ਸੁਲਤਾਨਪੁਰ ਲੋਧੀ : ਪੰਜਾਬ ਦੇ ਗੰਧਲੇ ਹੋ ਚੁੱਕੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਪਵਿੱਤਰ ਕਾਲੀ ਵੇਈਂ ਦੀ 16ਵੀਂ ਵਰ੍ਹੇਗੰਢ ਮਨਾਉਣ ਦੀਆਂ ਤਿਆਰੀਆਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ ਜ਼ੋਰਾਂ ‘ਤੇ ਚੱਲ ਰਹੀਆਂ ਹਨ।ਇਹ ਵਰ੍ਹੇਗੰਢ 16 ਜੁਲਾਈ ਨੂੰ ਨਿਰਮਲ ਕੁਟੀਆ ਪਵਿੱਤਰ ਵੇਈਂ ਕਿਨਾਰੇ ਮਨਾਈ ਜਾ ਰਹੀ ਹੈ। ਇੰਨ੍ਹਾਂ ਤਿਆਰੀਆਂ ਸਬੰਧੀ ਦੱਸਦਿਆ ਨਿਰਮਲ ਕੁਟੀਆ ਦੇ ਬੁਲਾਰੇ ਸੰਤ ਸੁਖਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਦੀਆਂ ਸੰਗਤਾਂ ਨਿਰਮਲ ਕੁਟੀਆ ਸੀਚੇਵਾਲ ਆ ਕੇ ਤਿਆਰੀਆਂ ਕਰ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਸੰਨ ਜੁਲਾਈ 2000 ਦੀ ਸਾਉਣ ਦੀ ਸੰਗਰਾਂਦ ਵਾਲੇ ਦਿਨ ਸ਼ੁਰੂ ਹੋਈ ਜਿਸ ਨੂੰ ੧੬ ਜੁਲਾਈ ਨੂੰ 16 ਸਾਲ ਹੋ ਜਾਣਗੇ।ਉਨ੍ਹਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਸੰਤ ਸੀਚੇਵਾਲ ਜੀ ਨੇ ਕਾਰ ਸੇਵਾ ਕਰਦਿਆ ਜੋ ਵਾਤਾਵਰਣ ਦੀ ਲਹਿਰ ਖੜੀ ਕਰ ਦਿੱਤੀ ਹੈ ਉਸ ਦੀ ਚਰਚਾ ਹੁਣ ਦੇਸ਼ –ਵਿਦੇਸ਼ ਵਿੱਚ ਵਾਤਾਵਰਣ ਦੇ ਮਾਹਰਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਕਿਸੇ ਵੀ ਵੱਡੇ ਤੋਂ ਵੱਡੇ ਕਾਰਜ ਨੂੰ ਸਹਿਜ ‘ਚ ਕੀਤਾ ਜਾ ਸਕਦਾ ਹੈ।ਸਮਾਗਮਾਂ ਦੀਆਂ ਤਿਆਰੀਆਂ ਵਿੱਚ ਲੱਗੇ ਸੇਵਾਦਾਰਾਂ ਜਿੱਥੇ ਰੰਗ ਰੋਗਨ ਕਰ ਰਹੇ ਹਨ ਉਥੇ ਕੁਝ ਦਿਨ ਪਹਿਲਾ ਵੇਈਂ ਵਿੱਚ ਬੂਟੀ ਕੱਢਕੇ ਇਸ ਦੇ ਘਾਟਾਂ ਨੂੰ ਵੀ ਸਵਾਰਿਆਂ ਜਾ ਰਿਹਾ ਹੈ।ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ੧੬ ਜੁਲਾਈ ਨੂੰ ਕੀਤੇ ਜਾਣ ਵਾਲੇ ਸਮਾਗਮ ਵਿੱਚ ਪੰਜਾਬ ਦੇ ਵਾਤਾਵਰਣ ਸਬੰਧੀ ਵਿਚਾਰਾਂ ਹੋਣਗੀਆਂ ਤੇ ਵੱਡੀ ਪੱਧਰ ‘ਤੇ ਸੰਗਤਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾਵੇਗਾ। ਸਮਾਗਮਾਂ ਦੀਆਂ ਤਿਆਰੀਆਂ ਦੇ ਚੱਲਦੇ ਕਾਰਜਾਂ ਦੀ ਨਿਗਰਾਨੀ ਕਰਨ ਲਈ ਗੁਰਦੁਆਰਾ ਟਾਹਲੀ ਸਾਹਿਬ ਤੋਂ ਮੁੱਖ ਸੇਵਾਦਾਰ ਸੰਤ ਦਇਆ ਸਿੰਘ ਜੀ ਉਚੇਚੇ ਤੌਰ ‘ਤੇ ਪਧਾਰੇ। ਉਨ੍ਹਾਂ ਨਾਲ ਸੰਤ ਸੁਖਜੀਤ ਸਿੰਘ ਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ।















