ਪੁਰਸਕਾਰਾਂ ਨਾਲ ਬੁਮਰਾਹ ਦੀ ਤਸਵੀਰ ‘ਤੇ ਯੁਵਰਾਜ ਨੇ ਕੀਤਾ ਮਜ਼ੇਦਾਰ ਕੌਮੈਂਟ

ਚੰਡੀਗੜ੍ਹ – ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸਾਲ 2018-19 ‘ਚ ਕੌਮਾਂਤਰੀ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਲਈ ਵਕਾਰੀ ਪੌਲੀ ਉਮਰੀਗਰ ਪੁਰਸਕਾਰ ਅਤੇ ਦਿਲੀਪ ਸਰਦੇਸਾਈ ਪੁਰਸਕਾਰ ਨਾਲ ਨਵਾਜਿਆ ਗਿਆ। ਇਨ੍ਹਾਂ ਪੁਰਸਕਾਰਾਂ ਦੇ ਮਿਲਣ ਤੋਂ ਬਾਅਦ ਬੁਮਰਾਹ ਨੇ ਆਪਣੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ। ਇਸ ਤਸਵੀਰ ‘ਤੇ ਸਾਬਕਾ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ ਨੇ ਬੇਹੱਦ ਫ਼ਨੀ ਕੌਮੈਂਟ ਕੀਤਾ। ਇੱਕ ਪਾਸੇ ਜਿੱਥੇ ਸਾਰੇ ਪ੍ਰਸ਼ੰਸਕ ਅਤੇ ਉਸ ਦੇ ਸੁਭਚਿੰਤਕ ਉਸ ਨੂੰ ਵਧਾਈ ਦੇ ਰਹੇ ਹਨ ਉੱਥੇ ਯੁਵੀ ਨੇ ਬੁਮਰਾਹ ਨੂੰ ਹੱਸਣ ਦੀ ਨਸੀਹਤ ਦੇ ਦਿੱਤੀ। ਯੁਵੀ ਨੇ ਲਿਖਿਆ, ”ਜੱਸੀ ਥੋੜ੍ਹਾ ਜਿਹਾ ਹੱਸ ਦੇ, ਕੋਈ ਤੇਰਾ ਪੁਰਸਕਾਰ ਤੈਥੋਂ ਖੋਹ ਕੇ ਨਹੀਂ ਲੈ ਕੇ ਜਾ ਰਿਹਾ।” ਹਾਲਾਂਕਿ ਉਸ ਨੇ ਆਪਣੀ ਇਸ ਗੱਲ ਨੂੰ ਮਜ਼ਾਕ ਦੱਸਿਆ ਅਤੇ ਇਸ ਤੋਂ ਤੁਰੰਤ ਬਾਅਦ ਬੁਮਰਾਹ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਤੂੰ ਇਸ ਦਾ ਹੱਕਦਾਰ ਹੈਂ।
ਪੌਲੀ ਉਮਰੀਗਰ ਟਰੌਫ਼ੀ ਸਰਵਸ੍ਰੇਸ਼ਠ ਕੌਮਾਂਤਰੀ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਇੱਕ ਸ਼ਲਾਘਾ ਪੱਤਰ, ਟਰੌਫ਼ੀ ਅਤੇ 15 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਮਿਲਦੀ ਹੈ। ਦਿਲੀਪ ਸਰਦੇਸਾਈ ਪੁਰਸਕਾਰ ਟੈੱਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਅਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਬੁਮਰਾਹ ਨੇ ਛੇ ਮੈਚਾਂ ‘ਚ 34 ਵਿਕਟ ਝਟਕਾਏ ਜਿਸ ‘ਚ ਤਿੰਨ ਵਾਰ ਉਹ ਪਾਰੀ ‘ਚ ਪੰਜ ਜਾਂ ਇਸ ਤੋਂ ਜ਼ਿਆਦਾ ਵਿਕਟਾਂ ਲੈਣ ‘ਚ ਸਫ਼ਲ ਰਿਹਾ। ਸੌਰਾਸ਼ਟਰ ਦੇ ਟੈੱਸਟ ਮਾਹਿਰ ਚੇਤੇਸ਼ਵਰ ਪੁਜਾਰਾ ਨੂੰ ਬੱਲੇਬਾਜ਼ਾਂ ‘ਚੋਂ ਇਹ ਪੁਰਸਕਾਰ ਮਿਲਿਆ।
ਪੁਜਾਰਾ ਨੇ ਅੱਠ ਮੈਚਾਂ ‘ਚ ਤਿੰਨ ਸੈਂਕੜੇ ਅਤੇ ਦੋ ਅਰਧ ਸੈਂਕੜਿਆਂ ਨਾਲ 52.07 ਦੀ ਔਸਤ ਨਾਲ 677 ਦੌੜਾਂ ਬਣਾਈਆਂ। ਦੁਨੀਆ ਦੇ ਨੰਬਰ ਇੱਕ ਵਨ-ਡੇ ਗੇਂਦਬਾਜ਼ ਬੁਮਰਾਹ ਨੇ ਜਨਵਰੀ 2018 ‘ਚ ਦੱਖਣੀ ਅਫ਼ਰੀਕਾ ਦੇ ਭਾਰਤ ਦੌਰੇ ਦੇ ਦੌਰਾਨ ਟੈੱਸਟ ਡੈਬਿਊ ਕੀਤਾ ਅਤੇ ਓਦੋਂ ਤੋਂ ਉਸ ਦਾ ਲਗਾਤਾਰ ਚੰਗਾ ਪ੍ਰਦਰਸ਼ਨ ਜਾਰੀ ਹੈ। ਉਸ ਨੇ ਆਸਟਰੇਲੀਆ, ਇੰਗਲੈਂਡ, ਦੱਖਣੀ ਅਫ਼ਰੀਕਾ ਅਤੇ ਵੈੱਸਟ ਇੰਡੀਜ਼ ‘ਚ ਪਾਰੀ ‘ਚ ਪੰਜ ਜਾਂ ਇਸ ਤੋਂ ਜ਼ਿਆਦਾ ਵਿਕਟ ਝਟਕਾਏ ਅਤੇ ਅਜਿਹਾ ਕਰਨ ਵਾਲਾ ਪਹਿਲਾ ਅਤੇ ਇਕਮਾਤਰ ਏਸ਼ੀਆਈ ਗੇਂਦਬਾਜ਼ ਬਣਿਆ।