ਪਿਤਾ ਦੀ ਫ਼ਿਲਮ ‘ਚ ਕੰਮ ਕਰੇਗਾ ਅਰਜੁਨ ਕਪੂਰ

ਅਦਾਕਾਰ ਅਰਜੁਨ ਕਪੂਰ ਮਲਿਆਲਮ ਫ਼ਿਲਮ ਪ੍ਰੇਮਮ ਦੇ ਰੀਮੇਕ ‘ਚ ਕੰਮ ਕਰਦਾ ਨਜ਼ਰ ਆ ਸਕਦਾ ਹੈ। ਵੈਸੇ ਅਰਜੁਨ ਕਪੂਰ ਇਨ੍ਹੀਂ ਦਿਨੀਂ ਯਸ਼ਰਾਜ ਫ਼ਿਲਮਜ਼ ਦੀ ਸੰਦੀਪ ਔਰ ਪਿੰਕੀ ਫ਼ਰਾਰ ਅਤੇ ਵਿਪੁਲ ਸ਼ਾਹ ਦੀ ਫ਼ਿਲਮ ਨਮਸਤੇ ਇੰਗਲੈਂਡ ‘ਚ ਕੰਮ ਕਰ ਰਿਹਾ ਹੈ। ਇਸ ਤੋਂ ਬਾਅਦ ਉਹ ਆਸ਼ੁਤੋਸ਼ ਗੋਵਾਰੀਕਰ ਦੀ ਫ਼ਿਲਮ ਪਾਨੀਪਤ ਦੀ ਸ਼ੂਟਿੰਗ ਸ਼ੁਰੂ ਕਰੇਗਾ। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਹੁਣ ਇੰਡਸਟਰੀ ‘ਚ ਅਰਜੁਨ ਨੂੰ ਲੈ ਕੇ ਚਰਚਾ ਚਲ ਰਹੀ ਹੈ ਕਿ ਉਸ ਦੇ ਪਿਤਾ ਬੋਨੀ ਕਪੂਰ ਨੇ ਮਲਿਆਲਮ ਭਾਸ਼ਾ ਦੀ ਸੁਪਰਹਿੱਟ ਫ਼ਿਲਮ ਪ੍ਰੇਮਮ ਦੇ ਰੀਮੇਕ ਦੇ ਸਾਰੇ ਹੱਕ ਖ਼ਰੀਦ ਲਏ ਹਨ। ਇਸ ਫ਼ਿਲਮ ‘ਚ ਮਲਿਆਲਮ ਦੇ ਸੁਪਰਸਟਾਰ ਨਿਵੀਨ ਪੌਲੀ ਨੇ ਮੁੱਖ ਭੂਮਿਕਾ ਨਿਭਾਈ ਸੀ। ਫ਼ਿਲਮ ਦੀ ਕਹਾਣੀ ‘ਚ ਇੱਕੋ ਮੁੰਡੇ ਦੀ ਜ਼ਿੰਦਗੀ ‘ਚ ਤਿੰਨ ਵਾਰ ਪਿਆਰ ਦੇ ਆਉਣ ਅਤੇ ਜਾਣ ਬਾਰੇ ਵਿਖਾਇਆ ਗਿਆ ਸੀ। ਇਹ ਫ਼ਿਲਮ ਲੋਕਾਂ ਨੂੰ ਕਾਫ਼ੀ ਪਸੰਦ ਆਈ ਸੀ। ਬੋਨੀ ਕਪੂਰ ਇਸ ਬਣਾਈ ਜਾ ਰਹੀ ਰੀਮੇਕ ਫ਼ਿਲਮ ‘ਚ ਅਰਜੁਨ ਕਪੂਰ ਨੂੰ ਹੀ ਲਵੇਗਾ। ਇਸ ਫ਼ਿਲਮ ਨੂੰ ਅਭਿਸ਼ੇਕ ਕਪੂਰ ਡਾਇਰੈਕਟ ਕਰਨ ਜਾ ਰਿਹੈ। ਉਹ ਇਸ ਤੋਂ ਪਹਿਲਾਂ ਅਰਜੁਨ ਅਤੇ ਆਲੀਆ ਦੀ ਜੋੜੀ ਨਾਲ ਫ਼ਿਲਮ 2-ਸਟੇਟਸ ਨੂੰ ਡਾਇਰੈਕਟ ਕਰ ਚੁੱਕੈ। ਅਭਿਸ਼ੇਕ ਕਪੂਰ ਨੇ ਫ਼ਿਲਮ ਦੀ ਸਕ੍ਰਿਪਟ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਅਰਜੁਨ ਆਪਣੀਆਂ ਪਹਿਲੀਆਂ ਫ਼ਿਲਮਾਂ ਦੀ ਸ਼ੂਟਿੰਗ ਖ਼ਤਮ ਹੁੰਦੇ ਹੀ ਇਸ ਫ਼ਿਲਮ ਨੂੰ ਸ਼ੁਰੂ ਕਰ ਦੇਵੇਗਾ। ਫ਼ਿਲਹਾਲ ਇਸ ਫ਼ਿਲਮ ਦੀ ਹੀਰੋਇਨ ਅਤੇ ਬਾਕੀ ਟੀਮ ਦਾ ਐਲਾਨ ਹੋਣਾ ਬਾਕੀ ਹੈ।