ਇਸਲਾਮਾਬਾਦ – ਪਾਕਿਸਤਾਨ ਅੱਤਵਾਦੀਆਂ ਦੇ ਸਾਹਮਣੇ ਮਜਬੂਰ ਨਜ਼ਰ ਆ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ (ਟੀ. ਟੀ. ਪੀ.) ’ਤੇ ਰੋਕ ਲਗਾਉਣ ਲਈ ਅਫਗਾਨ ਤਾਲਿਬਾਨ ਦੇ ਪ੍ਰਮੁੱਖ ਨੇਤਾ ਹਿਬਤੁੱਲਾਹ ਅਖੁੰਦਜਾਦਾ ਦੀ ਮਦਦ ਮੰਗੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ’ਚ ਅੱਤਵਾਦੀ ਹਮਲੇ ਵਧੇ ਹਨ। ਹਾਲ ਹੀ ਦੇ ਦਿਨਾਂ ’ਚ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ’ਤੇ ਖੈਬਰ ਪਖਤੂਨਖਵਾ ਤੇ ਬਲੋਚਿਸਤਾਨ ਸੂਬੇ ’ਚ ਟੀ. ਟੀ. ਪੀ. ਨੇ ਕਈ ਹਮਲਿਆਂ ਨੂੰ ਅੰਜਾਮ ਦਿੱਤਾ ਹੈ। ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ’ਚ 101 ਲੋਕ ਮਾਰੇ ਗਏ ਸਨ। ਟੀ. ਟੀ. ਪੀ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਪਾਕਿ ਮੀਡੀਆ ਮੁਤਾਬਕ ਸ਼ੁੱਕਰਵਾਰ ਨੂੰ ਚੋਟੀ ਕਮੇਟੀ ਦੀ ਮੀਟਿੰਗ ਦੌਰਾਨ ਪਾਕਿਸਤਾਨ ਦੀ ਫੌਜੀ ਅਗਵਾਈ ਨੇ ਟੀ. ਟੀ. ਪੀ. ਦੇ ਹਮਲਿਆਂ ਨੂੰ ਰੋਕਣ ਲਈ ਅਫਗਾਨ ਤਾਲਿਬਾਨ ਮੁਖੀ ਹਿਬਤੁੱਲਾਹ ਅਖੁੰਦਜਾਦਾ ਦੀ ਦਖ਼ਲਅੰਦਾਜ਼ੀ ਦੀ ਮੰਗ ਕਰਨ ਦਾ ਫ਼ੈਸਲਾ ਲਿਆ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਮੀਟਿੰਗ ’ਚ ਭਾਗ ਲੈਣ ਵਾਲੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾਹ ਨੇ ਕਿਹਾ ਕਿ ਪੇਸ਼ਾਵਰ ਮਸਜਿਦ ਹਮਲੇ ’ਚ ਮਾਸਟਰਮਾਈਂਡ ਅਫਗਾਨਿਸਤਾਨ ’ਚ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਆਪਣੇ ਅਫਗਾਨ ਹਮਰੁੱਬਿਆਂ ਦੇ ਨਾਲ ਇਸ ਮੁੱਦੇ ਨੂੰ ਉਠਾਏਗੀ।















