ਉਮਰ ਦੇ ਨੌਂ ਦਹਾਕੇ ਪੂਰੇ ਕਰ ਚੁੱਕੇ ਬਾਬੇ ਨਾਜ਼ਮ ਸਿਉਂ ਨੂੰ ਸੱਥ ਵਿੱਚ ਤਾਸ਼ ਖੇਡਦੇ ਨੂੰ ਵੇਖ ਕੇ ਗੱਜਣ ਬੁੜ੍ਹੇ ਕਾ ਜੱਭੀ ਕਹਿੰਦਾ, ”ਅੱਜ ਤਾਂ ਬਈ ਪੁਰਾਣੇ ਹਾਲੀ ਜੋੜ ਲੇ ਤਾਸ਼ ਆਲਿਆਂ ਨੇ, ਹੈਂਅ। ਕਿਆ ਬਾਤ ਐ! ਬਾਬਾ ਹਾਰੀ ਜਾਨੈਂ ਕੁ ਜਿੱਤਦੈਂ?” ਜੱਭੀ ਨੇ ਬਾਬੇ ਨੂੰ ਪੁੱਛਿਆ।
ਹੱਥ ਵਿੱਚ ਫੜੀ ਤਾਸ਼ ਦੇ ਪੱਤਿਆਂ ਵੱਲ ਗਹੁ ਨਾਲ ਵੇਖੀ ਜਾਂਦਾ ਇੱਕ ਹੱਥ ਨਾਲ ਅੱਖਾਂ ਤੋਂ ਐਨਕ ਠੀਕ ਕਰਦਾ ਬਾਬਾ ਨਾਜ਼ਮ ਸਿਉਂ ਬੋਲਿਆ, ”ਇੰਨ੍ਹਾਂ ਨਮੇਂ ਖਡਾਰੀਆਂ ਨੂੰ ਕਿੱਥੇ ਆਉਣ ਦਿੰਨੇ ਐਂ ਆਪਾਂ। ਆਪਾਂ ਤਾਂ ਸਮਾਧ ਭਾਈ ਆਲਾ ਮੁਲਖਾ ਢਾਹ ਲਿਆ ਸੀ। ਨਾਲੇ ‘ਲਾਕੇ ‘ਚ ਆਪਣੇ ਆਪ ਨੂੰ ਮੰਨਿਆ ਵਿਆ ਖਡਾਰੀ ਕਹਾਉਂਦਾ ਸੀ। ਇੰਨ੍ਹਾਂ ਨੂੰ ਕੀ ਲਈ ਬੈਠੇ ਆਂ ਆਪਾਂ। ਪੋਤੜਿਆਂ ‘ਚੋਂ ਹਜੇ ਕੱਲ੍ਹ ਨਿੱਕਲੇ ਐ, ਨਹੁੰ ਕੰਡਾ ਲੈਂਦੇ ਐ ਪਰਾਣੇ ਖੁੰਢਾਂ ਨਾਲ। ਭਾਂਡਾ ਜੱਭ ਸਿਆਂ ਭਾਮੇਂ ਕਿੰਨਾਂ ਵੀ ਪਰਾਣਾ ਹੋ ਜੇ, ਥੰਧਿਆਈ ਨ੍ਹੀ ਜਾਂਦੀ ਹੁੰਦੀ ਓਹਦੇ ‘ਚੋਂ। ਮੈਨੂੰ ਤਾਂ ਇਹ ਬੁੜ੍ਹਾ ਈ ਸਮਝਦੇ ਐ। ਹੁਣ ਹੱਥ ਜੁੜਿਆਂ ਤੋਂ ਪਤਾ ਲੱਗੂ ਬਈ ਕੀ ਭਾਅ ਵਿਕਦੀ ਐ?”
