੋਜ ‘ਚ ਅਨੇਕਾਂ ਦਿਲਚਸਪ ਮੋੜ ਹਨ ਜੋ ਦਰਸ਼ਕਾਂ ਨੂੰ ਹੈਰਾਨ ਅਤੇ ਰੁਮਾਂਚਿਤ ਕਰਦੇ ਹਨ। ਐਮੀ ਵਿਰਕ ਦਾ ਕਿਰਦਾਰ ਪਹਿਲੀ ਫ਼ਿਲਮ ਨਾਲੋਂ ਵਧੇਰੇ ਦਿਲਚਸਪ ਹੈ। ਐਮੀ ਵਿਰਕ, ਅੰਬਰਦੀਪ ਅਤੇ ਨੀਰੂ ਬਾਜਵਾ ਨੂੰ ਵੇਖਦਿਆਂ ਇਹ ਫ਼ਿਲਮ ਤਿਕੋਣੇ ਪਿਆਰ ਦੀ ਕਹਾਣੀ ਪ੍ਰਤੀਤ ਹੁੰਦੀ ਹੈ, ਪਰ ਅਸਲ ਸੱਚਾਈ ਦਾ ਪਤਾ ਸਿਨਮਾ ਘਰਾਂ ‘ਚ ਫ਼ਿਲਮ ਵੇਖ ਕੇ ਹੀ ਲੱਗੇਗਾ। ਇਸ ਫ਼ਿਲਮ ਵਿਚਲਾ ਇੱਕ ਨਵਾਂਪਨ ਇਹ ਵੀ ਹੈ ਕਿ ਅਖਾੜਿਆਂ ਦੀ ਸ਼ਾਨ ਰਹੀ ਮਾਲਵੇ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ ਨੂੰ ਵੀ ਦਰਸ਼ਕ ਪਹਿਲੀ ਵਾਰ ਵੱਡੇ ਪਰਦੇ ‘ਤੇ ਦੇਖਣਗੇ। ਇਸ ਤੋਂ ਇਲਾਵਾ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਦਾ ਵੀ ਇਸ ਫ਼ਿਲਮ ‘ਚ ਅਹਿਮ ਕਿਰਦਾਰ ਹੈ।
ਵਿਲੇਜਰਜ਼ ਫ਼ਿਲਮ ਸਟੂਡੀਓ, ਅੰਬਰਦੀਪ ਪ੍ਰੋਡਕਸ਼ਨਜ਼ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣੀ ਇਸ ਫ਼ਿਲਮ ਨੂੰ ਅੰਬਰਦੀਪ ਨੇ ਡਾਇਰੈਕਟ ਕੀਤਾ ਹੈ। ਐਮੀ ਵਿਰਕ, ਨੀਰੂ ਬਾਜਵਾ ਅਤੇ ਅੰਬਰਦੀਪ, ਜਸਵਿੰਦਰ ਬਰਾੜ, ਅਮਰ ਨੂਰੀ, ਗੁਰਮੀਤ ਸਾਜਨ, ਸਾਹਿਬ ਸਿੰਘ, ਸੁਖਵਿੰਦਰ ਰਾਜ, ਕੁਲਦੀਪ ਸ਼ਰਮਾ ਆਦਿ ਕਲਾਕਾਰਾਂ ਨੇ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾਏ ਹਨ। ਗੀਤਾਂ ਦੀ ਗੱਲ ਕਰੀਏ ਤਾਂ ਪਹਿਲੀ ਫ਼ਿਲਮ ਦਾ ਟਾਈਟਲ ਗੀਤ ਵੇ ਤੂੰ ਲੋਂਗ ਤੇ ਮੈਂ ਲਾਚੀ … ਨੇ ਤਾਂ ਮਕਬੂਲੀਅਤ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਹਰਮਨਜੀਤ ਸਿੰਘ ਦਾ ਲਿਖਿਆ ਅਤੇ ਮੰਨਤ ਨੂਰ ਦਾ ਗਾਇਆ ਇਹ ਗੀਤ ਯੂ-ਟਿਊਬ ਦੀ ਦੁਨੀਆ ‘ਚ ਭਾਰਤ ਪੱਧਰ ‘ਤੇ ਪਹਿਲਾ ਗੀਤ ਸੀ ਜਿਸ ਨੇ ਬੌਲੀਵੁੱਡ ਗੀਤਾਂ ਨੂੰ ਵੀ ਪਛਾੜ ਦਿੱਤਾ। ਇਸ ਸੀਕੁਅਲ ਦੇ ਗੀਤ ਵੀ ਕਾਫ਼ੀ ਵਧੀਆ ਹਨ ਜਿਨ੍ਹਾਂ ਨੂੰ ਹਰਮਨਜੀਤ ਸਿੰਘ, ਪਵਿੱਤਰ ਲਸੋਈ, ਕੇ.ਵੀ.ਰਿਆਜ਼ ਅਤੇ ਬਿੰਦਰ ਨੱਥੂਮਾਜਰਾ ਨੇ ਲਿਖਿਆ ਹੈ ਅਤੇ ਐਮੀ ਵਿਰਕ, ਸਿਮਰਨ ਭਾਰਦਵਾਜ, ਅਮਰ ਨੂਰੀ, ਜਸਵਿੰਦਰ ਬਰਾੜ ਤੇ ਪਵਿੱਤਰ ਲਸੋਈ ਨੇ ਗਾਇਆ ਹੈ।











