ਨਵੀਂ ਦਿੱਲੀ ਂ ਪਾਕਿਸਤਾਨ ਦੇ ਆਲਰਾਊਂਡਰ ਸ਼ਾਹਿਦ ਨੇ ਇੱਕ ਪ੍ਰੈੱਸ ਕਾਨਫ਼ਰੈਂਸ ‘ਚ ਕਿਹਾ ਕਿ ਪਾਕਿਸਤਾਨ ਕਸ਼ਮੀਰ ਨਹੀਂ ਸੰਭਾਲ ਸਕਦਾ। ਅਫ਼ਰੀਦੀ ਨੇ ਕਸ਼ਮੀਰ ਨੂੰ ਵੱਖਰਾ ਮੁਲਕ ਬਣਾਉਣ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਇੱਕ ਪ੍ਰੈੱਸ ਕਾਨਫ਼ਰੈਂਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਅਫ਼ਰੀਦੀ ਨੇ ਕਿਹਾ, ”ਪਾਕਿਸਤਾਨ ਤੋਂ ਆਪਣੇ ਲੋਕ ਤਾਂ ਸੰਭਾਲੇ ਨਹੀਂ ਜਾ ਰਹੇ, ਉਹ ਕਸ਼ਮੀਰ ਕੀ ਸੰਭਾਲੇਗਾ? ਉਸ ਨੇ ਕਿਹਾ, ”ਕਸ਼ਮੀਰ ਕੋਈ ਇਸ਼ੂ ਨਹੀਂ ਹੈ। ਮੈਂ ਕਹਿੰਦਾ ਹਾਂ ਪਾਕਿਸਤਾਨ ਨੂੰ ਨਹੀਂ ਚਾਹੀਦਾ ਕਸ਼ਮੀਰ … ਭਾਰਤ ਨੂੰ ਵੀ ਨਾ ਦਿਓ ਕਸ਼ਮੀਰ। ਕਸ਼ਮੀਰ ਇੱਕ ਵੱਖਰਾ ਮੁਲਕ ਬਣੇ ਤਾਂ ਕਿ ਘੱਟੋ ਘੱਟ ਇਨਸਾਨੀਅਤ ਤਾਂ ਜ਼ਿੰਦਾ ਰਹੇ … ਇਨਸਾਨ ਜੋ ਮਰ ਰਹੇ ਹਨ ਚਾਹੇ ਉਹ ਕਿਸੇ ਵੀ ਮਜ਼ਹਬ ਦੇ ਹੋਣ ਤਕਲੀਫ਼ ਹੁੰਦੀ ਹੈ।”
ਪਹਿਲਾਂ ਵੀ ਦੇ ਚੁੱਕੈ ਕਸ਼ਮੀਰ ਦੇ ਹੱਕ ‘ਚ ਬਿਆਨ
ਵੈਸੇ ਇਹ ਪਹਿਲਾ ਮੌਕਾ ਨਹੀਂ ਜਦੋਂ ਸ਼ਾਹਿਦ ਅਫ਼ਰੀਦੀ ਨੇ ਕਸ਼ਮੀਰ ‘ਤੇ ਬਿਆਨ ਦਿੱਤਾ ਹੋਵੇ। ਇਸ ਤੋਂ ਪਹਿਲਾਂ ਵੀ ਉਹ ਬਿਆਨ ਦੇ ਕੇ ਕਾਫ਼ੀ ਵਿਵਾਦ ਝੱਲ ਚੁੱਕਾ ਹੈ। ਉਸ ਨੇ ਇਸੇ ਸਾਲ ਅਪ੍ਰੈਲ ‘ਚ ਟਵੀਟ ਕਰ ਕੇ ਜੰਮੂ-ਕਸ਼ਮੀਰ ‘ਚ ਭਾਰਤੀ ਸੈਨਾ ਦੀਆਂ ਅਤਿਵਾਦ ਰੋਕੂ ਮੁਹਿੰਮਾਂ ਤਹਿਤ ਮਾਰੇ ਗਏ 13 ਅਤਿਵਾਦੀਆਂ ਲਈ ਅਫ਼ਰੀਦੀ ਨੇ ਹਮਦਰਦੀ ਜਤਾਈ ਸੀ। ਭਾਰਤ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਸਥਿਤੀ ਬੈਚੇਨ ਕਰਨ ਵਾਲੀ ਹੈ। ਇੱਥੇ ਆਜ਼ਾਦੀ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ। ਮੈਂ ਹੈਰਾਨ ਹਾਂ ਕਿ ਸੰਯੁਕਤ ਰਾਸ਼ਟਰ ਅਤੇ ਬਾਕੀ ਅੰਤਰਰਾਸ਼ਟਰੀ ਸੰਗਠਨ ਕਿੱਥੇ ਹਨ? ਉਹ ਇਸ ਖ਼ੂਨੀ ਸੰਘਰਸ਼ ਨੂੰ ਰੋਕਣ ਲਈ ਕੁੱਝ ਕਿਉਂ ਨਹੀਂ ਕਰ ਰਹੇ? ਇਸ ਟਿੱਪਣੀ ‘ਤੇ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਸਮੇਤ ਤਮਾਮ ਨੇਤਾਵਾਂ ਅਤੇ ਸੈਲੇਬ੍ਰਿਟੀਜ਼ ਨੇ ਅਫ਼ਰੀਦੀ ਨੂੰ ਨਿਸ਼ਾਨਾ ਬਣਾਇਆ ਸੀ।
2017 ‘ਚ ਵੀ ਕੀਤਾ ਸੀ ਟਵੀਟ
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਫ਼ਰੀਦੀ ਨੇ ਕਸ਼ਮੀਰ ਦਾ ਮੁੱਦਾ ਉਠਾਇਆ ਹੋਵੇ। ਪਿਛਲੇ ਸਾਲ ਵੀ ਉਸ ਨੇ ਅਜਿਹਾ ਹੀ ਇੱਕ ਟਵੀਟ ਕੀਤਾ ਸੀ। ਓਦੋਂ ਅਫ਼ਰੀਦੀ ਨੇ ਲਿਖਿਆ ਸੀ, ”ਕਸ਼ਮੀਰ ਪਿਛਲੇ ਕਈ ਦਹਾਕਿਆਂ ਤੋਂ ਹੈਵਾਨੀਅਤ ਦਾ ਸ਼ਿਕਾਰ ਹੋ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਇਸ ਮੁੱਦੇ ਨੂੰ ਸੁਲਝਾਇਆ ਜਾਵੇ ਜਿਸ ਨੇ ਕਈ ਲੋਕਾਂ ਦੀ ਜਾਨ ਲਈ ਹੈ।” ਦੂਜੇ ਟਵੀਟ ‘ਚ ਉਸ ਨੇ ਲਿਖਿਆ ਸੀ, ”ਕਸ਼ਮੀਰ ਧਰਤੀ ‘ਤੇ ਸਵਰਗ ਹੈ ਅਤੇ ਅਸੀਂ ਮਾਸੂਮਾਂ ਦੀ ਪੁਕਾਰ ਨੂੰ ਅਣਦੇਖਿਆ ਨਹੀਂ ਕਰ ਸਕਦੇ।”