ਮੁੱਲਖੇ ਨੂੰ ਢਾਹੁਣ ਵਾਲੀ ਗੱਲ ਸੁਣ ਕੇ ਸੀਤੇ ਮਰਾਸੀ ਨੇ ਬਾਬੇ ਨੂੰ ਪੁੱਛਿਆ, ”ਬਾਬਾ ਘੁਲਦਾ ਵੀ ਰਿਹੈਂ ਤੂੰ।”
ਬਾਬਾ ਕਹਿੰਦਾ, ”ਘੁਲਦਾ ਘਲਦਾ ਤਾਂ ਨ੍ਹੀ ਸੀ ਮੈਂ। ਮੈਂ ਤਾਂ ਤਾਸ਼ ਦੀ ਗੱਲ ਕਰਦਾਂ ਬਈ ਮੁੱਲਖਾ ਵੀ ਹਰਾਇਆ ਵਿਆ ਮੇਰਾ। ਸਮਾਧ ਭਾਈ ਦਾ ਸੀ ਮੁੱਲਖਾ। ਤਾਸ਼ ਦੇ ਪੱਤੇ ਅਗਲੇ ਦੇ ਹੱਥਾਂ ‘ਚ ਈ ਸਮਝ ਲੈਂਦਾ ਸੀ ਬਈ ਇਹਦੇ ਕੋਲ ਕੀ ਕੁਸ ਐ।”
ਗੱਲਾਂ ਕਰੀ ਜਾਂਦਿਆਂ ਤੋਂ ਚੰਦ ਠੇਡੇ ਦੇ ਮੁੰਡੇ ਫ਼ਾਂਚੇ ਨੇ ਬਾਬੇ ਦੇ ਜੋਟੀਦਾਰ ਦੇ ਚਿੜੀਏ ਦੇ ਯੱਕੇ ਦੀ ਦੂਹਰੀ ਸਰ ਜਾਂਦੀ ‘ਤੇ ਰੰਗ ਦੀ ਇੱਟ ਦੀ ਪੰਜੀ ਦੀ ਕਾਟ ਮਾਰ ਕੇ ਦੂਹਰੀ ਸਰ ਚੁੱਕਣ ਲਈ ਜਦੋਂ ਇੱਟ ਦਾ ਬਾਦਸ਼ਾਹ ਸੁੱਟਿਆ ਤਾਂ ਬਾਬਾ ਨਾਜ਼ਮ ਸਿਉਂ ਫ਼ਾਂਚੇ ਨੂੰ ਇੱਟ ਦੇ ਸਾਰੇ ਵੱਡੇ ਪੱਤੇ ਵਿਖਾ ਕੇ ਕਹਿੰਦਾ,
”ਐਧਰ ਝਾਕ ਓਏ ਮੁੰਡਿਆ, ਬਾਦਰਸ਼ਾਹ ਸਿੱਟ ਕੇ ਵਜੀਦ ਕਿਆਂ ਆਲਾ ਨਾਜਰ ਬਣਨ ਨੂੰ ਫ਼ਿਰਦੈਂ। ਆਹ ਦੇਖ, ਖੇਡਣੈ?”
ਬਾਬੇ ਦੇ ਹੱਥ ‘ਚ ਸਾਰੇ ਹੀ ਰੰਗ ਦੇ ਪੱਤੇ ਵੇਖ ਕੇ ਫ਼ਾਂਚਾ ਪੱਤੇ ਸੁੱਟ ਕੇ ਸੱਥ ‘ਚ ਇਉਂ ਭੱਜ ਗਿਆ ਜਿਮੇਂ ਕਤੂਰਾ ਗਾਰੇ ‘ਚ ਲਿਬੜੇ ਸੂਰ ਨੂੰ ਵੇਖ ਕੇ ਡਰਦਾ ਭੱਜ ਗਿਆ ਹੋਵੇ। ਜਾਂਦਾ ਜਾਂਦਾ ਫ਼ਾਂਚਾ ਕਹਿੰਦਾ,
”ਰੰਗ ਤਾਂ ਬਾਬਾ ਤੂੰ ਆਪ ਈ ਲੈ ਜਾਨੈਂ ਸਾਰਾ, ਖੇਡੀਏ ਕੀ ਤੇਰੇ ਨਾਲ।”
ਸੱਥ ਵੱਲ ਨੂੰ ਤੁਰਿਆ ਆਉਂਦਾ ਮਾਹਲਾ ਨੰਬਰਦਾਰ ਫ਼ਾਂਚੇ ਨੂੰ ਬੋਲਦਾ ਸੁਣ ਕੇ ਬਾਂਹੋਂ ਫ਼ੜ ਕੇ ਕਹਿੰਦਾ, ”ਕੀ ਗੱਲ ਹੋ ਗੀ ਓਏ। ਕੀਹਦੇ ਨਾਲ ਲੜ ਪਿਐਂ?”
ਫ਼ਾਂਚਾ ਤਾਂ ਨੰਬਰਦਾਰ ਤੋਂ ਬਾਂਹ ਛੁਡਾ ਕੇ ਘਰ ਨੂੰ ਉਠ ਗਿਆ, ਨੰਬਰਦਾਰ ਸੱਥ ‘ਚ ਆ ਗਿਆ। ਸੱਥ ‘ਚ ਆ ਕੇ ਨੰਬਰਦਾਰ ਨੇ ਬਾਬੇ ਨਾਜ਼ਮ ਸਿਉਂ ਨੂੰ ਪੁੱਛਿਆ, ”ਇਹ ਕੀਹਨੂੰ ਘੁਸਰ-ਘੁਸਰ ਜੀ ਕਰਦਾ ਜਾਂਦਾ ਸੀ ਤਾਊ?”
