ਪਰੇਸ਼ ਰਾਵਲ ਨੂੰ ਬਾਲੀਵੁੱਡ ਦੇ ਕੁੱਝ ਚੰਗੇ ਅਦਾਕਾਰਾ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਸੰਜੇ ਦੱਤ ਦੀ ਬਾਇਓਪਿਕ ‘ਸੰਜੂ” ਚ ਵੀ ਪਰੇਸ਼ ਰਾਵਲ ਨੇ ਸੰਜੈ ਦੱਤ ਦੇ ਪਿਤਾ ਸੁਨੀਲ ਦੱਤ ਦਾ ਕਿਰਦਾਰ ਨਿਭਾਇਆ ਹੈ। ਇਸ ਤੋਂ ਇਲਾਵਾ ਹੁਣ ਉਹ ਇੱਕ ਹੋਰ ਬਾਇਓਪਿਕ ‘ਚ ਨਜ਼ਰ ਆਉਣ ਵਾਲਾ ਹੈ। ਹਾਲ ਹੀ ‘ਚ ਇਹ ਫ਼ਾਈਨਲ ਹੋ ਗਿਆ ਹੈ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ ‘ਚ ਮੋਦੀ ਦਾ ਕਿਰਦਾਰ ਨਿਭਾਵੇਗਾ। ਸੂਤਰਾਂ ਦੇ ਮੁਤਾਬਕ ਪਰੇਸ਼ ਰਾਵਲ ਨੇ ਦੱਸਿਆ ਹੈ ਕਿ ਅਜੇ ਤਾਂ ਫ਼ਿਲਮ ਦੀ ਸਕ੍ਰਿਪਟ ਤਿਆਰ ਹੋ ਰਹੀ ਹੈ ਅਤੇ ਸਤੰਬਰ ਜਾਂ ਅਕਤੂਬਰ ਦੇ ਆਲੇ-ਦੁਆਲੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਵੇਗੀ। ਪਰੇਸ਼ ਰਾਵਲ ਦਾ ਇਹ ਵੀ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਿਰਦਾਰ ਨਿਭਾਉਣਾ ਉਸ ਲਈ ਕਾਫ਼ੀ ਚੁਣੌਤੀਪੂਰਨ ਹੋਵੇਗਾ। ਜਾਣਕਾਰੀ ਇਹ ਵੀ ਮਿਲੀ ਹੈ ਕਿ ਇਸ ਫ਼ਿਲਮ ਨੂੰ ਪਰੇਸ਼ ਰਾਵਲ ਖ਼ੁਦ ਹੀ ਪ੍ਰੋਡਿਊਸ ਕਰ ਰਿਹਾ ਹੈ। ਖ਼ੈਰ, ਹੁਣ ਤਾਂ ਦਰਸ਼ਕਾਂ ਨੂੰ ਬੱਸ ਇਹੀ ਦੇਖਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਕਿ ਰਾਵਲ ਪ੍ਰਧਾਨ ਮੰਤਰੀ ਦੇ ਰੂਪ ‘ਚ ਕਿਹੋ ਜਿਹਾ ਲੱਗੇਗਾ। ਉਮੀਦ ਹੈ ਕਿ ਇਹ ਫ਼ਿਲਮ ਜਲਦੀ ਤਿਆਰ ਹੋ ਜਾਵੇਗੀ। ਇਸ ਤੋਂ ਇਲਾਵਾ ਪਰੇਸ਼ ਰਾਵਲ ਨੂੰ ਸੁਪਰਹਿੱਟ ਕੌਮੇਡੀ ਫ਼ਿਲਮ ਹੇਰਾ ਫ਼ੇਰੀ ਦੇ ਤੀਜੇ ਭਾਗ ਲਈ ਵੀ ਫ਼ਾਈਨਲ ਕੀਤਾ ਗਿਆ ਹੈ। ਫ਼ਿਲਮ ਦੇ ਪਹਿਲੇ ਦੋ ਭਾਗਾਂ ਵਾਂਗ ਹੀ ਇਸ ਵਾਰ ਵੀ ਅਕਸ਼ੈ ਕੁਮਾਰ, ਸੁਨੀਲ ਸ਼ੈੱਟੀ ਅਤੇ ਪਰੇਸ਼ ਰਾਵਲ ਦੀ ਤਿੱਕੜੀ ਇਸ ‘ਚ ਦਰਸ਼ਕਾਂ ਨੂੰ ਨਜ਼ਰ ਆਵੇਗੀ। ਇਸ ਫ਼ਿਲਮ ਦਾ ਐਲਾਨ ਕੁੱਝ ਦਿਨ ਪਹਿਲਾਂ ਹੀ ਹੋਇਆ ਹੈ।