ਪਾਕਿ: ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਭੀੜ ਨੇ ਕੀਤੀ ਪੱਥਰਬਾਜ਼ੀ

ਲਾਹੌਰ- ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਚ ਗੁਰਦੁਆਰੇ ‘ਤੇ ਪੱਥਰਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਭੀੜ ਨੇ ਸ਼ੁੱਕਰਵਾਰ ਨੂੰ ਨਨਕਾਣਾ ਸਾਹਿਬ ਗੁਰਦੁਆਰੇ ‘ਤੇ ਪੱਥਰ ਵਰ੍ਹਾਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰੇ ਨੂੰ ਘੇਰ ਲਿਆ।
ਇਸ ਪ੍ਰਦਰਸ਼ਨ ਦੀ ਅਗਵਾਈ ਮੁਹੰਮਦ ਹਸਨ ਦੇ ਪਰਿਵਾਨ ਨੇ ਕੀਤੀ, ਜਿਸ ਨੇ ਕਥਿਤ ਤੌਰ ‘ਤੇ ਸਿੱਖ ਲੜਕੀ ਜਗਜੀਤ ਕੌਰ ਨੂੰ ਅਗਵਾ ਕੀਤਾ ਸੀ ਤੇ ਉਸ ਦਾ ਜ਼ਬਰੀ ਨਿਕਾਹ ਕੀਤਾ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਲੋਕ ਇਥੇ ਗੁਰਦੁਆਰੇ ਦੀ ਮੌਜੂਦਗੀ ਦੇ ਖਿਲਾਫ ਹਨ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਜਲਦੀ ਹੀ ਇਸ ਥਾਂ ਦਾ ਨਾਂ ਨਨਕਾਣਾ ਸਾਹਿਬ ਤੋਂ ਗੁਲਾਮ-ਏ-ਮੁਸਤਫਾ ਕਰਵਾਉਣਗੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਕੋਈ ਵੀ ਸਿੱਖ ਨਨਕਾਣਾ ਵਿਚ ਨਹੀਂ ਰਹੇਗਾ। ਘਟਨਾ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਤੇ ਕਾਰਵਾਈ ਕਰਦੇ ਹੋਏ ਪੱਥਰਬਾਜ਼ਾ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਕਈ ਲੋਕ ਗੁਰਦੁਆਰੇ ਵਿਚ ਫਸ ਗਏ।
ਕੀ ਹੈ ਮਾਮਲਾ?
ਨਨਕਾਣਾ ਸਾਹਿਬ ਗੁਰਦੁਆਰੇ ਦੇ ਗ੍ਰੰਥੀ ਦਾ ਦੋਸ਼ ਸੀ ਕਿ ਉਹਨਾਂ ਦੀ ਬੇਟੀ ਨੂੰ ਬੰਦੂਕ ਦੀ ਨੋਕ ‘ਤੇ ਅਗਵਾ ਕੀਤਾ ਤੇ ਉਸ ਦਾ ਜ਼ਬਰੀ ਨਿਕਾਹ ਕਰਵਾਇਆ ਗਿਆ। ਉਥੇ ਹੀ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਲੜਕੀ ਨੇ ਦਾਅਵਾ ਕੀਤਾ ਹੈ ਉਸ ਨੇ ਖੁਦ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕੀਤਾ ਤੇ ਹਸਨ ਨਾਲ ਨਿਕਾਹ ਕੀਤਾ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਤੋਂ ਹੀ ਸਿੱਖ ਭਾਈਚਾਰੇ ਦੇ ਲੋਕ ਗੁੱਸੇ ਵਿਚ ਹਨ। ਉਥੇ ਹੀ ਇਹ ਮਾਮਲਾ ਅਜਿਹੇ ਵੇਲੇ ਵਿਚ ਸਾਹਮਣੇ ਆਇਆ ਜਦੋਂ ਲਾਹੌਰ ਵਿਚ ਸ਼ਨੀਵਾਰ ਤੋਂ ਤਿੰਨ ਦਿਨ ਦਾ ਅੰਤਰਰਾਸ਼ਟਰੀ ਸਿੱਖ ਸੰਮੇਲਨ ਆਯੋਜਿਤ ਹੋ ਰਿਹਾ ਹੈ।