ਸੀਤਾ ਮਰਾਸੀ ਕਹਿੰਦਾ, ”ਇਹ ਫ਼ਾਂਚੇ ਅਰਗੇ ਨੰਬਰਦਾਰਾ ਕਿਤੇ ਤਾਸ਼ ਖੇਡਣ ਲੱਗ ਪੇ। ਤਿੰਨ ਜਾਣੇ ਤਾਂ ਇਹ ਸੀਗ੍ਹੇ। ਚੌਥਾ ਫਾਂਚੇ ਨੇ ਬਾਬੇ ਨੂੰ ਖੇਡਣ ਲਾ ਲਿਆ। ਬਾਬੇ ਨੂੰ ‘ਖਾਣ ਬੋਲ ਕੇ ਕਹਿੰਦਾ ‘ਚਾਰ ਯਾਰ ਦੇ ਕੀਰਨੇ ਪਾ ਲੈ, ਵੇਹਲੀ ਕਿਹੜਾ ਵਧ ਜੇਂ ਗੀ, ਆ ਜਾ ਬਾਬਾ ਇੱਕ ਅੱਧੀ ਵਾਜੀ ਲੁਆਦੇ’। ਬਾਬਾ ਫ਼ਾਂਚੇ ਨੂੰ ਕਹਿੰਦਾ, ਵੰਡ ਫ਼ਿਰ ਤਾਸ਼, ਵਖਾਮਾਂ ਤੈਨੂੰ ਭੰਬੂ ਤਾਰੇ। ਫ਼ਾਂਚੇ ਨੇ ਤਾਸ਼ ਵੰਡੀ। ਬਾਬੇ ਨੇ ਸਰਾਂ ਮੰਨ ‘ਤੀਆਂ। ਦੂਜੀ ਖਾਣੀ ਤੀਜੀ ਸਰ ‘ਤੇ ਰੰਗ ਨਿੱਕਲ ਗਿਆ। ਜਦੋਂ ਫ਼ਾਂਚਾ ਦੂਹਰੀ ਸਰ ਚੱਕਣ ਲੱਗਿਆ ਤਾਂ ਫ਼ਾਂਚੇ ਨੂੰ ਬਾਬੇ ਨੇ ਹੱਥਾਂ ‘ਚ ਈ ਪੱਤੇ ਵਖਾ ‘ਤੇ। ਜਦੋਂ ਫ਼ਾਂਚੇ ਨੇ ਸਾਰਾ ਈ ਰੰਗ ਵੇਖਿਆ ਤਾਂ ਫ਼ਾਂਚਾ ਪੱਤੇ ਸਿੱਟ ਕੇ ਇਉਂ ਭੱਜ ਤੁਰਿਆ ਜਿਮੇਂ ਫ਼ੁੱਫ਼ੜ ਕੁੱਕੜ ਦੀ ਟੰਗ ਪਿੱਛੇ ਸਹੁਰਿਆਂ ਤੋਂ ਰੁੱਸ ਕੇ ਭੱਜ ਗਿਆ ਹੋਵੇ। ਹੁਣ ਜਾਂਦਾ ਹੋਇਆ ਪਤਾ ਨ੍ਹੀ ਕੀ ਬੋਲਦਾ ਜਾਂਦਾ ਹੋਊ। ਆਹ ਗੱਲ ਹੋਈ ਐ ਨੰਬਰਦਾਰਾ।”
ਨਾਥਾ ਅਮਲੀ ਕਹਿੰਦਾ, ”ਏਹਦੇ ਨਾਲ ਖੇਡਦੇ ਈ ਕਿਉਂ ਹੁਨੇਂ ਐਂ ਯਾਰ। ਨਿੱਤ ਤਾਂ ਇਹ ਕਿਸੇ ਨਾ ਕਿਸੇ ਨਾਲ ਲੜਦਾ। ਗਾਲ ਤੋਂ ਬਿਨਾਂ ਕਿਸੇ ਨੂੰ ਮੂੰਹ ਨ੍ਹੀ ਬੋਲਦਾ। ਅੱਗੇ ਈ ਆਪਣੇ ਪਿੰਡ ‘ਚ ਤਾਂ ਗਾਲਾਂ ਕੱਢਣੇ ਬਹੁਤ ਮਸ਼ਾਹੂਰ ਐ। ਹੁਣ ਇਹ ਵਧ ਗਿਆ ਉਨ੍ਹਾਂ ਤੋਂ।”
ਸੀਤਾ ਮਰਾਸੀ ਕਹਿੰਦਾ, ”ਗਾਲਾਂ ਕੱਢਣੇ ਪਿੰਡ ‘ਚ ਤਾਂ ਨ੍ਹੀ ਨਾ ਕਿਸੇ ਨੂੰ ਗਾਲ ਦਿੰਦੇ। ਆਵਦੇ ਘਰੇ ਜੋ ਕੁਸ ਮਰਜੀ ਕਰੀ ਜਾਣ। ਇਹ ਤਾਂ ਕੁੱਤੇ ਪੂਛ ਬਾਹਰ ਗਾਲਾਂ ਦਿੰਦਾ।”
