ਪ੍ਰਸ਼ੰਸਕਾਂ ਦੇ ਪਸੰਦੀਦਾ ਬੌਲੀਵੁਡ ਅਦਾਕਾਰ ਸਲਮਾਨ ਖ਼ਾਨ ਦਾ ਦਿਲ ਕਿਸੇ ‘ਤੇ ਆ ਗਿਆ ਹੈ, ਪਰ ਉਹ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਪਾਉਣ ‘ਚ ਨਾਕਾਮਯਾਬ ਹੈ। ਦੱਸ ਦੇਈਏ ਕਿ ਇਸ ਵਾਰ ਭਾਈਜਾਨ ਦਾ ਦਿਲ ਕਿਸੇ ਖ਼ੂਬਸੂਰਤ ਕੁੜੀ ‘ਤੇ ਨਹੀਂ ਸਗੋਂ ਇੱਕ ਤੇਜਸਵੀ ਘੋੜੇ ਪਰਮਵੀਰ ‘ਤੇ ਆ ਗਿਆ ਹੈ ਜਿਸ ਦੀ ਉਹ ਹਰ ਵੱਡੀ ਤੋਂ ਵੱਡੀ ਕੀਮਤ ਚੁਕਾਉਣ ਨੂੰ ਤਿਆਰ ਹੈ, ਪਰ ਘੋੜੇ ਦਾ ਮਾਲਕ ਉਸ ਨੂੰ ਵੇਚਣ ਲਈ ਤਿਆਰ ਨਹੀਂ।
ਦਰਅਸਲ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ‘ਚ ਹੌਰਸ ਬਰੀਡਰਜ਼ ਪ੍ਰਤੀਯੋਗਿਤਾ ਚੱਲ ਰਹੀ ਹੈ। ਇਸ ਪ੍ਰਤੀਯੋਗਿਤਾ ‘ਚ ਭੈਂਸਡਾ ਸਟੱਡ ਫ਼ਾਰਮ ਅਹਿਮਦਾਬਾਦ (ਗੁਜਰਾਤ) ਤੋਂ ਰੰਜੀਤ ਸਿੰਘ ਰਾਠੌਰ ਆਪਣੇ ਦੋ ਘੋੜਿਆਂ ਨੂੰ ਲੈ ਕੇ ਆਇਆ ਹੈ ਜਿਨ੍ਹਾਂ ‘ਚੋਂ ਇੱਕ ਘੋੜੇ ਦਾ ਨਾਂ ਪਰਮਵੀਰ ਹੈ ਇਹ ਘੋੜਾ ਬਹੁਤ ਬਲਵਾਨ ਹੈ। ਇਸ ਘੋੜੇ ਦੀ ਕੀਮਤ ਇੱਕ ਕਰੋੜ ਰੁਪਏ ਹੈ ਅਤੇ ਸਲਮਾਨ ਖ਼ਾਨ ਇਹ ਕੀਮਤ ਦੇਣ ਨੂੰ ਵੀ ਤਿਆਰ ਹੈ। ਸਲਮਾਨ ਖ਼ਾਨ ਦੀ ਟੀਮ ਨੇ ਰੰਜੀਤ ਸਿੰਘ ਨੂੰ ਔਫ਼ਰ ਵੀ ਦਿੱਤਾ, ਪਰ ਉਸ ਨੇ ਪਰਮਵੀਰ ਨੂੰ ਵੇਚਣ ਤੋਂ ਮਨ੍ਹਾ ਕਰ ਦਿੱਤਾ। ਵੈਸੇ ਹਾਲੇ ਵੀ ਸਲਮਾਨ ਖ਼ਾਨ ਦੀ ਟੀਮ ਇਸ ਨੂੰ ਖ਼ਰੀਦਣ ਦੀ ਕੋਸ਼ਿਸ਼ ‘ਚ ਹੈ।
ਦੱਸ ਦੇਈਏ ਕਿ ਪਰਮਵੀਰ ਮਾਰਵਾੜੀ ਨਸਲ ਦਾ ਘੋੜਾ ਹੈ ਅਤੇ ਇਹ ਕਾਲੇ ਰੰਗ ਦਾ ਹੈ। ਇਸ ਦੀ ਉੱਚਾਈ 65 ਇੰਚ ਤੋਂ ਜ਼ਿਆਦਾ ਹੈ। ਪਿਛਲੇ ਸਾਲ ਰਿਲਾਇੰਸ ਗਰੁੱਪ ਨੇ ਪਰਮਵੀਰ ਦੀ ਕੀਮਤ ਇੱਕ ਕਰੋੜ ਰੁਪਏ ਲਗਾਈ ਸੀ। ਪਰਮਵੀਰ ਦੀ ਖ਼ੁਰਾਕ ‘ਤੇ ਰੋਜ਼ਾਨਾ ਔਸਤਨ 1,800 ਤੋਂ 2000 ਰੁਪਏ ਦਾ ਖ਼ਰਚਾ ਆਉਂਦਾ ਹੈ।












