
ਕਰਾਚੀ – ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਉਮਰ ਗੁੱਲ ਨੇ ਸ਼ਨੀਵਾਰ ਨੂੰ ਰਾਸ਼ਟਰੀ T-20 ਕੱਪ ਦੇ ਸਮਾਪਤ ਹੋਣ ਤੋਂ ਬਾਅਦ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ। ਗੁੱਲ ਨੇ ਪਾਕਿਸਤਾਨ ਵਲੋਂ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ (ਵਨਡੇ) 2016 ਵਿੱਚ ਖੇਡਿਆ ਸੀ। ਉਹ ਰਾਸ਼ਟਰੀ T-20 ਕੱਪ ਵਿੱਚ ਬਲੂਚਿਸਤਾਨ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਦੀ ਟੀਮ ਸ਼ੁੱਕਰਵਾਰ ਨੂੰ ਰਾਵਲਪਿੰਡੀ ਵਿੱਚ ਸਦਰਨ ਪੰਜਾਬ ਤੋਂ ਹਾਰ ਕੇ ਸੈਮੀਫ਼ਾਇਨਲ ਦੀ ਦੋੜ ਤੋਂ ਬਾਹਰ ਹੋ ਗਈ।
ਗ਼ੁੱਲ ਨੇ ਆਪਣੇ ਟਵਿਟਰ ਪੇਜ਼ ‘ਤੇ ਲਿਖਿਆ, ”ਭਾਰੀ ਮਨ ਨਾਲ ਅਤੇ ਕਾਫ਼ੀ ਸੋਚ ਵਿਚਾਰ ਕਰਣ ਦੇ ਬਾਅਦ ਮੈਂ ਰਾਸ਼ਟਰੀ T-20 ਕੱਪ ਦੇ ਬਾਅਦ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।” ਉਨ੍ਹਾਂ ਕਿਹਾ, ”ਮੈਂ ਹਮੇਸ਼ਾ ਪਾਕਿਸਤਾਨ ਲਈ ਪੂਰੇ ਜਨੂੰਨ ਅਤੇ ਜਜ਼ਬੇ ਨਾਲ ਖੇਡਿਆ। ਕ੍ਰਿਕਟ ਹਮੇਸ਼ਾ ਮੇਰਾ ਪਹਿਲਾ ਪਿਆਰ ਰਹੇਗਾ, ਪਰ ਸਾਰੀਆਂ ਚੰਗੀਆਂ ਚੀਜ਼ਾਂ ਦਾ ਇੱਕ ਨਾ ਇੱਕ ਦਿਨ ਅੰਤ ਹੁੰਦਾ ਹੈ।”
ਪੇਸ਼ਾਵਰ ਵਿੱਚ ਜੰਮੇ 36 ਸਾਲਾ ਗੁੱਲ ਨੇ 2003 ਵਿੱਚ ਵਨਡੇ ਵਿੱਚ ਸ਼ੁਰੂਆਤ ਕੀਤੀ। ਉਸੇ ਸਾਲ ਉਨ੍ਹਾਂ ਨੇ ਆਪਣਾ ਪਹਿਲਾ ਟੈੱਸਟ ਮੈਚ ਖੇਡਿਆ। ਉਨ੍ਹਾਂ ਨੇ ਆਪਣਾ ਆਖ਼ਰੀ ਟੈੱਸਟ ਦੱਖਣੀ ਅਫ਼ਰੀਕਾ ਖ਼ਿਲਾਫ਼ 2013 ਵਿੱਚ ਖੇਡਿਆ ਸੀ। ਗੁੱਲ ਨੇ 47 ਟੈੱਸਟ ਮੈਚਾਂ ਵਿੱਚ 34.06 ਦੀ ਔਸਤ ਨਾਲ 163 ਵਿਕਟਾਂ ਲਈਆਂ। ਉਨ੍ਹਾਂ ਨੇ 130 ਵਨਡੇ ਵਿੱਚ 179 ਵਿਕਟਾਂ ਅਤੇ 60 T-20 ਅੰਤਰਰਾਸ਼ਟਰੀ ਵਿੱਚ 85 ਵਿਕਟਾਂ ਲਈਆਂ।
2003 ਵਿੱਚ ਮਿਲਿਆ ਸੀ ਮੌਕਾ
ਸਾਲ 2003 ਵਰਲਡ ਕੱਪ ਵਿੱਚ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਉਮਰ ਗੁੱਲ ਨੂੰ ਪਹਿਲੀ ਵਾਰ ਟੀਮ ਵਿੱਚ ਮੌਕਾ ਮਿਲਿਆ ਸੀ। ਇਹ ਉਹ ਦੌਰ ਸੀ ਜਦੋਂ ਵਸੀਮ ਅਕਰਮ ਅਤੇ ਵਕਾਰ ਯੂਨੁਸ ਵਰਗੇ ਦਿੱਗਜ ਗੇਂਦਬਾਜ ਦਾ ਜਲਵਾ ਹੌਲੀ-ਹੌਲੀ ਖ਼ਤਮ ਹੋ ਰਿਹਾ ਸੀ। ਕ੍ਰਿਕੇਟ ਦੇ ਸਾਰੇ ਫ਼ੌਰਮੈਟਾਂ ਵਿੱਚ ਗੁੱਲ ਨੇ ਕੁੱਲ ਮਿਲਾ ਕੇ 987 ਵਿਕਟਾਂ ਲਈਆਂ। ਉਮਰ ਗੁੱਲ ਯੌਰਕਰ ਸੁੱਟਣ ਵਿੱਚ ਮਾਹਿਰ ਸੀ। ਵੱਡੇ ਤੋਂ ਵੱਡਾ ਬੱਲੇਬਾਜ਼ ਉਸ ਦੀ ਯਾਰਕਰ ਅੱਗੇ ਸਰੰਡਰ ਕਰ ਦਿੰਦਾ ਸੀ। ਗੁੱਲ ਨੇ ਉਨ੍ਹਾਂ ਦਿਨਾਂ ਵਿੱਚ ਯੁਵਰਾਜ ਸਿੰਘ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਟੈੱਸਟ, ਵਨਡੇ ਅਤੇ T-20 ਦੇ ਕੁੱਲ 22 ਮੈਚਾਂ ਵਿੱਚ ਇਨ੍ਹਾਂ ਦੋਵਾਂ ਦਾ ਸਾਹਮਣਾ ਹੋਇਆ ਅਤੇ ਇਸ ਦੌਰਾਨ ਉਨ੍ਹਾਂ ਨੇ ਯੁਵਰਾਜ ਸਿੰਘ ਨੂੰ ਛੇ ਵਾਰ ਆਊਟ ਕੀਤਾ।