ਅਮਲੀ ਮਰਾਸੀ ਨੂੰ ਘੂਰ ਕੇ ਬੋਲਿਆ, ”ਬੱਲੇ ਓਏ ਤੇਰੇ ਸ਼ਕੀਨਾਂ। ਇਹ ਅਗਲੇ ਨੂੰ ਮੂੰਹ ‘ਤੇ ਗਾਲ ਨ੍ਹੀ ਦਿੰਦੇ, ਪਸੂ ਪੰਛੀਆਂ ਵਿੱਚ ਕੱਢਦੇ ਐ ਅਗਲੇ ਨੂੰ ਗਾਲਾਂ। ਤੂੰ ਆਇਆ ਨ੍ਹੀ ਕਦੇ ਇਨ੍ਹਾਂ ਦੀ ਜਾੜ੍ਹ ਥੱਲੇ।”
ਬਾਬੇ ਨਾਜ਼ਮ ਸਿਉਂ ਨੇ ਅਮਲੀ ਦੇ ਮੂੰਹੋਂ ਗਾਲਾਂ ਕੱਢਣਿਆਂ ਦਾ ਨਾਂ ਸੁਣ ਕੇ ਮੁਸ਼ਕਣੀਆਂ ਹੱਸ ਕੇ ਅਮਲੀ ਨੂੰ ਪੁੱਛਿਆ, ”ਅਮਲੀਆ ਇਹ ਗਾਲਾਂ ਕੱਢਣੇ ਕੀਹਨੂੰ ਕਹਿੰਦੇ ਐ ਓਏ। ਆਹ ਤਾਂ ਬਈ ਨਮਾਂ ਈ ਕੱਛ ‘ਚੋਂ ਮੂੰਗਲਾ ਕੱਢ ਮਾਰਿਆ ਤੈਂ ਅੱਜ।”
ਨਾਥਾ ਅਮਲੀ ਕਹਿੰਦਾ, ”ਨਮਾਂ ਮੂੰਗਲਾ ਨ੍ਹੀ ਬਾਬਾ, ਮੂੰਗਲਾ ਤਾਂ ਇਹ ਪਰਾਣਾ ਈਂ ਐਂ, ਪਰ ਤੈਨੂੰ ਨ੍ਹੀ ਪਤਾ। ਬਚਨੇ ਦੈਂਗੜ ਕਿਆਂ ਨੂੰ ਕਹਿੰਦਾ ਸਾਰਾ ਪਿੰਡ ਗਾਲਾਂ ਕੱਢਣੇ।”
ਬਾਬਾ ਕਹਿੰਦਾ, ”ਉਨ੍ਹਾਂ ਨੂੰ ਤਾਂ ਦੈਂਗੜਾਂ ਦੇ ਕਹਿੰਦੇ ਐ। ਤੁਸੀਂ ਪਤੰਦਰੋਂ ਨਮਾਂ ਈ ਨਾਂਅ ਰੱਖੀ ਫ਼ਿਰਦੇਂ ਐਂ।”
ਸੀਤਾ ਮਰਾਸੀ ਬਾਬੇ ਨੂੰ ਟਿੱਚਰ ‘ਚ ਹੱਸ ਕੇ ਕਹਿੰਦਾ, ”ਜਿਮੇਂ ਦਸ ਕੋਹ ‘ਤੇ ਬਾਬਾ ਕਹਿੰਦੇ ਬੋਲੀ ਬਦਲ ਜਾਂਦੀ ਐ, ਓਮੇਂ ਦਸਾਂ ਕੁ ਸਾਲਾਂ ਪਿੱਛੋਂ ਟੱਬਰਾਂ ਨੂੰ ਪੈਂਦੀ ਅੱਲ ਵੀ ਬਦਲ ਦਿੰਦੇ ਐ ਲੋਕ।”
ਨਾਥਾ ਅਮਲੀ ਬਾਬੇ ਵੱਲ ਨੂੰ ਟੇਢਾ ਜਾ ਝਾਕ ਕੇ ਬੋਲਿਆ, ”ਕਿੱਥੇ ਰਹਿਨੈਂ ਬਾਬਾ ਯਾਰ ਤੂੰ। ਦੈਂਗੜਾਂ ਦੇ ਤਾਂ ਉਦੋਂ ਕਹਿੰਦੇ ਹੁੰਦੇ ਸੀ ਜਦੋਂ ਬਚਨੇ ਦੇ ਮੁੰਡੇ ਹਜੇ ਵਿਆਹੇ ਨ੍ਹੀ ਸੀ। ਪਿੰਡ ਆਲੇ ਕਹਿੰਦੇ ਹੁੰਦੇ ਸੀ ਬਈ ਐਮੇਂ ਸਾਲੇ ਵੇਹਲੜ ਦੈਂਗੜ ਦੈਂਗੜ ਕਰਦੇ ਫ਼ਿਰਦੇ ਐ ਪਿੰਡ ‘ਚ। ਹੁਣ ਜਦੋਂ ਬਚਨੇ ਨੇ ਤਿੰਨ ਮੁੰਡੇ ਵਿਆਹ ਲੇ, ਹੁਣ ਪਿੰਡ ਨੇ ਬਚਨੇ ਕਿਆਂ ਦਾ ਨਾਂਅ ਗਾਲਾਂ ਕੱਢਣੇ ਧਰ ਲਿਆ। ਕਿਉਂ ਬਾਬਾ ਗੱਭਰੂਆ, ਠੀਕ ਐ?”
