ਪਾਕਿਸਤਾਨ ਸਰਕਾਰ ਨੇ ਇਮਰਾਨ ਖਾਨ ਦੀ ਪਾਰਟੀ ਨਾਲ ਗੱਲਬਾਤ ਲਈ ਕਮੇਟੀ ਕੀਤੀ ਗਠਿਤ

ਇਸਲਾਮਾਬਾਦ – ਪਾਕਿਸਤਾਨ ਸਰਕਾਰ ਨੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਨਾਲ ਰਸਮੀ ਗੱਲਬਾਤ ਸ਼ੁਰੂ ਕਰਨ ਲਈ ਐਤਵਾਰ ਨੂੰ ਇਕ ਕਮੇਟੀ ਦਾ ਗਠਨ ਕੀਤਾ। ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਪੀ. ਟੀ. ਆਈ. ਨੇ ਸਿਵਲ ਨਾਫਰਮਾਨੀ ਅੰਦੋਲਨ ਦੀ ਧਮਕੀ ਦਿੱਤੀ ਹੈ।
ਸਰਕਾਰੀ ਬਿਆਨ ਮੁਤਾਬਕ ਕਮੇਟੀ ’ਚ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਕ ਡਾਰ, ਪ੍ਰਧਾਨ ਮੰਤਰੀ ਦੇ ਸਿਆਸੀ ਸਹਿਯੋਗੀ ਰਾਣਾ ਸਨਾਉੱਲ੍ਹਾ, ਸਿੱਖਿਆ ਮੰਤਰੀ ਖਾਲਿਦ ਮਕਬੂਲ ਸਿੱਦੀਕੀ, ਨਿੱਜੀਕਰਨ ਮੰਤਰੀ ਅਲੀਮ ਖਾਨ, ਧਾਰਮਿਕ ਮਾਮਲਿਆਂ ਬਾਰੇ ਮੰਤਰੀ ਚੌਧਰੀ ਸਾਲਿਕ ਹੁਸੈਨ ਅਤੇ ਸੰਸਦ ਮੈਂਬਰ ਇਰਫਾਨ ਸਿੱਦੀਕੀ ਸ਼ਾਮਲ ਹਨ।