ਬਾਬੇ ਨੇ ਪੁੱਛਿਆ, ”ਉਹ ਕਿਮੇਂ ਬਈ, ਕੁਸ ਪੱਲੇ ਵੀ ਪਾ ਮੇਰੇ। ਤੂੰ ਤਾਂ ਅਮਲੀਆ ਹੋਰ ਈ ਗੋਰਖ ਧੰਦਾ ਜਾ ਖੰਡਾਅ ਕੇ ਬਹਿ ਗਿਐਂ। ਚੱਜ ਨਾਲ ਦੱਸ ਗੱਲ।”
ਅਮਲੀ ਕਹਿੰਦਾ, ”ਲੈ ਸੁਣ ਲੈ ਫ਼ਿਰ ਬਾਬਾ । ਉਰ੍ਹੇ ਨੂੰ ਹੋ ਜਾ ਹੁਣ ਥੋੜ੍ਹਾ ਜਾ ਐਥੇ ਕੁ। ਇਹ ਜਿਹੜਾ ਬਚਨਾ ਦੈਗੜਾਂ ਦਾ ਵੱਜਦਾ, ਤੈਨੂੰ ਪਤਾ ਤਾਂ ਹੈ ਬਈ ਇਹ ਸਾਰਾ ਟੱਬਰ ਹਰੇਕ ਨੂੰ ਪਸੂਆਂ ਡੰਗਰਾਂ ਵਿੱਚਦੀ ਗਾਲ ਦਿੰਦੇ ਐ ਸਿੱਧੇ ਮੱਥੇ ਨ੍ਹੀ ਪੰਗਾ ਲੈਂਦੇ ਬਈ ਮੂਹਰੇ ਕਿਤੇ ਅਗਲਾ ਸਿੰਗ ਨਾ ਭੋਰ ਦੇ। ਬਚਨੇ ਨੇ ਵੱਡਾ ਮੁੰਡਾ ਭੀਚਾ ਵਿਆਹ ਲਿਆ ਮਟੀਲੀ ਪਿੰਡ। ਮਟੀਲੀ ਆਲਿਆਂ ਨੇ ਵਿਆਹ ‘ਚ ਦੂਜੇ ਸੂਏ ਸੱਜਰ ਝੋਟੀ ਦੇ ‘ਤੀ। ਬਚਨੇ ਦੀ ਨੂੰਹ ਚੰਗੀ ਪੜ੍ਹੀ ਲਿਖੀ ਐ। ਇਨ੍ਹਾਂ ਨੂੰ ਸਾਰੇ ਟੱਬਰ ਨੂੰ ਊਈਂ ਗਾਲਾਂ ਕੱਢਣ ਦੀ ਆਦਤ ਐ। ਨੂੰਹ ਸ਼ਰਮ ਮੰਨੇ। ਇੱਕ ਦਿਨ ਨੂੰਹ ਬਚਨੇ ਨੂੰ ਕਹਿੰਦੀ ‘ਬਾਪੂ ਜੀ! ਗਾਲਾਂ ਦੇਣੀਆਂ ਚੰਗੀਆਂ ਨ੍ਹੀ ਹੁੰਦੀਆਂ’। ਬਚਨੇ ਨੂੰ ਇਸ ਗੱਲ ਦਾ ਲੱਗਿਆ ਗੁੱਸਾ। ਬਚਨਾ ਢਿੱਡ ‘ਚ ਨੂੰਹ ਨਾਲ ਖਾਰ ਮੰਨਣ ਲੱਗ ਗਿਆ। ਬੁੜ੍ਹੇ ਨੇ ਤਾਂ ਨੂੰਹ ‘ਤੇ ਧਰ ‘ਲੀ ਫ਼ਿਰ ਗਾਲਾਂ ਆਲੀ ਸੂਈ। ਝੋਟੀ ਵਿਚਦੀ ਨੂੰਹ ਨੂੰ ਤੜਕੇ ਆਥਣੇ ਗਾਲਾਂ ਦੇਣ ਲੱਗ ਪਿਆ। ਕਿਹਾ ਕਰੇ ‘ਓਏ ਆਹ ਮਟੀਲੀ ਆਲੀ ਨੂੰ ਪੱਠੇ ਦੱਥੇ ਪਾਓ, ਵੇਖ ਕਿਮੇਂ ਝਾਕਦੀ ਐ ਜਿਮੇਂ ਧੁੰਦ ‘ਚ ਗਧਾ ਝਾਕਦਾ ਹੁੰਦਾ’। ਤੜਕੇ ਆਥਣੇ ਕਿਹਾ ਕਰੇ ‘ਓਏ ਆਹ ਮਟੀਲੀ ਆਲੀ ਨੂੰ ਵੀ ਚੋਅ ਲੋ ਨਹੀਂ ਤਾਂ ਕੌੜ ਤੁੰਮੇ ਅਰਗੀ ਹੋ ਜੂ ਗੀ ਇਹੇ। ਝਾਕਦੀ ਤਾਂ ਵੇਖੋ ਜਿਮੇਂ ਬੁੜ੍ਹੇ ਨੂੰ ਖਾਣਾ ਹੁੰਦਾ’। ਨੂੰਹ ਨੂੰ ਵੀ ਪਤਾ ਲੱਗ ਗਿਆ ਬਈ ਬੁੜ੍ਹਾ ਤਾਂ ਮੈਨੂੰ ਪੜੇਥਣ ਦਿੰਦਾ। ਨੂੰਹ ਮੁੰਡੇ ਨੂੰ ਲੈ ਕੇ ਅੱਡ ਹੋ ਗੀ। ਫ਼ੇਰ ਬਚਨੇ ਨੇ ਦੂਜੇ ਮੁੰਡੇ ਫ਼ੰਭੀ ਨੂੰ ਰਾਜਗੜ੍ਹ ਵਿਆਹ ਲਿਆ। ਰਾਜਗੜ੍ਹ ਆਲਿਆਂ ਨੇ ਸੱਜਰ ਸੂਈ ਮੱਝ ਦੇ ‘ਤੀ। ਬੁੜ੍ਹੀ ਨੂੰ ਪਤਲੀ ਜੀ ਅੱਧੋ ਰਾਣੀ ਜੀ ਛਾਂਪ ਪਾ ‘ਤੀ। ਬੁੜ੍ਹੇ ਨੂੰ ਕੁਸ ਮਨ੍ਹਾ ਪਾਇਆ। ਬੁੜ੍ਹੇ ਬਚਨੇ ਦਾ ਤਾਂ ਬਾਬਾ ਪਾਰਾ ਚੜ੍ਹ ਗਿਆ ਸਮਾਨ ‘ਚ। ਤੜਕੇ ਆਥਣੇ ਰਾਜਗੜ੍ਹ ਆਲੀ ਨੂੰਹ ਨੂੰ ਵੀ ਲੱਗ ਗਿਆ ਸੰਦ ਪਰਾਗੇ ਦੇਣ। ਮੁੰਡੇ ਫ਼ੰਭੀ ਨੂੰ ਕਿਹਾ ਕਰੇ ‘ਓਏ ਆਹ ਰਾਜਗੜ੍ਹ ਆਲੀ ਫ਼ੰਡਰ ਜੀ ਕੁਸ ਦਿੰਦੀ ਵੀ ਐ ਕੁ ਊਈਂ ਖਲ ਵੜੇਮੇਂ ਚਾਰੀ ਜਾਨੇ ਐਂ। ਮੈਂ ਪਤਾ ਨ੍ਹੀ ਇਹਦਾ ਕੀ ਤਾਰਾ ਮੀਰਾ ਮਿੱਧ ‘ਤਾ, ਮੇਰੇ ਵੱਲ ਤਾਂ ਇਉਂ ਵੇਂਹਦੀ ਐ ਜਿਮੇਂ ਸਲੋਤਰੀ ਨੇ ਕਾਹੜਾ ਦੇਣ ਵੇਲੇ ਮੱਝ ਸਕੰਜੇ ‘ਚ ਦਿੱਤੀ ਹੁੰਦੀ ਐ। ਵੇਖ ਕਿਮੇਂ ਨੇਰ੍ਹੇ ਘਰ ਦੇ ਦੀਵੇ ਦੀ ਮੱਚੀ ਵੀ ਬੱਤੀ ਆਂਗੂੰ ਝਾਕਦੀ ਐ’। ਜਦੋਂ ਬੁੜ੍ਹਾ ਅਵਾ ਤਵਾ ਬੋਲਣੋ ਨਾ ਹਟਿਆ ਤਾਂ ਨੂੰਹ ਨੇ ਆਵਦੇ ਪਿਉ ਨੂੰ ਦੱਸ ‘ਤਾ। ਪਿਓ ਨੇ ਮੁੜ ਕੇ ਤੋਰੀ ਨਾ ਬਈ ਜਿੰਨਾਂ ਚਿਰ ਮੁੰਡਾ ਪਿਉ ਨਾਲੋਂ ਅੱਡ ਨ੍ਹੀ ਹੁੰਦਾ ਮੈਂ ਕੁੜੀ ਤੋਰਨੀ ਨ੍ਹੀ। ਬਚਨੇ ਦਾ ਮੁੰਡਾ ਫੰਭੀ ਬੌਂਗਾ ਬੰਦਾ। ਬਚਨੇ ਨੇ ਮੁੰਡੇ ਨੂੰ ਬਹੂ ਲਿਆਉਣ ਨਾ ਦਿੱਤੀ। ਮੁੰਡਾ ਹੁਣ ਪਿੰਡ ‘ਚ ਇਉਂ ਤੁਰਿਆ ਫ਼ਿਰਦਾ ਜਿਮੇਂ ਭੁੱਖਾ ਚੂਹਾ ਲੋਹੇ ਦੇ ਕੁਆੜ ਆਲੀ ਹੱਟ ‘ਚ ਫ਼ਿਰਦਾ ਹੁੰਦਾ। ਦੋ ਕੁ ਸਾਲਾਂ ਮਗਰੋਂ ਬਚਨੇ ਨੇ ਤੀਜਾ ਮੁੰਡਾ ਕੰਦੂ ਭਾਈਰੂਪੇ ਨੱਥ ਲਿਆ। ਭਾਈਰੂਪੇ ਆਲਿਆਂ ਨੇ ਵੀ ਮਹੀਨੇ ਕੁ ਦੀ ਸੂਈ ਝੋਟੀ ਦੇ ‘ਤੀ। ਆਪਣੇ ਪਿੰਡ ਆਲਾ ਸੁੱਚਾ ਵਚੋਲਾ ਸੀ। ਸੁੱਚੇ ਨੇ ਭਾਈਰੂਪੇ ਆਲਿਆਂ ਨੂੰ ਬਥੇਰਾ ਕਿਹਾ ਬਈ ਮੱਝ ਨਾ ਦਿਉ। ਦਾਜ ਆਲੀਆਂ ਮੱਝਾਂ ਦਾ ਈ ਸਿਆਪਾ ਪਿਆ ਉਨ੍ਹਾਂ ਦੇ ਘਰੇ। ਪੰਜ ਚਾਰ ਮਹੀਨੇ ਤਾਂ ਬਾਬਾ ਵਧੀਆ ਨੰਘੇ। ਇੱਕ ਦਿਨ ਕਿਤੇ ਨੂੰਹ ਬਚਨੇ ਨੂੰ ਚਾਹ ਫ਼ੜਾਉਣੀ ਭੁੱਲ ਗੀ। ਬੁੜ੍ਹਾ ਤਾਂ ਮੱਝ ਵਿੱਚਦੀ ਨੂੰਹ ਨੂੰ ਲੱਗ ਪਿਆ ਗਾਲਾਂ ਦੇਣ। ਬੁੜ੍ਹੀ ਨੂੰ ਕਹਿੰਦਾ ‘ਆਹ ਮੱਲਣ ਆਲੀ ਦੁੱਧ ਦੱਧ ਦਿੰਦੀ ਐ ਕੁ ਹਟ ਗੀ। ਮੈਨੂੰ ਤਾਂ ਇਹ ਵੀ ਫ਼ੰਡਰ ਹੋ ਗੀ ਲੱਗਦੀ ਐ। ਕੱਲ੍ਹ ਤਾਂ ਆਈ ਐ ਹਜੇ, ਐਡੀ ਛੇਤੀ ਅੱਜ ਚਾਹ ਕਰਾਉਣੀ ਵੀ ਭੁੱਲ ਗੀ। ਦੁੱਧ ਈ ਲਾਹੁਣੋਂ ਹਟ ਗੀ’। ਹੋਰ ਵੀ ਗ਼ਲਤ ਫ਼ਲਤ ਕਈ ਕੁਸ ਬੋਲਣ ਲੱਗ ਪਿਆ। ਇੱਕ ਦਿਨ ਫਿਰ ਨੂੰਹ ਗੁੱਸੇ ‘ਚ ਆਈ ਬਚਨੇ ਨੂੰ ਕਹਿੰਦੀ ‘ਜਦੋਂ ਬਾਪੂ ਜੀ ਮੇਰੀ ਨਣਦ ਦਾ ਵਿਆਹ ਕੀਤਾ ਤਾਂ ਉਹਨੂੰ ਵਿਆਹ ‘ਚ ਮੱਝ ਦੇਣ ਦੀ ਥਾਂ ਝੋਟਾ ਦਿਉ। ਜੇ ਮੱਝ ਦਿੱਤੀ ਤਾਂ ਕਿਤੇ ਉਹਦਾ ਸਹੁਰਾ ਵੀ ਤੇਰੇ ਆਂਗੂੰ ਗਾਲਾਂ ਨਾ ਕੱਢਣ ਲੱਗੇ ਸੋਡੀ ਧੀ ਨੂੰ’। ਬਚਨਾ ਨੂੰਹ ਦੀ ਗੱਲ ਸੁਣ ਕੇ ਫ਼ੂਕ ਨਿੱਕਲੀ ਆਲੇ ਬੁਲਬਲੇ ਅਰਗਾ ਹੋ ਗਿਆ। ਤਿੰਨਾਂ ਨੂੰਹਾਂ ਨੂੰ ਈ ਗਾਲਾ ਦੇਈ ਜਾਇਆ ਕਰੇ। ਮੇਰਾ ਦਾਦਾ ਕਹਿੰਦਾ ਹੁੰਦਾ ਸੀ ਬਈ ਧੀ ਨੂੰ ਸਹੁਰੀਂ ਮੱਝ ਨ੍ਹੀ ਦੇਣੀ ਚਾਹੀਦੀ। ਲੈ ਦੱਸ ਬਾਬਾ! ਬਚਨਾ ਉੱਲੂ ਬਣਨ ਚੀ ਆਵਦੀ ਟੌਹਰ ਸਮਝਦੈ। ਇਨ੍ਹਾਂ ਗੱਲਾਂ ਕਰ ਕੇ ਈ ਇਨ੍ਹਾਂ ਦੇ ਟੱਬਰ ਨੂੰ ਗਾਲਾਂ ਕੱਢਣਿਆਂ ਦਾ ਲਾਣਾ ਕਹਿੰਦਾ ਸਾਰਾ ਪਿੰਡ।”
ਏਨੇ ਚਿਰ ਨੂੰ ਸੰਤੋਖੇ ਦਾ ਮੁੰਡਾ ਮਿੱਠੂ ਸੱਥ ‘ਚ ਆ ਕੇ ਬਾਬੇ ਨਾਜਮ ਸਿਉਂ ਨੂੰ ਕਹਿੰਦਾ, ”ਬਾਬਾ! ਯਾਰ ਕੋਈ ਸੱਜਰ ਮੱਝ ਤਾਂ ਦੱਸ ਘਰ ਵਾਸਤੇ ਲੈਣੀ ਐਂ।”
ਨਾਥਾ ਅਮਲੀ ਟਿੱਚਰ ‘ਚ ਕਹਿੰਦਾ, ”ਗਾਲਾਂ ਦੇਣਿਆਂ ਦੇ ਬਚਨੇ ਕੇ ਵੇਚਦੇ ਐ। ਨਾਲੇ ਰਵੇ ਦੀਆਂ ਮੱਝਾਂ।”
ਅਮਲੀ ਦੀ ਦੱਸ ਪਾਈ ਸੁਣ ਕੇ ਮਿੱਠੂ ਬਚਨੇ ਕੇ ਘਰ ਨੂੰ ਤੁਰ ਗਿਆ। ਬਾਬਾ ਨਾਜ਼ਮ ਸਿਉਂ ਅਮਲੀ ਨੂੰ ਕਹਿੰਦਾ, ”ਬਚਨੇ ਨੇ ਇਹਨੂੰ ਗਾਲਾਂ ਦੇਣੀਆਂ ਬਈ ਤੈਨੂੰ ਕੀਹਨੇ ਘੱਲਿਆ ਸਾਡੇ ਘਰੇ। ਇਹਨੇ ਫ਼ੇਰ ਆ ਕੇ ਤੇਰੇ ਨਾਲ ਜੁੱਤੋ ਜੁੱਤੀ ਹੋਣਾ। ਫ਼ੇਰ ਲੜੋਂਗੇ। ਚੱਲੋ ਉੱਠੋ, ਓਹਦੇ ਆਉਣ ਤੋਂ ਪਹਿਲਾਂ ਪਹਿਲਾਂ ਸੱਥ ‘ਚੋਂ ਚੱਲੀਏ।”
ਬਾਬੇ ਦੀ ਗੱਲ ਸੁਣ ਕੇ ਸਾਰੇ ਸੱਥ ਵਾਲੇ ਆਪੋ ਆਪਣੇ ਘਰਾਂ ਨੂੰ ਤੁਰ ਪਏ।















